Headlines

ਭਾਰੀ ਜੰਗਲੀ ਅੱਗਾਂ ਕਾਰਣ ਬੀਸੀ ਸਰਕਾਰ ਨੇ ਐਮਰਜੈਂਸੀ ਐਲਾਨੀ

ਕਲੋਨਾ ਨੇੜੇ ਅੱਗਾਂ ਕਾਰਣ 15,000 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੇ ਆਦੇਸ਼-

ਵਿਕਟੋਰੀਆ-ਅਲਬਰਟਾ ਵਿਚ ਭਾਰੀ ਜੰਗਲੀ ਅੱਗ ਤੋਂ ਬਾਦ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕਲੋਨਾ ਦੇ ਆਸਪਾਸ ਵੀ ਭਾਰੀ ਜੰਗਲੀ ਅੱਗ ਕਾਰਣ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਇਸੇ ਦੌਰਨ ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਨੇ ਸੂਬੇ ਭਰ ਵਿੱਚ ਕਈ ਜੰਗਲੀ ਅੱਗਾਂ ਦੇ ਤੇਜ਼ੀ ਨਾਲ ਫੈਲਣ ਕਾਰਨ ਸੂਬੇ ਵਿਚ ਐਮਰਜੈਂਸੀ ਐਲਾਨ ਦਿੱਤੀ ਹੈ।

ਪ੍ਰੀਮੀਅਰ ਈਬੀ  ਨੇ ਸ਼ੁੱਕਰਵਾਰ ਦੁਪਹਿਰ ਨੂੰ ਐਮਰਜੈਂਸ ਦਾ ਐਲਾਨ ਕਰਦਿਆਂ  ਕਿਹਾ ਹੈ ਕਿ “ਪਿਛਲੇ 24 ਘੰਟਿਆਂ ਵਿੱਚ ਜੰਗਲੀ ਅੱਗਾਂ ਦੀ  ਸਥਿਤੀ ਕਾਫੀ ਵਿਗੜ ਗਈ ਹੈ। ਉਹਨਾਂ ਨੇ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਪ੍ਰਭਾਵਿਤ ਖੇਤਰਾਂ ਦੀ ਯਾਤਰਾ ਨਾ ਕਰਨ ਲਈ ਕਿਹਾ ਹੈ।

ਐਮਰਜੈਂਸੀ ਘੋਸ਼ਣਾ ਦੇ ਦੌਰਾਨ ਐਮਰਜੈਂਸੀ ਮੰਤਰੀ ਬੋਵਿਨ ਮਾ ਅਤੇ ਜੰਗਲਾਤ ਮੰਤਰੀ ਬਰੂਸ ਰਾਲਸਟਨ ਵੀ ਪ੍ਰੀਮੀਅਰ ਦੇ ਨਾਲ ਸਨ।

ਮਾ ਨੇ ਸੂਬੇ ਦੇ ਮੱਧ ਅਤੇ ਦੱਖਣ-ਪੂਰਬੀ ਹਿੱਸਿਆਂ ਦੀ ਯਾਤਰਾ ਤੋਂ ਬਚਣ ਲਈ ਆਪਣੀ ਪਹਿਲੀ ਕਾਲ ਦੁਹਰਾਈ। ਉਹਨਾਂ ਕਿਹਾ ਲੋਕ ਜ਼ਿਆਦਾਤਰ ਕੁਝ ਖੇਤਰਾਂ ਵਿੱਚ ਯਾਤਰਾ ਨਾ ਕਰਨ ਦੇ ਸਾਡੇ ਸੱਦੇ ਦੀ ਪਾਲਣ ਕਰ ਰਹੇ ਹਨ। ਇਸ ਦੌਰਾਨ ਸਰਕਾਰ ਵਲੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਅਤੇ ਫਾਇਰਫਾਈਟਰਾਂ ਅਤੇ ਸਿਹਤ ਸੰਭਾਲ ਸਟਾਫ਼ ਤੋਂ ਇਲਾਵਾ ਸੁਰੱਖਿਅਤ ਕੱਢੇ ਲੋਕਾਂ ਲਈ ਰਿਹਾਇਸ਼ਾਂ ਦੀ ਵੀ ਲੋੜ ਹੈ।

ਮਾ ਦੇ ਅਨੁਸਾਰ, ਅਧਿਕਾਰੀਆਂ ਨੇ 15,000 ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਘਰਾਂ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਹਨ ਅਤੇ 20,000 ਲੋਕਾਂ ਨੂੰ ਅਲਰਟ ਕੀਤਾ ਗਿਆ ਹੈ ।

ਇਸੇ ਦੌਰਾਨ ਅਲਬਰਟਾ ਵਿਚ ਜੰਗਲੀ ਅੱਗਾਂ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਨਾਰਥ ਵਿਚ ਯੈਲੋਨਾਈਫ ਸ਼ਹਿਰ ਦੇ ਨੇੜੇ ਅੱਗ ਆਉਣ ਕਾਰਣ ਸਾਰੇ ਸ਼ਹਿਰ ਦੀ ਲਗਪਗ 22000 ਆਬਾਦੀ ਨੂੰ ਸੁਰਖਿਅਤ ਕੱਢਿਆ ਜਾ ਰਿਹਾ ਹੈ। ਐਡਮਿੰਟਨ ਅਤੇ ਕੈਲਗਰੀ ਲਈ ਵਿਸ਼ੇਸ਼ ਹਵਾਈ ਸੇਵਾ ਸ਼ੁਰੂ ਕੀਤੀ ਗਈ ਹੈ।