Headlines

ਐਬਸਫੋਰਡ ਵਿਖੇ ਮੇਲਾ ਪੰਜਾਬੀਆਂ ਦਾ ਅਮਰ ਨੂਰੀ ਤੇ ਉਸਦੇ ਬੇਟਿਆਂ ਦੇ ਨਾਮ ਰਿਹਾ

ਐਬਸਫੋਰਡ ( ਦੇ ਪ੍ਰ ਬਿ)- ਬੀਤੇ ਐਤਵਾਰ ਨੂੰ ਵੈਲੀ ਯੁਨਾਈਟਡ ਕਲਚਰਲ ਕਲੱਬ ਵਲੋਂ ਹਰ ਸਾਲ ਦੀ ਤਰਾਂ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ ਮੇਲਾ ਪੰਜਾਬੀਆਂ ਦਾ ਧੂਮਧਾਮ ਨਾਲ ਮਨਾਇਆ ਗਿਆ। ਮੇਲੇ ਦੇ ਮੁੱਖ ਪ੍ਰਬੰਧਕਾਂ ਜਤਿੰਦਰ ਸਿੰਘ ਹੈਪੀ ਗਿੱਲ, ਹਰਜੋਤ ਸਿੰਘ ਸੰਧੂ, ਬਲਰਾਜ ਗਗੜਾ, ਰਾਜਿੰਦਰ ਸਿੰਘ ਹਿੱਸੋਵਾਲ, ਜਗਤਾਰ ਚਾਹਲ, ਰਣਜੀਤ ਸੰਧੂ, ਸੁਰਿੰਦਰਪਾਲ ਗਰੇਵਾਲ, ਗੁਰਵਿੰਦਰ ਸੇਖੋ, ਗੁਰਪ੍ਰੀਤ ਬਰਾੜ, ਮਨਜਿੰਦਰ ਪੰਨੂ ਤੇ ਹੋਰਾਂ ਦੇ ਉਦਮ ਸਦਕਾ ਮੇਲੇ ਵਿਚ ਪੰਜਾਬ ਤੋ  ਪੁੱਜੇ ਨਾਮਵਰ ਗਾਇਕਾਂ ਤੇ ਕਲਾਕਾਰਾਂ ਨੇ ਆਪਣੇ ਫਨ ਦਾ ਮੁਜ਼ਾਹਰਾ ਕਰਦਿਆਂ ਦਰਸ਼ਕਾਂ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਇਹਨਾਂ ਕਲਾਕਾਰਾਂ ਵਿਚ ਸੁਖਵਿੰਦਰ ਸੁੱਖੀ, ਜਸਵੀਰ ਸ਼ੀਰਾ, ਵਿੱਕੀ ਧਾਲੀਵਾਲ, ਸੁਰਿੰਦਰ ਭਲਵਾਨ, ਬੌਬੀ ਭੁੱਲਰ, ਦੀਪ ਕੌਰ ਤੇ ਕੌਰ ਮਨਦੀਪ ਨੇ ਜਿਥੇ ਆਪਣੀ ਹਾਜ਼ਰੀ ਭਰੀ ਉਥੇ ਪ੍ਰਸਿੱਧ ਗਾਇਕਾ ਤੇ ਅਦਾਕਾਰਾ ਅਮਰ ਨੂਰੀ ਤੇ ਉਹਨਾਂ ਦੇ ਬੇਟਿਆਂ ਸਾਰੰਗ ਸਿਕੰਦਰ ਅਤੇ ਅਲਾਪ ਸਿਕੰਦਰ ਦੀ ਪੇਸ਼ਕਾਰੀ ਮੇਲੇ ਦੀ ਸਿਖਰ ਹੋ ਨਿਬੜੀ। ਸਾਰੰਗ ਤੇ ਅਲਾਪ ਨੇ ਤੇਰਾ ਲਿਖਦੂੰ ਸਫੈਦਿਆਂ ਤੇ ਨਾਂ ਹਾਏ ਨੀ ਜੀਟੀ ਰੋਡ ਦੇ ਉਤੇ, ਜੇ ਉੰਜ ਗਿਰਦੀ ਤਾਂ ਚੁੱਕ ਲੈਂਦੇ, ਨਜ਼ਰਾਂ ਤੋਂ ਗਿਰ ਗਈ ਕੀ ਕਰੀਏ, ਜਿਨੇ ਮੇਰਾ ਦਿਲ ਲੁੱਟਿਆ, ਹਾਸੇ ਨਾਲ ਸੀ ਚਲਾਵਾਂ ਫੁਲ ਮਾਰਿਆਂ ਸਮੇਤ ਕਈ ਸਦਾਬਹਾਰ ਗੀਤਾਂ ਨੂੰ ਗਾਕੇ ਆਪਣੇ ਮਰਹੂਮ ਪਿਤਾ ਦੀ ਯਾਦ ਨੂੰ ਤਾਜ਼ਾ ਕੀਤਾ।

ਅਮਰ ਨੂਰੀ ਨੇ ਆਪਣੇ ਗਾਇਕ ਪਤੀ ਸਰਦੂਲ ਸਿਕੰਦਰ ਦੇ ਸਦੀਵੀ ਵਿਛੋੜੇ ਉਪਰੰਤ ਪਹਿਲੀ ਵਾਰ ਮੰਚ ਉਪਰ ਗਾਇਕੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੁੰਡਿਆਂ ਤੇ ਬੁੜਿਆਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਉਹਨਾਂ ਸਵਰਗੀ ਸਰਦੂਲ ਸਿਕੰਦਰ ਨਾਲ ਆਪਣੇ ਹਿੱਟ ਗੀਤਾਂ ਨੂੰ ਸਰੋਤਿਆਂ ਦੀ ਫਰਮਾਇਸ਼ ਤੇ ਗਾ ਕੇ ਸੁਣਾਇਆ। ਉਹਨਾਂ ਲੋਕਾਂ ਵਲੋਂ ਦਿੱਤੇ ਜਾ ਰਹੇ ਪਿਆਰ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਮੰਚ ਉਪਰ ਮਹਿਸੂਸ ਹੁੰਦਾ ਹੈ ਜਿਵੇਂ ਸਰਦੂਲ ਸਿਕੰਦਰ ਦੀ ਰੂਹ ਉਸਦੇ ਨਾਲ ਗਾ ਰਹੀ ਹੋਵੇ। ਉਹਨਾਂ ਆਪਣੇ ਹਿੱਟ ਗੀਤਾਂ- ਨਛੱਤਰਾਂ ਲੈ ਆਈ ਵੇ ਇਕ ਸਾਬਣ ਦੀ ਟਿੱਕੀ ਤੋ ਲੈਕੇ ਭਾਬੀ ਮੇਰੀ ਗੁੱਤ ਕਰਦੇ, ਮੇਰੇ ਨਚਦੀ ਦੇ ਖੁੱਲਗੇ ਵਾਲ, ਮੇਰਾ ਕੱਲ ਦਾ ਕਾਲਜਾ ਦੁਖਦਾ ਵੇ, ਜੋੜੀ ਜਦੋਂ ਚੁਬਾਰੇ ਚੜਦੀ ਸਮੇਤ ਕਈ ਗਾਣੇ ਗਾਕੇ ਦਰਸ਼ਕਾਂ ਸਰੋਤਿਆਂ ਨੂੰ ਪੰਜਾਬ ਦੇ ਅਖਾੜਿਆਂ ਵਾਲੇ ਦਿਨ ਯਾਦ ਕਰਵਾ ਦਿੱਤੇ।

ਅਮਰ ਨੂਰੀ ਤੇ ਉਹਨਾਂ ਦੇ ਬੇਟਿਆਂ ਦੀ ਪੇਸ਼ਕਾਰੀ ਨੇ ਮੇਲੇ ਨੂੰ ਯਾਦਗਾਰੀ ਬਣਾ ਦਿੱਤਾ।

ਇਸ ਮੌਕੇ ਪ੍ਰਧਾਨ ਜਤਿੰਦਰ ਸਿੰਘ ਹੈਪੀ ਗਿੱਲ ਤੇ ਹੋਰ ਅਹੁਦੇਦਾਰਾਂ ਨੇ ਅਮਰ ਨੂਰੀ, ਸਾਰੰਗ ਤੇ ਆਲਾਪ ਸਮੇਤ ਹੋਰ ਗਾਇਕਾਂ ਦਾ ਸਨਮਾਨ ਕੀਤਾ। ਇਸਤੋਂ ਪਹਿਲਾਂ ਮੇਲੇ ਨੂੰ ਸਪਾਂਸਰ ਕਰਨ ਵਾਲੀਆਂ ਸ਼ਖਸੀਅਤਾਂ ਅਤੇ ਹੋਰ ਪਤਵੰਤਿਆਂ ਦਾ ਵੀ ਸਨਮਾਨ ਕੀਤਾ ਗਿਆ।

5 ਕੌਰਨਰ ਫਰਨੀਚਰ ਵਲੋਂ ਲੱਕੀ ਡਰਾਅ- ਮੇਲੇ ਦੌਰਾਨ ਐਬਸਫੋਰਡ ਦੇ ਮਸ਼ਹੂਰ 5 ਕੌਰਨਰ ਫਰਨੀਚਰ ਸਟੋਰ ਦੇ ਮਾਲ ਪੌਲ ਸਿੱਧੂ ਵਲੋਂ ਮੇਲੇ ਵਿਚ ਪੁੱਜੇ ਲੋਕਾਂ ਲਈ ਲੱਕੀ ਡਰਾਅ ਕੱਢੇ ਗਏ ਜਿਸ ਵਿਚ ਸੋਫਾ ਸੈਟ ਅਤੇ ਰਕਲਾਈਨਰ ਕੁਰਸ਼ੀਆਂ ਸ਼ਾਮਿਲ ਸਨ। ਉਹਨਾਂ ਵਲੋਂ ਮੇਲੇ ਵਿਚ ਵਿਸ਼ੇਸ਼ ਸਟਾਲ ਲਗਾਇਆ ਗਿਆ ਸੀ ਜਿਥੇ ਪੁੱਜਣ ਵਾਲੇ ਲੋਕਾਂ ਵਲੋਂ ਪਰਚੀਆਂ ਪਾਈਆਂ ਗਈਆਂ ਤੇ ਇਹਨਾਂ ਪਰਚੀਆਂ ਚੋ ਹੀ ਲੱਕੀ ਡਰਾਅ ਦੀ ਚੋਣ ਕੀਤੀ ਗਈ।