Headlines

ਗੁਰਦਾਸ ਮਾਨ ਦੇ ਸ਼ੋਅ ਕੈਨੇਡਾ ਵਿੱਚ ਰੱਦ ਕਰਵਾਉਣ ਲਈ ਪੰਜਾਬੀ ਮਾਂ ਬੋਲੀ ਦੇ ਵਾਰਿਸਾਂ ਵੱਲੋਂ ਸਰੀ ਵਿੱਚ ਭਾਰੀ ਇਕੱਠ

ਗੁਰਦਾਸ ਮਾਨ ਨੂੰ ‘ਵਾਰਿਸ ਸ਼ਾਹ ਪੁਰਸਕਾਰ’ ਦੇਣ ਦਾ ਜ਼ੋਰਦਾਰ ਵਿਰੋਧ-
ਸਰੀ (ਡਾ. ਗੁਰਵਿੰਦਰ ਸਿੰਘ, ਸੰਦੀਪ ਸਿੰਘ ਧੰਜੂ )-
‘ਇੱਕ ਰਾਸ਼ਟਰ ਇੱਕ ਭਾਸ਼ਾ’ ਦਾ ਨਾਅਰਾ ਦੇਣ, ‘ਮਾਂ-ਮਾਸੀ’ ਦਾ ਬਿਰਤਾਂਤ ਸਿਰਜਣ ਅਤੇ ਪੰਜਾਬੀ ਬੋਲੀ ਵਿੱਚ ਅਪਮਾਨਜਨਕ ਸ਼ਬਦਾਵਲੀ ਵਰਤਣ ਵਾਲੇ, ਵਿਵਾਦ ਵਿੱਚ ਘਿਰੇ ਗਾਇਕ ਗੁਰਦਾਸ ਮਾਨ ਦੇ ਵਿਰੋਧ ਵਿੱਚ ਸਰੀ ਵਿੱਚ ਪੰਜਾਬੀ ਮਾਂ ਬੋਲੀ ਦੇ ਵਾਰਿਸਾਂ ਵੱਲੋਂ ਆਰੀਆ ਬੈਕੁਟ ਹਾਲ ਵਿੱਚ ਵੱਡਾ ਇਕੱਠ ਕੀਤਾ ਗਿਆ। ਇਕੱਠ ਵਿੱਚ ਪ੍ਰਵਾਨਿਤ ਕੀਤੇ ਗਏ ਮਤਿਆਂ ਵਿੱਚ ਗੁਰਦਾਸ ਮਾਨ ਨੂੰ ਪਾਕਿਸਤਾਨ ਵਿਚ ‘ਵਾਰਿਸ ਸ਼ਾਹ ਪੁਰਸਕਾਰ’ ਦੇਣ ਦੇ ਐਲਾਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਮਤਿਆਂ ਵਿੱਚ ‘ਇੱਕ ਰਾਸ਼ਟਰ ਇੱਕ ਭਾਸ਼ਾ’ ਦੇ ਸਰਕਾਰੀ ਬਿਰਤਾਂਤ ਦਾ ਵਿਰੋਧ ਕਰਦਿਆਂ, ਵੱਖ-ਵੱਖ ਖੇਤਰੀ ਅਤੇ ਮੂਲ ਨਿਵਾਸੀ ਭਾਸ਼ਾਵਾਂ ਦੇ ਹੱਕ ਵਿੱਚ ‘ਹਾਅ ਦਾ ਨਾਅਰਾ’ ਮਾਰਿਆ ਗਿਆ। ਇਸ ਮੌਕੇ ‘ਤੇ ਵੱਖ-ਵੱਖ ਸੰਸਥਾਵਾਂ, ਸਾਹਿਤਕ ਜਥੇਬੰਦੀਆਂ, ਪੱਤਰਕਾਰਾਂ ਅਤੇ ਪੰਜਾਬੀ ਹਿਤੈਸ਼ੀਆਂ ਨੇ ਪ੍ਰਣ ਲਿਆ ਕਿ ਜੇਕਰ ਗੁਰਦਾਸ ਮਾਨ ਆਪਣੀਆਂ ਗਲਤੀਆਂ ਲਈ ਮਾਫੀ ਨਹੀਂ ਮੰਗਦੇ, ਤਾਂ ਪ੍ਰੋਗਰਾਮਾਂ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ। ਬੁਲਾਰਿਆਂ ਨੇ ਇਹ ਵੀ ਕਿਹਾ ਕਿ ਕੇਵਲ ਗੁਰਦਾਸ ਮਾਨ ਦਾ ਹੀ ਨਹੀਂ, ਬਲਕਿ ਉਸਦੇ ਸਪੌਂਸਰਾਂ,ਪਰਮੋਟਰਾਂ ਸਮੇਤ ਇੱਕ ਪਾਸੜ ਹੋ ਕੇ ਗੁਰਦਾਸ ਮਾਨ ਦੀ ਮਸ਼ਹੂਰੀ ਕਰਨ ਵਾਲੇ ਪੰਜਾਬੀ ਵਿਰੋਧੀ ਮੀਡੀਆ ਦਾ ਵੀ ਪੰਜਾਬੀ ਪ੍ਰੇਮੀ ਜੋਰਦਰ ਸ਼ਬਦਾਂ ਵਿੱਚ ਵਿਰੋਧ ਕਰਨਗੇ।
ਸਾਊਥ ਏਸ਼ੀਅਨ ਰੀਵਿਉ ਅਤੇ ਜੀਵੇ ਪੰਜਾਬ ਅਦਬੀ ਸੰਗਤ ਅਤੇ ਤਿੰਨ ਪੰਜਾਬੀ ਵਿਸ਼ਵ ਕਾਨਫਰੰਸ ਕਰਵਾਉਣ ਵਾਲੇ ਭੁਪਿੰਦਰ ਸਿੰਘ ਮੱਲੀ ਨੇ ਕਿਹਾ ਕਿ ਗੁਰਦਾਸ ਮਾਨ ਖਿਲਾਫ਼ ਸਟੇਜ ‘ਤੇ ਗਾਲਾਂ ਕੱਢਣ ਲਈ ਮਾਣਹਾਨੀ ਦਾ ਦਾਅਵਾ ਕੀਤਾ ਜਾਣਾ ਬਣਦਾ ਹੈ। ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਦੀ ਪ੍ਰਧਾਨ ਬਲਜਿੰਦਰ ਕੌਰ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਮੀਡੀਏ ਦਾ ਫਰਜ਼ ਬਣਦਾ ਹੈ ਕਿ ਉਹ ਲੋਕਾਂ ਨਾਲ ਖੜੇ ਨਾ ਕਿ ਗੁਰਦਾਸ ਮਾਨ ਦੀ ਇਸ਼ਤਿਹਾਰਬਾਜ਼ੀ ਦੇ ਲਾਲਚ ਕਰਕੇ ਲੋਕਾਂ ਦੇ ਵਿਰੁੱਧ। ਤਿੰਨ ਪੀੜੀਆਂ ਤੋਂ ਪੰਜਾਬੀ ਨੂੰ ਸਮਰਪਿਤ ਪ੍ਰੋ. ਗੁਰਦੇਵ ਸਿੰਘ ਫੁੱਲ ਅਤੇ ਪ੍ਰੋ. ਅਮਰੀਕ ਸਿੰਘ ਫੁੱਲ ਵੱਲੋਂ ਅਮਰ ਮਿਊਜ਼ਿਕ ਅਕੈਡਮੀ ਦੇ ਸੈਂਕੜੇ ਸੰਗੀਤ ਵਿਦਿਆਰਥੀਆਂ ਅਤੇ ਪੰਜਾਬੀ ਪ੍ਰੇਮੀਆਂ ਵਲੋਂ, ਗੁਰਦਾਸ ਮਾਨ ਵਲੋਂ ਪੰਜਾਬੀ ਨੂੰ ਅਪਮਾਨ ਕਰਨ ਦੀ ਨਿਖੇਧੀ ਕੀਤੀ ਗਈ।
ਕੈਨੇਡਾ ਦੀ ਜਮਪਲ ਨੌਜਵਾਨ ਪੰਜਾਬੀ ਪੀੜੀ ਦੀ ਨੁਮਾਇੰਦਗੀ ਕਰਦੀ ਹਰਕੀਰਤ ਕੌਰ ਨੇ ਕਿਹਾ ਕਿ ਗੁਰਦਾਸ ਮਾਨ ਨੇ ਪੰਜਾਬੀ ਮਾਂ ਬੋਲੀ ਵਿੱਚ ਅਪਮਾਨਜਨਕ ਸ਼ਬਦਾਵਲੀ ਵਰਤ ਕੇ, ਮਾਂ -ਮਾਸੀ ਦਾ ਦਰਜਾ ਦੇ ਕੇ ਅਤੇ ‘ਇੱਕ ਰਾਸ਼ਟਰ ਇੱਕ ਭਾਸ਼ਾ’ ਦੀ ਗੱਲ ਕਰਕੇ ਪੰਜਾਬੀ ਬੋਲੀ ਨਾਲ ਗੱਦਾਰੀ ਕੀਤੀ ਹੈ। ਵਣਜਾਰਾ ਨੋਮੈਡ ਸੰਸਥਾ ਦੇ ਸੰਸਥਾਪਕ ਰਾਜ ਸਿੰਘ ਭੰਡਾਲ ਨੇ ਕਿਹਾ ਕਿ ਮਾਂ ਬੋਲੀ ਅਤੇ ਮਾਸੀ ਦਾ ਬਿਰਤਾਂਤ ਦਰਅਸਲ ਪੰਜਾਬੀ ਦੀ ਸੌਂਕਣ ਪੈਦਾ ਕਰਨ ਵਾਲਾ ਹੈ, ਜਿਸ ਤੋਂ ਪੰਜਾਬੀਆਂ ਨੂੰ ਸੁਚੇਤ ਹੋਣਾ ਚਾਹੀਦਾ ਹੈ। ਪੰਜਾਬੀ ਮੀਡੀਆ ਅਤੇ ਸਭਿਆਚਾਰਕ ਸੰਸਥਾਵਾਂ ਨਾਲ ਜੁੜੀ ਬੀਬੀ ਜੈਸ ਗਿੱਲ ਨੇ ਕਿਹਾ ਕਿ ਜਦੋਂ ਉਨ੍ਹਾਂ ਗੁਰਦਾਸ ਮਾਨ ਦੇ ਮੂੰਹੋਂ ਪੰਜਾਬੀ ਬੋਲੀ ਦੀ ਨਿਰਾਦਰੀ ਸੁਣੀ, ਤਾਂ ਉਸ ਤੋਂ ਬਾਅਦ ਉਨ੍ਹਾਂ ਮਾਨ ਦੀਆਂ ਸਾਰੀਆਂ ਟੇਪਾਂ ਘਰੋਂ ਬਾਹਰ ਸੁੱਟ ਦਿੱਤੀਆਂ।
‘ਮਿਸ਼ਨ ਪੰਜ-ਆਬ ਕਲਚਰਲ ਕਲੱਬ’ ਵੱਲੋਂ ਗੁਰਪ੍ਰੀਤ ਸਿੰਘ ਚਾਹਲ ਨੇ ਕਿਹਾ ਕਿ ਜਦੋਂ ਤੱਕ ਗੁਰਦਾਸ ਮਾਨ ਅਪਣੇ ਨਾਂਹਵਾਚੀ ਬਿਰਤਾਂਤ ਦਾ ਪਛਤਾਵਾ ਨਹੀਂ ਕਰਦਾ, ਉਹ ਮਾਫ਼ੀਯੋਗ ਨਹੀਂ ਹੈ।ਕਿਸਾਨ ਮੋਰਚੇ ਵਿਚ ਗੁਰਦਾਸ ਮਾਨ ਨੂੰ ਸਟੇਜ ਤੋਂ ਬੋਲਣ ਤੋਂ ਰੋਕਣ ਬਾਰੇ ਗੱਲਬਾਤ ਕਰਦਿਆਂ ਭਾਈ ਰਣਜੀਤ ਸਿੰਘ ਖਾਲਸਾ ਨੇ ਕਿਹਾ ਕਿ ਗੁਰਦਾਸ ਮਾਨ ਦਾ ਇਹ ਕਿਰਦਾਰ ਪੰਜਾਬੀਆਂ ਅਤੇ ਸਮੂਹ ਦੇਸ਼ ਵਾਸੀਆਂ ਨੂੰ ਭਲੀ-ਭਾਂਤ ਪਤਾ ਲੱਗ ਚੁੱਕਾ ਹੈ ਕਿ ਉਹ ਸਰਕਾਰੀ ਗਵੱਈਆ ਹੈ, ਜੋ ਸਰਕਾਰੀ ਬੋਲੀ ਬੋਲ ਰਿਹਾ ਹੈ। ਨੌਜਵਾਨ ਨਵਜੋਤ ਸਿੰਘ ਨੇ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਗੁਰਦਾਸ ਮਾਨ ਦੇ ਨਸ਼ੇੜੀ ਪ੍ਰਚਾਰ ਬਾਰੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਤੇ ‘ਪੰਜਾਬੀ ਮਾਂ ਬੋਲੀ ਦੇ ਵਾਰਿਸ’ ਸੰਸਥਾ ਦੇ ਸੇਵਾਦਾਰ ਅਤੇ ‘ਮੌਤ ਦਾ ਰੇਗਿਸਤਾਨ’ ਕਿਤਾਬ ਦੇ ਲਿਖਾਰੀ ਚਰਨਜੀਤ ਸਿੰਘ ਸੁਜੋਂ ਨੇ ਗੁਰਦਾਸ ਮਾਨ ਦੀ ਗਾਲੀ-ਗਲੋਚ ਵਾਲੀ ਘਟਨਾ ‘ਤੇ ਰੌਸ਼ਨੀ ਪਾਉਂਦਿਆਂ ਹੋਇਆ ਕਿਹਾ ਕਿ ਮਾਮਲਾ ਉਨ੍ਹਾਂ ਦਾ ਨਿਜੀ ਨਹੀਂ ਬਲਕਿ ਪੰਜਾਬੀ ਕੌਮ ਦੀ ਇੱਜ਼ਤ ਦਾ ਮਸਲਾ ਹੈ, ਜਿਸ ਲਈ ਸਭ ਨੇ ਇੱਕਮੁੱਠ ਹੋ ਕੇ ਪ੍ਰਭਾਵਸ਼ਾਲੀ ਮਾਹੌਲ ਸਿਰਜਿਆ ਹੈ। ਸੰਸਥਾ ਦੇ ਨੁਮਾਇੰਦੇ ਗੁਰਮੁਖ ਸਿੰਘ ਗੋਲਡੀ ਦਿਓਲ ਨੇ ਕਿਹਾ ਕਿ ਮਾਂ ਬੋਲੀ ਦੇ ਅਪਮਾਨ ਦੇ ਮਾਮਲੇ ਵਿਰੁੱਧ, ਡਟਣ ਦਾ ਫਰਜ਼ ਤਾਂ ਉਨ੍ਹਾਂ ਪੰਜਾਬੀ ਸੰਸਥਾਵਾਂ ਦਾ ਬਣਦਾ ਹੈ, ਜਿਹੜੀਆਂ ਪੰਜਾਬੀ ਦੀਆਂ ‘ਮੁੱਦਈ ਹੋਣ ਦਾ ਦਾਅਵਾ’ ਕਰ ਰਹੀਆਂ ਹਨ। ਇਸ ਇਕੱਠ ਵਿਚ ਜਿੰਨਾਂ ਸ਼ਖਸੀਅਤਾਂ ਅਤੇ ਸੰਸਥਾਵਾਂ ਨੇ ਆਪਣਾ ਫਰਜ਼ ਪਛਾਣਦੇ ਹਾਜ਼ਰੀ ਲਵਾਈ, ਉਹਨਾਂ ਵਿੱਚ ‘ਪੰਜਾਬ ਭਵਨ’ ਦੇ ਸੰਚਾਲਕ ਸੁਖੀ ਬਾਠ, ਸਿੱਖ ਮੋਟਰਸਾਈਕਲ ਕਲੱਬ ਬੀਸੀ ਦੇ ਬਾਨੀ ਅਵਤਾਰ ਸਿੰਘ ਢਿੱਲੋਂ, ਪੰਜਾਬੀ ਸਾਹਿਤ ਸਭਾ ਮੁਢਲੀ ਰਜਿਸਟਰਡ ਐਬਟਸਫੋਰਡ, ਲੋਕ ਲਿਖਾਰੀ ਪੰਜਾਬੀ ਸਾਹਿਤ ਸਭਾ ਉੱਤਰੀ ਅਮਰੀਕਾ, ਕੈਨੇਡੀਅਨ ਸਿੱਖ ਸਟੱਡੀਜ਼ ਅਤੇ ਟੀਚਿੰਗ ਸੁਸਾਇਟੀ, ਗਦਰ ਫਾਉਂਡੇਸ਼ਨ ਕੈਨੇਡਾ, ਨਾਰਥ ਅਮਰੀਕਨ ਸਿੱਖ ਅਲਾਇੰਸ, ਸਿੱਖ ਵਿਚਾਰ ਮੰਚ, ਪੰਜਾਬੀ ਮੀਡੀਆ ਨਾਲ ਸਬੰਧਤ ਅਖ਼ਬਾਰਾਂ, ਰੇਡੀਓ ਅਤੇ ਟੈਲੀਵਿਜ਼ਨਾਂ ਦੇ ਨੁਮਾਇੰਦੇ, ਵੱਖ-ਵੱਖ ਗੁਰਦੁਆਰਾ ਸੁਸਾਇਟੀਆਂ ਅਤੇ ਜਥੇਬੰਦੀਆਂ ਦੇ ਨੁਮਾਇੰਦੇਅਤੇ ਪੰਜਾਬੀ ਖੇਡ ਸੰਸਥਾਵਾਂ ਨਾਲ ਸੰਬੰਧਿਤ ਸ਼ਖ਼ਸੀਅਤਾਂ ਹਾਜ਼ਰ ਸਨ।ਪ੍ਰੋਗਰਾਮ ਦਾ ਸੰਚਾਲਨ ਸੁਖਦੇਵ ਸਿੰਘ ਸ਼ਾਹੀ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਇਆ। ਉਨ੍ਹਾਂ ਸਟੇਜ ਤੋਂ ਗੁਰਦਾਸ ਮਾਨ ਦੇ ਹੱਕ ‘ਚ ਬੋਲਣ ਵਾਲਿਆਂ ਅਤੇ ਸਹਿਯੋਗੀਆਂ ਨੂੰ ਵੀ ਆਪਣੇ ਵਿਚਾਰ ਰੱਖਣ ਦਾ ਸਦਾ ਦਿੱਤਾ, ਪਰ ਕੋਈ ਨਾ ਬਹੁੜਿਆ। ਪੰਜਾਬੀ ਮਾਂ ਬੋਲੀ ਦੇ ਵਾਰਿਸਾਂ ਵੱਲੋਂ ਅਹਿਦ ਲਿਆ ਗਿਆ ਕਿ ਜੇਕਰ ਗੁਰਦਾਸ ਮਾਨ ਦਾ ਸ਼ੋਅ ਕੈਂਸਲ ਨਹੀਂ ਕੀਤਾ ਜਾਂਦਾ, ਤਾਂ ਆਉਂਦੇ ਦਿਨਾਂ ਵਿੱਚ ਵੱਡਾ ਪ੍ਰੋਗਰਾਮ ਉਲੀਕਿਆ ਜਾਏਗਾ ਅਤੇ ਅਤੇ ਮਾਂ ਬੋਲੀ ਪੰਜਾਬੀ ਦੇ ਸਨਮਾਨ ਲਈ ਜੱਦੋ ਜਹਿਦ ਜਾਰੀ ਰਹੇਗੀ।