Headlines

ਯੰਗ ਰੋਇਲ ਕਿੰਗ ਕਬੱਡੀ ਕਲੱਬ ਦਾ ਟੂਰਨਾਮੈਂਟ ਸਰੀ ਸਪੋਰਟਸ ਕਲੱਬ ਨੇ ਜਿੱਤਿਆ

ਸਰੀ (ਹਰਦੀਪ ਸਿੰਘ ਸਿਆਣ)-ਬੀਤੇ ਐਤਵਾਰ 13 ਅਗਸਤ 2023 ਨੂੰ ਬੈੱਲ ਸੈਂਟਰ ਸਰੀ (ਕੈਨੇਡਾ) ਦੇ ਖੇਡ ਮੈਦਾਨ ਵਿੱਚ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਵੈਨਕੂਵਰ ਕੈਨੇਡਾ ਅਤੇ ਯੰਗ ਰਾਇਲ ਕਿੰਗ ਕਬੱਡੀ ਕਲੱਬ ਵੱਲੋਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਸਰੀ ਸਪੋਰਟਸ ਕਬੱਡੀ ਕਲੱਬ ਦੀ ਟੀਮ ਜੇਤੂ ਰਹੀ ਜਦੋਂਕਿ ਯੂਥ ਕਬੱਡੀ ਕਲੱਬ ਦੀ ਟੀਮ ਦੂਸਰੇ ਸਥਾਨ ਤੇ ਰਹੀ।  ਫੈਡਰੇਸ਼ਨ ਦੇ ਪ੍ਰਧਾਨ ਇਕਬਾਲ ਸਿੰਘ ਸਵੈਚ ਅਤੇ ਯੰਗ ਰਾਇਲ ਕਿੰਗ ਕਬੱਡੀ ਕਲੱਬ ਦੇ ਪ੍ਰਧਾਨ ਇੰਦਰਜੀਤ ਸਿੰਘ ਰੂਮੀ ਦੀ ਅਗਵਾਈ  ਦੀ  ਹੇਠ ਹੋਏ ਇਸ ਟੂਰਨਾਮੈਂਟ ਦੌਰਾਨ  ਕੁਲ 6 ਟੀਮਾਂ ਦੇ ਮੈਚ ਕਰਵਾਏ। ਕੁਲ  7 ਮੈਚਾਂ ਵਿੱਚ ਧਾਵੀਆਂ ਨੇ ਕੁੱਲ 567 ਕਬੱਡੀਆਂ ਪਾ ਕੇ 457 ਅੰਕ ਪ੍ਰਾਪਤ ਕੀਤੇ ਅਤੇ ਜਾਫੀਆਂ ਨੇ ਕੁੱਲ 110 ਜੱਫੇ ਲਾਏ।
ਪਹਿਲਾ ਮੈਚ ਹਰਜੀਤ ਬਾਜਾਖਾਨਾ ਕਬੱਡੀ ਕਲੱਬ ਅਤੇ ਸਰੀ ਸਪੋਰਟਸ ਕਲੱਬ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 07 ਅੰਕਾਂ ਦੇ ਫਰਕ ਨਾਲ ਸਰੀ ਸਪੋਰਟਸ ਕਲੱਬ ਦੀ ਟੀਮ ਨੇ ਜਿੱਤ ਲਿਆ। ਦੂਜਾ ਮੈਚ ਪੰਜਾਬ ਸਪੋਰਟਸ ਕਲੱਬ ਅਤੇ ਐਬੀ ਸਪੋਰਟਸ ਕਲੱਬ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਹ ਮੈਚ 10 ਅੰਕਾਂ ਦੇ ਫਰਕ ਨਾਲ ਐਬੀ ਸਪੋਰਟਸ ਕਲੱਬ ਦੀ ਟੀਮ ਨੇ ਜਿੱਤ ਲਿਆ। ਤੀਜਾ ਮੈਚ ਹਰਜੀਤ ਬਾਜਾਖਾਨਾ ਕਬੱਡੀ ਕਲੱਬ ਅਤੇ ਯੰਗ ਰੋਇਲ ਕਿੰਗ ਕਬੱਡੀ ਕਲੱਬ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 06 ਅੰਕਾਂ ਦੇ ਫਰਕ ਨਾਲ ਯੰਗ ਰੋਇਲ ਕਿੰਗ ਕਬੱਡੀ ਕਲੱਬ ਦੀ ਟੀਮ ਨੇ ਜਿੱਤ ਲਿਆ। ਚੌਥਾ ਮੈਚ ਪੰਜਾਬ ਸਪੋਰਟਸ ਕਲੱਬ ਅਤੇ ਯੂਥ ਕਬੱਡੀ ਕਲੱਬ ਕੈਨੇਡਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ ਯੂਥ ਕਬੱਡੀ ਕਲੱਬ ਕੈਨੇਡਾ ਦੀ ਟੀਮ ਨੇ ਸਿਰਫ 04 ਅੰਕਾਂ ਦੇ ਫਰਕ ਨਾਲ ਜਿੱਤ ਲਿਆ।

ਪਹਿਲਾ ਸੈਮੀਫਾਈਨਲ ਮੈਚ ਸਰੀ ਸਪੋਰਟਸ ਕਲੱਬ ਅਤੇ ਐਬੀ ਸਪੋਰਟਸ ਕਲੱਬ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਸਰੀ ਸਪੋਰਟਸ ਕਲੱਬ ਦੀ ਟੀਮ ਵੱਲੋਂ ਜਸ਼ਨ ਆਲਮਗੀਰ ਨੇ ਸ਼ਾਨਦਾਰ 16 ਨਾਨ-ਸਟਾਪ ਕਬੱਡੀਆਂ ਪਾਈਆਂ। ਹੈਪੀ ਕੋਟ ਭਾਈ ਨੇ 09 ਕਬੱਡੀਆਂ ਪਾ ਕੇ 07 ਅੰਕ, ਜੋਤਾ ਮਹਿਮਦਵਾਲ ਨੇ 11 ਕਬੱਡੀਆਂ ਪਾ ਕੇ 07 ਅੰਕ, ਜੱਸਾ ਪਰਸਰਾਮਪੁਰ ਨੇ 03 ਕਬੱਡੀਆਂ ਪਾ ਕੇ 02 ਅੰਕ, ਜੱਗੂ ਸੈਦੋਵਾਲ ਨੇ 04 ਕਬੱਡੀਆਂ ਪਾ ਕੇ 02 ਅੰਕ ਅਤੇ ਹਨੀ ਪੰਡਤ ਬੁੱਲੋਵਾਲ ਨੇ 04 ਕਬੱਡੀਆਂ ਪਾ ਕੇ ਇਕ ਅੰਕ ਪ੍ਰਾਪਤ ਕੀਤਾ। ਐਬੀ ਸਪੋਰਟਸ ਕਲੱਬ ਕਲੱਬ ਦੇ ਜਾਫੀ ਗੋਪੀ ਮਾਣਕੀ, ਸੋਨਾ ਬਾਦਰ ਡੋਡ ਨੇ 04-04 ਜੱਫੇ, ਬਿੱਲਾ ਢੋਡੇ ਅਤੇ ਅੰਮ੍ਰਿਤ ਬਰਸਾਲਪੁਰ ਨੇ 02-02 ਜੱਫਾ ਲਾਏ। ਦੂਜੇ ਪਾਸੇ ਐਬੀ ਸਪੋਰਟਸ ਕਲੱਬ ਵੱਲੋਂ ਮਲਿਕ ਯਾਕਾ ਨੇ 16 ਕਬੱਡੀਆਂ ਪਾ ਕੇ 12 ਅੰਕ, ਯੋਧਾ ਘਾਸ ਨੇ 14 ਕਬੱਡੀਆਂ ਪਾ ਕੇ 10 ਅੰਕ, ਗਗਨ ਥਾਂਦੇਵਾਲ ਨੇ 10 ਕਬੱਡੀਆਂ ਪਾ ਕੇ 06 ਅੰਕ, ਕਾਕਾ ਨਗਲਾ ਨੇ 02 ਕਬੱਡੀਆਂ ਪਾ ਕੇ ਇਕ ਅੰਕ ਪ੍ਰਾਪਤ ਕੀਤਾ। ਲਾਲਾ ਅੱਬੈਦੁੱਲਾ ਨੇ 05 ਨਾਨ-ਸਟਾਪ ਕਬੱਡੀਆਂ ਪਾਈਆਂ। ਸਰੀ ਸਪੋਰਟਸ ਕਲੱਬ ਦੇ ਜਾਫੀ ਗੁਰਵਿੰਦਰ ਘਾਗਾ ਨੇ ਸ਼ਾਨਦਾਰ 05 ਜੱਫੇ, ਅਮਨ ਸੁਨਿਆਰਾ ਅਤੇ ਮਨਿੰਦਰ ਚੱਕੀ ਰਮਦਾਸ ਨੇ 03-03 ਜੱਫੇ ਅਤੇ ਪ੍ਰਤਾਪ ਕਡਿਆਣਾ ਨੇ 02 ਜੱਫੇ ਲਤ ਕੇ ਇਹ ਮੈਚ ਸਰੀ ਸਪੋਰਟਸ ਕਲੱਬ ਦੀ ਟੀਮ ਨੇ ਸਿਰਫ ਡੇਢ ਅੰਕ ਦੇ ਫਰਕ ਨਾਲ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਦੂਜਾ ਸੈਮੀਫਾਈਨਲ ਮੈਚ ਯੂਥ ਕਬੱਡੀ ਕਲੱਬ ਕੈਨੇਡਾ ਅਤੇ ਯੰਗ ਰੋਇਲ ਕਿੰਗ ਕਬੱਡੀ ਕਲੱਬ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਸ ਮੈਚ ਦੀ ਪਹਿਲੀ ਕਬੱਡੀ ਯੂਥ ਕਬੱਡੀ ਕਲੱਬ ਕੈਨੇਡਾ ਦੇ ਧਾਵੀ ਦੀਪ ਦਬੁਰਜੀ ਨੇ ਪਾ ਕੇ ਟੀਮ ਲਈ ਡੇਢ ਅੰਕ ਪ੍ਰਾਪਤ ਕੀਤਾ। ਉਸ ਨੇ ਕੁੱਲ 16 ਕਬੱਡੀਆਂ ਪਾ ਕੇ 14 ਅੰਕ, ਕਰਨ ਦਿਆਲਪੁਰ ਨੇ 15 ਕਬੱਡੀਆਂ ਪਾ ਕੇ 12 ਅੰਕ, ਸੰਕਰ ਸੰਧਵਾ ਨੇ 13 ਕਬੱਡੀਆਂ ਪਾ ਕੇ 11 ਅੰਕ ਅਤੇ ਗੋਰਾ ਸਰਹਾਲੀ ਮੰਡ ਨੇ 03 ਕਬੱਡੀਆਂ ਪਾ ਕੇ ਇਕ ਅੰਕ ਪ੍ਰਾਪਤ ਕੀਤਾ। ਯੰਗ ਰੋਇਲ ਕਿੰਗ ਕਬੱਡੀ ਕਲੱਬ ਦੇ ਜਾਫੀ ਅਰਸ ਚੋਹਲਾ ਸਾਹਿਬ ਨੇ ਸ਼ਾਨਦਾਰ 06 ਜੱਫੇ, ਸਚਿਨ ਗਾਂਗੁਲੀ ਨੇ 02 ਜੱਫੇ ਅਤੇ ਸੀਰਾ ਧੂੜਕੋਟ ਨੇ ਇਕ ਜੱਫਾ ਲਾਇਆ। ਦੂਜੇ ਪਾਸੇ ਯੰਗ ਰੋਇਲ ਕਿੰਗ ਕਬੱਡੀ ਕਲੱਬ ਵੱਲੋਂ ਗੁਰਲਾਲ ਸੋਹਲ ਨੇ 19 ਕਬੱਡੀਆਂ ਪਾ ਕੇ 15 ਅੰਕ, ਬਿੱਕਾ ਛਾਤਰ ਨੇ 11 ਕਬੱਡੀਆਂ ਪਾ ਕੇ 09 ਅੰਕ, ਰੀਸੀ ਬਾਹੂ ਅਕਬਰਪੁਰ ਨੇ 09 ਕਬੱਡੀਆਂ ਪਾ ਕੇ 08 ਅੰਕ, ਰੇਸਮ ਯਾਮਾਰਾਏ ਅਤੇ ਨਿਰਮਲ ਲੋਪੋਕੇ ਨੇ 04-04 ਕਬੱਡੀਆਂ ਪਾ ਕੇ 03-03 ਅੰਕ ਪ੍ਰਾਪਤ ਕੀਤੇ। ਯੂਥ ਕਬੱਡੀ ਕਲੱਬ ਕੈਨੇਡਾ ਦੇ ਜਾਫੀ ਗੁਰਦਿੱਤ ਕਿਸ਼ਨਗੜ੍ਹ, ਅਮਨ ਥਿੰਗਲੀ ਨੇ 03-03 ਜੱਫੇ ਲਾਏ। ਇਕ ਅੰਕ ਧਾਵੀ ਨੇ ਕਿਸੇ ਵੀ ਜਾਫੀ ਨੂੰ ਟੱਚ ਨਾ ਹੋਣ ਕਾਰਨ ਉਹ ਅੰਕ ਜਾਫੀਆਂ ਨੂੰ ਦਿੱਤਾ ਗਿਆ। ਸਕਤੀਮਾਨ ਸੰਘੋਵਾਲ ਅਤੇ ਸੀਤਾ ਪੱਤੜ ਨੇ ਇਕ-ਇਕ ਜੱਫਾ ਲਾਇਆ। ਹੁਣ ਦੋਨੋਂ ਟੀਮਾਂ ਦੇ 09-09 ਜੱਫੇ ਹੋਣ ਕਾਰਣ ਮੈਚ ਬਰਾਬਰ ਹੋ ਗਿਆ, ਪਰ ਪਹਿਲਾ ਡੇਢ ਅੰਕ ਜੋ ਕਿ ਯੂਥ ਕਬੱਡੀ ਕਲੱਬ ਕੈਨੇਡਾ ਦੀ ਟੀਮ ਦੇ ਧਾਵੀ ਦੀਪ ਦਬੁਰਜੀ ਨੇ ਪਹਿਲੀ ਰੇਡ ਪਾ ਕੇ ਪਹਿਲਾ ਡੇਢ ਅੰਕ ਪ੍ਰਾਪਤ ਕੀਤਾ ਸੀ, ਇਸ ਲਈ ਇਹ ਮੈਚ ਸਿਰਫ ਅੱਧੇ ਅੰਕ ਦੇ ਫਰਕ ਨਾਲ ਯੂਥ ਕਬੱਡੀ ਕਲੱਬ ਕੈਨੇਡਾ ਦੀ ਟੀਮ ਨੇ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਫਾਈਨਲ ਮੈਚ ਸ਼ਾਮ ਦੇ 07:30 ‘ਤੇ ਯੂਥ ਕਬੱਡੀ ਕਲੱਬ ਕੈਨੇਡਾ ਅਤੇ ਸਰੀ ਸਪੋਰਟਸ ਕਲੱਬ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਸਰੀ ਸਪੋਰਟਸ ਕਲੱਬ ਦੀ ਟੀਮ ਵੱਲੋਂ ਜੋਤਾ ਮਹਿਮਦਵਾਲ ਨੇ 21 ਕਬੱਡੀਆਂ ਪਾ ਕੇ 17 ਅੰਕ ਪ੍ਰਾਪਤ ਕੀਤੇ। ਉਸ ਦੀ 11ਵੀਂ ਕਬੱਡੀ ‘ਤੇ ਯੂਥ ਕਬੱਡੀ ਕਲੱਬ ਦੇ ਜਾਫੀ ਸੀਤਾ ਪੱਤੜ ਨੇ, 14ਵੀਂ ਕਬੱਡੀ ‘ਤੇ ਸਕਤੀਮਾਨ ਸੰਘੋਵਾਲ ਨੇ ਅਤੇ 18ਵੀਂ ਕਬੱਡੀ ‘ਤੇ ਗੁਰਦਿੱਤ ਕਿਸ਼ਨਗੜ੍ਹ ਨੇ ਇਕ-ਇਕ ਜੱਫਾ ਲਾਇਆ। 19ਵੀਂ ਕਬੱਡੀ ‘ਤੇ ਜੋਤੇ ਨੇ ਕਿਸੇ ਵੀ ਜਾਫੀ ਨੂੰ ਟੱਚ ਨਾ ਹੋਣ ਕਾਰਣ ਅੰਕ ਜਾਫੀਆਂ ਨੂੰ ਦਿੱਤਾ ਗਿਆ। ਹਨੀ ਪੰਡਤ ਬੁੱਲੋਵਾਲ ਨੇ 13 ਕਬੱਡੀਆਂ ਪਾ ਕੇ 12 ਅੰਕ ਪ੍ਰਾਪਤ ਕੀਤੇ। ਉਸ ਦੀ ਚੌਥੀ ਕਬੱਡੀ ‘ਤੇ ਗੁਰਦਿੱਤ ਕਿਸ਼ਨਗੜ੍ਹ ਨੇ ਇਕ ਜੱਫਾ ਲਾਇਆ। ਹੈਪੀ ਕੋਟ ਭਾਈ ਨੇ 08 ਕਬੱਡੀਆਂ ਪਾ ਕੇ 07 ਅੰਕ ਪ੍ਰਾਪਤ ਕੀਤੇ, ਉਸ ਦੀ ਪੰਜਵੀਂ ਕਬੱਡੀ ‘ਤੇ ਗੁਰਦਿੱਤ ਕਿਸ਼ਨਗੜ੍ਹ ਨੇ ਇਕ ਜੱਫਾ ਲਾਇਆ। ਜੱਸਾ ਪਰਸਰਾਮਪੁਰ ਨੇ 08 ਕਬੱਡੀਆਂ ਪਾ ਕੇ 06 ਅੰਕ ਪ੍ਰਾਪਤ ਕੀਤੇ। ਉਸ ਦੀ ਛੇਵੀਂ ਕਬੱਡੀ ‘ਤੇ ਸੀਤਾ ਪੱਤੜ ਨੇ ਅਤੇ ਅੱਠਵੀਂ ਕਬੱਡੀ ‘ਤੇ ਰਾਣਾ ਅਲੀ ਸ਼ਾਨ ਨੇ ਇਕ-ਇਕ ਜੱਫਾ ਲਾਇਆ। ਦੂਜੇ ਪਾਸੇ ਯੂਥ ਕਬੱਡੀ ਕਲੱਬ ਵੱਲੋਂ ਸੰਕਰ ਸੰਧਵਾ ਨੇ 12 ਕਬੱਡੀਆਂ, ਦੀਪ ਦਬੁਰਜੀ ਨੇ 13 ਕਬੱਡੀਆਂ ਪਾ ਕੇ 11-11 ਅੰਕ, ਗੋਰਾ ਸਰਹਾਲੀ ਨੇ 12 ਕਬੱਡੀਆਂ ਪਾ ਕੇ 10 ਅੰਕ, ਬਿੰਦੂ ਸਵਾਹਵਾਲਾ ਨੇ 08 ਕਬੱਡੀਆਂ ਪਾ ਕੇ 07 ਅੰਕ ਅਤੇ ਕਰਨ ਦਿਆਲਪੁਰ ਨੇ 06 ਕਬੱਡੀਆਂ ਪਾ ਕੇ 03 ਅੰਕ ਪ੍ਰਾਪਤ ਕੀਤੇ। ਸਰੀ ਸਪੋਰਟਸ ਕਲੱਬ ਦੇ ਜਾਫੀਆਂ ਦੀ ਗੱਲ ਕਰੀਏ ਤਾਂ ਮਨਿੰਦਰ ਚੱਕੀ ਰਮਦਾਸ ਨੇ ਸ਼ਾਨਦਾਰ 04 ਜੱਫੇ, ਗੁਰਵਿੰਦਰ ਘਾਗਾ ਨੇ 03 ਜੱਫੇ ਅਤੇ ਪ੍ਰਤਾਪ ਕਡਿਆਣਾ ਨੇ 02 ਜੱਫੇ ਲਾ ਕੇ ਇਹ ਮੈਚ ਸਰੀ ਸਪੋਰਟਸ ਕਲੱਬ ਦੀ ਟੀਮ ਨੇ ਸਿਰਫ ਢਾਈ ਅੰਕ ਦੇ ਫਰਕ ਨਾਲ ਜਿੱਤ ਕੇ ਯੂਥ-ਯੰਗ ਰੋਇਲ ਕਿੰਗ ਦੇ ਇਸ ਕਬੱਡੀ ਟੂਰਨਾਮੈਂਟ ਦੀ ਚੈਂਪੀਅਨ ਟੀਮ ਬਣਨ ਦਾ ਮਾਣ ਪ੍ਰਾਪਤ ਕੀਤਾ। ਦੂਜੇ ਨੰਬਰ ‘ਤੇ ਯੂਥ ਕਬੱਡੀ ਕਲੱਬ ਕੈਨੇਡਾ ਦੀ ਟੀਮ ਰਹੀ। ਫਾਈਨਲ ਮੈਚ ਵਿੱਚ ਸਰੀ ਸਪੋਰਟਸ ਕਲੱਬ ਦੇ ਧਾਵੀ ਜੋਤਾ ਮਹਿਮਦਵਾਲ ਨੇ ਸ਼ਾਨਦਾਰ 21 ਕਬੱਡੀਆਂ ਪਾ ਕੇ 17 ਅੰਕ ਪ੍ਰਾਪਤ ਕੀਤੇ, ਇਸ ਲਈ ਉਸ ਨੂੰ ਇਸ ਕਬੱਡੀ ਟੂਰਨਾਮੈਂਟ ਦਾ ਵਧੀਆ ਧਾਵੀ ਅਤੇ ਇਸੇ ਟੀਮ ਦੇ ਜਾਫੀ ਮਨਿੰਦਰ ਚੱਕੀ ਰਮਦਾਸ ਨੇ 16 ਵਾਰ ਕੋਸਿਸ ਕਰਕੇ ਸਭ ਤੋਂ ਵੱਧ 04 ਜੱਫੇ ਲਾਏ ਇਸ ਲਈ ਉਸ ਨੂੰ ਨੂੰ ਵਧੀਆ ਜਾਫੀ ਚੁਣ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ ਬੱਬੂ ਖੰਨਾ, ਦਿਲਸ਼ਾਦ ਈਸੀ, ਮੋਮੀ ਢਿੱਲੋਂ ਅਤੇ ਸੁੱਖ ਗੋਲੇਵਾਲੀਆ ਨੇ ਮੈਚਾਂ ਦੀ ਕੁਮੈਂਟਰੀ ਕੀਤੀ। ਤਰਲੋਚਨ ਧਾਮੀ, ਮਾਸਟਰ ਬਲਜੀਤ ਰਤਨਗੜ੍ਹ, ਰੂਬੀ ਧਾਲੀਵਾਲ, ਸੁੱਖੀ ਧੂਰੀ ਨੇ ਰੈਫਰੀ ਦੀ ਡਿਊਟੀ ਅਤੇ ਸਵਰਨਾ ਬਾਠ ਨੇ ਲਾਇਨਮੈਨ ਦੀ ਡਿਊਟੀ ਨਿਭਾਈ।

ਸਰੀ ਸੈਂਟਰ ਤੋਂ ਐਮ ਪੀ ਰਣਦੀਪ ਸਿੰਘ ਸਰਾਏ ਤੇ ਕੌੰਸਲਰ ਮਨਦੀਪ ਸਿੰਘ ਨਾਗਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ।  ਪ੍ਰਬੰਧਕੀ ਕਮੇਟੀ ਨੇ ਮੁੱਖ ਮਹਿਮਾਨਾਂ, ਸਹਿਯੋਗੀਆਂ, ਖਿਡਾਰੀਆਂ, ਰੈਫਰੀਆਂ ਅਤੇ ਪੱਤਰਕਾਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਸ਼ਾਮ ਨੂੰ ਦਰਸ਼ਕਾਂ ਲਈ ਸਭਿਆਚਾਰਕ ਗਾਇਕੀ ਦਾ ਅਖਾੜਾ ਵੀ ਲਗਾਇਆ ਗਿਆ ਜਿਸ ਵਿਚ ਪ੍ਰਸਿੱਧ ਗਾਇਕਾ ਅਮਨ ਰੋਜ਼ੀ ਨੇ ਆਪਣੇ ਹਿੱਟ ਗੀਤ ਗਾਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।  ਯੂਥ ਕਬੱਡੀ ਕਲੱਬ ਅਤੇ ਯੰਗ ਰੋਇਲ ਕਿੰਗ ਕਬੱਡੀ ਕਲੱਬ ਵੱਲੋਂ ਕਰਵਾਇਆ ਗਿਆ ਇਹ ਕਬੱਡੀ ਟੂਰਨਾਮੈਂਟ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ।

ਹਰਦੀਪ ਸਿੰਘ ਸਿਆਣ