Headlines

ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਅਤੇ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੀ ਜਨਮ ਸਤਾਬਦੀ ਸਮਾਗਮ ਲੰਡਨ ਦੇ ਗੁਰੂ ਘਰਾਂ ਵਿਚ ਆਯੋਜਿਤ

ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਆਪਣੇ ਪ੍ਰਚਾਰ ਦੌਰੇ ਸਮੇਂ ਬੁੱਢਾ ਦਲ ਦਾ ਇਤਿਹਾਸ ਲੋਕਾਂ ਵਿਚ ਉਜਾਗਰ ਕੀਤਾ

ਅੰਮ੍ਰਿਤਸਰ:- 20 ਅਗਸਤ – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਿਸਾਲੀ ਜਥੇਦਾਰ ਰਹੇ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਸਿੰਘ ਜੀ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਵੱਖ-ਵੱਖ ਦੇਸ਼ਾਂ ਵਿੱਚਲੇ ਗੁਰੂ ਘਰਾਂ ਵਿੱਚ ਗੁਰਮਤਿ ਸਮਾਗਮ ਕਰ ਕੇ ਬੁੱਢਾ ਦਲ ਦੇ ਇਨ੍ਹਾਂ ਮਹਾਨ ਜਰਨੈਲਾਂ ਦਾ ਸ਼ਾਨਾਮਤਾ ਇਤਿਹਾਸ ਸੰਗਤਾਂ ਤੀਕ ਪ੍ਰਚਾਰ ਕੇ ਮਨਾਈ ਜਾ ਰਹੀ ਹੈ।

ਲੰਡਨ ਵਿਖੇ ਗੁ: ਰਾਮਗੜ੍ਹੀਆ ਸਿੱਖ ਐਸੋਸੀਏਸ਼ਨ ਵੋਲਵਿਚ ਦੀ ਪ੍ਰਧਾਨ ਬੀਬੀ ਕੁਲਦੀਪ ਕੌਰ ਸੀਰਾ, ਸ. ਦੇਵਿੰਦਰ ਸਿੰਘ ਕੁੰਦੀ, ਸਕੱਤਰ ਸ. ਦਰਸ਼ਨ ਸਿੰਘ, ਸ. ਗੁਰਦੇਵ ਸਿੰਘ ਮੈਂਬਰ ਅਤੇ ਗੁਰਦੁਆਰਾ ਖਾਲਸਾ ਜਥਾ ਸੈਫਰਡ ਬੁਸ਼ ਦੇ ਪ੍ਰਧਾਨ ਸ. ਗੁਰਪੀਤ ਸਿੰਘ ਅਨੰਦ ਤੇ ਸਮੁੱਚੇ ਮੈਂਬਰਾਂ ਵੱਲੋਂ ਵੱਖ-ਵੱਖ ਵਿਸ਼ੇਸ਼ ਗੁਰਮਤਿ ਸਮਾਗਮ ਅਯੋਜਤ ਕੀਤੇ ਗਏ। ਜਿਸ ਵਿੱਚ ਬੁੱਢਾ ਦਲ ਦੇ 14 ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਉਚੇਚੇ ਤੌਰ ਤੇ ਸਮੂਲੀਅਤ ਕੀਤੀ। ਉਨ੍ਹਾਂ ਬੁੱਢਾ ਦਲ ਦੇ ਜਥੇਦਾਰਾਂ ਵੱਲੋਂ ਸਿੱਖ ਕੌਮ ਤੇ ਦੇਸ਼ ਲਈ ਘਾਲੀਆਂ ਘਾਲਨਾਵਾਂ ਦਾ ਵਿਸਥਾਰ ਪੂਰਵਕ ਸੰਗਤਾਂ ਨੂੰ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਜਿਥੇ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਦੋ ਸੌ ਸਾਲਾ ਸ਼ਹੀਦੀ ਸ਼ਤਾਬਦੀ ਮਨਾਈ ਗਈ ਉਥੇ ਮਹਾਨ ਜਰਨੈਲ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੀ ਸ਼ਤਾਬਦੀ ਵੀ ਮਨਾਈ ਗਈ ਹੈ ਜਿਸ ਦੇ ਦਿਲੀ, ਕਰਨਾਲ, ਪਾਣੀਪਤ, ਅੰਮ੍ਰਿਤਸਰ ਵਿਖੇ ਵਿਸ਼ੇਸ਼ ਸਮਾਗਮ ਕੀਤੇ ਗਏ ਹਨ। ਉਨ੍ਹਾਂ ਨੇ ਗੁਰੂ ਸਾਹਿਬਾਨ ਅਤੇ ਸਿੱਖ ਜਰਨੈਲਾਂ ਦੇ ਇਤਿਹਾਸਕ ਸ਼ਸਤਰਾਂ ਦੇ ਸੰਗਤਾਂ ਨੂੰ ਦਰਸ਼ਨ ਵੀ ਕਰਵਾਏ। ਉਪਰੰਤ ਗੁ: ਖਾਲਸਾ ਜਥਾ ਸੈਫਰਡਬੁਸ਼ ਵਿਖੇ ਰਾਤਰੀ ਸਮਾਗਮ ਵਿੱਚ ਵੀ ਉਨ੍ਹਾਂ ਹਾਜ਼ਰੀ ਭਰੀ। ਇਸ ਸਮੇਂ ਬਾਬਾ ਹਰਜੀਤ ਸਿੰਘ ਖੰਡਾ ਖੜਕੇਗਾ, ਬਾਬਾ ਜਸਵਿੰਦਰ ਸਿੰਘ ਜੱਸੀ ਅਮਰੀਕਾ, ਗਿਆਨੀ ਭਗਵਾਨ ਸਿੰਘ ਜੌਹਲ ਤੇ ਹੋਰ ਸਥਾਨਕ ਨਿਹੰਗ ਸਿੰਘ ਵੱਡੀ ਗਿਣਤੀ ਵਿੱਚ ਬਾਬਾ ਜੀ ਦੇ ਨਾਲ ਹਾਜ਼ਰ ਸਨ।

ਉਘੇ ਵਿਚਾਰਵਾਨ ਗਿਆਨੀ ਭਗਵਾਨ ਸਿੰਘ ਜੌਹਲ ਨੇ ਇਸ ਗੁਰਦੁਆਰਾ ਸਾਹਿਬ ਦੀ ਸਥਾਪਨਾ ਬਾਰੇ ਚਰਚਾ ਕਰਦਿਆਂ ਕਿਹਾ ਕਿ ਮਹਾਰਾਜਾ ਪਟਿਆਲਾ ਦੇ ਜਤਨਾ ਸਦਕਾ ਸੰਤ ਤੇਜਾ ਸਿੰਘ ਦੇ ਉਤਸ਼ਾਹ ਤੇ ਪ੍ਰੇਰਨਾ ਨਾਲ 1908 ਈ. ਵਿਚ ਇਹ ਗੁਰਦੁਆਰਾ ਹੋਂਦ ਵਿੱਚ ਆਇਆ। ਮਹਾਰਾਜਾ ਦਲੀਪ ਸਿੰਘ ਦੀ ਜਲਾਵਤਨੀ ਅਤੇ ਸ਼ਹੀਦ ਊਧਮ ਸਿੰਘ ਦੀ ਹਾਜ਼ਰੀ ਵੀ ਇਸ ਗੁਰਦੁਆਰਾ ਸਾਹਿਬ ਅੰਦਰ ਰਹੀ ਹੈ। ਸੰਤ ਤੇਜਾ ਸਿੰਘ ਵੱਲੋਂ ਗੁ: ਖਾਲਸਾ ਜਥਾ ਸੈਫਰਡ ਬੁਸ਼ ਲੰਡਨ ਅਤੇ ਗੁ: ਖਾਲਸਾ ਦੀਵਾਨ ਸੋਸਾਇਟੀ ਵੈਨਕੁਅਰ ਕਨੇਡਾ ਬਨਾਇਆ ਗਿਆ ਸੀ ਜੋ ਇਤਿਹਾਸ ਨੂੰ ਸਮੋਈ ਬੈਠੇ ਹਨ।

ਇਸ ਮੌਕੇ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਅਗਲੇ ਪ੍ਰੋਗਰਾਮ ਕਰਮਵਾਰ ਇਸ ਤਰ੍ਹਾਂ ਹੋਣਗੇ ਗੁ: ਸਿੰਘ ਸਭਾ ਸੈਵਨ ਕਿੰਗਜ਼ ਈਸਟ ਲੰਡਨ, ਗੁ: ਗੁਰੂ ਨਾਨਕ ਪ੍ਰਕਾਸ਼ ਕੋਵੈਂਨਟਰੀ, ਗੁ: ਗੁਰੂ ਕਲਗੀਧਰ ਡੋਨਕੈਸਟਰ, ਬਾਬੇ ਕੇ ਫਾਰਮ ਸਟੈਫੋਰਡ, ਗੁ: ਗੁਰੂ ਤੇਗ਼ ਬਹਾਦਰ ਸਾਹਿਬ ਲਿਊਚੈਸਟਰ, ਗੁ: ਗੁਰੂ ਨਾਨਕਸਰ ਠਾਠ ਵੋਲਹੈਪਟਨ, ਬਾਬੇ ਕੇ ਫਾਰਮ ਵਿਚ ਗੁ: ਅੰਮ੍ਰਿਤ ਪ੍ਰਚਾਰ ਦੀਵਾਨ ਓਡਲਬਰੀ ਬਰਬਿੰਘਮ, ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ, ਹੈਡਸਵਰਥ ਅਤੇ ਮਹਾਨ ਬਰਸੀ ਸਮਾਗਮ ਵੈਸਟ ਬਰੋਮਵਿਚ ਵਿਖੇ ਹੋਣਗੇ।

ਫੋਟੋ ਕੈਪਸ਼ਨ:-  ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਅਤੇ ਸਥਾਨਕ ਸੰਗਤਾਂ ਨਾਲ।