Headlines

‘ਵਾਰਿਸ ਸ਼ਾਹ ਆਲਮੀ ਫਾਊਂਡੇਸ਼ਨ’ ਵਲੋਂ ਗੁਰਦਾਸ ਮਾਨ ਨੂੰ ਸੰਗੀਤ ਪੁਰਸਕਾਰ ਦੇਣ ਦਾ ਫੈਸਲਾ ਬਦਲਿਆ

ਵੈਨਕੂਵਰ (ਡਾ. ਗੁਰਵਿੰਦਰ ਸਿੰਘ)-
ਲਹਿੰਦੇ ਪੰਜਾਬ ਦੀ ਸੰਸਥਾ ਵਾਰਿਸ਼ ਸ਼ਾਹ ਆਲਮੀ ਫਾਊਂਡੇਸ਼ਨ ਨੇ ਸੰਗੀਤ ਪੁਰਸਕਾਰ ਗੁਰਦਾਸ ਮਾਨ ਨੂੰ ਦੇਣ ਦਾ ਫੈਸਲਾ ਰੱਦ ਕਰਦਿਆਂ ਹੋਇਆਂ, ਹੁਣ ਇਹ ਪੁਰਸਕਾਰ ‘ਬਾਬਾ ਗਰੁੱਪ’ ਦੇ ਸੂਫੀ ਗਾਇਕਾਂ ਨੂੰ ਦੇਣ ਦਾ ਫੈਸਲਾ ਕੀਤਾ ਹੈ। ਦਰਅਸਲ ਗੁਰਦਾਸ ਮਾਨ ਵਲੋਂ ਪੰਜਾਬੀ ਬੋਲੀ ਦੇ ਨਿਰਾਦਰ ਕਾਰਨ ਇਹ ਪੁਰਸਕਾਰ ਉਸਨੂੰ ਨਾ ਦੇਣ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਸੀ ਅਤੇ ਹੁਣ ਇਹ ਫ਼ੈਸਲਾ ਪੰਜਾਬੀ ਅਵਾਮ ਦੀ ਜਿੱਤ ਕਿਹਾ ਜਾ ਸਕਦਾ ਹੈ।
ਪਾਕਿਸਤਾਨੀ ਪੰਜਾਬ ਨਾਲ ਸਬੰਧਤ ਨਾਮਵਰ ਸਾਹਿਤਕਾਰ ਨਜ਼ੀਰ ਕਹੂਟ ‘ਸਾਂਝ ਲੋਕ ਰਾਜ ਪਾਕ ਪਟਨ’, ਸ਼ਬੀਰ ਜੀ ‘ਵਾਰਿਸ ਸ਼ਾਹ ਪ੍ਰਚਾਰ ਤੇ ਪ੍ਰਸਾਰ ਪਰਿਆ’, ਆਸਿਫ਼ ਰਜ਼ਾ ‘ਮਾਂ ਬੋਲੀ ਰਿਸਰਚ ਸੈਂਟਰ’, ਸੁਫ਼ੀਕ ਬੱਟ ਲੋਕ ਸੁਜੱਗ’ ਸੰਸਥਾ, ਕੈਨੇਡਾ ਤੋਂ ਸਾਊਥ ਏਸ਼ੀਅਨ ਰਿਵਿਊ ਅਤੇ ਜੀਵੇ ਪੰਜਾਬ ਅਦਬੀ ਫਾਊਂਡੇਸ਼ਨ, ‘ਮਾਂ ਬੋਲੀ ਪੰਜਾਬੀ ਦੇ ਵਾਰਿਸ’ ਸੰਸਥਾ, ‘ਪੰਜਾਬੀ ਸਾਹਿਤ ਸਭਾ ਮੁਢਲੀ ਰਜਿਸਟਰਡ’ ਐਬਟਸਫੋਰਡ, ਲੋਕ ਲਿਖਾਰੀ ਸਹਿਤ ਸਭਾ ਉੱਤਰੀ ਅਮਰੀਕਾ, ਮਿਸ਼ਨ ਪੰਜ ਆਬ ਕਲਚਰਲ ਕਲੱਬ, ਵਣਜਾਰਾ ਨੋਮੈਡ ਸੰਸਥਾ ਕੈਨੇਡਾ, ਕੈਨੇਡੀਅਨ ਸਿੱਖ ਸਟੱਡੀ ਅਤੇ ਟੀਚਿੰਗ ਸੋਸਾਇਟੀ ਅਤੇ ਨੌਰਥ ਅਮਰੀਕਾ ਸਿੱਖ ਅਲਾਇੰਸ ਨੇ ਸਾਂਝੇ ਰੂਪ ਵਿੱਚ ਇਸ ਫੈਸਲੇ ‘ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ।
ਪੰਜਾਬੀ ਮਾਂ ਬੋਲੀ ਦੇ ਪਿਆਰਿਆਂ ਨੇ ਇਲਿਆਸ ਘੁੰਮਣ ਅਤੇ ਵਾਰਿਸ ਆਲਮੀ ਫਾਊਂਡੇਸ਼ਨ ਲਾਹੌਰ ਪਾਕਿਸਤਾਨ ਵੱਲੋਂ, ਗੁਰਦਾਸ ਮਾਨ ਨੂੰ ਇਹ ਪੁਰਸਕਾਰ ਨਾ ਦੇ ਕੇ, ਲੈ ਸੁਰ ਸੰਗੀਤਿ ਅਤੇ ਪੰਜਾਬੀ ਦੇ ਜਾਗਰੂਕ ਸਪੂਤ ‘ਬਾਬਾ ਗਰੁੱਪ’ ਨੂੰ ਸੰਗੀਤ ਪੁਰਸਕਾਰ ਦੇਣ ਦੇ ਫੈਸਲੇ ਲਈ ਤਹਿ ਦਿਲੋਂ ਧੰਨਵਾਦ ਕੀਤਾ ਹੈ। ਪੰਜਾਬ ਮਾਂ ਬੋਲੀ ਦੇ ਵਾਰਿਸਾਂ ਨੇ ਬਾਬਾ ਗਰੁੱਪ ਦੇ ਸੂਫੀ ਗਾਇਕਾਂ ਨੂੰ ਮੁਬਾਰਕਬਾਦ ਪੇਸ਼ ਕੀਤੀ ਹੈ।
ਇੱਥੇ ਜ਼ਿਕਰਯੋਗ ਹੈ ਕਿ ਗੁਰਦਾਸ ਮਾਨ ਨੂੰ ਵਾਰਿਸ ਸ਼ਾਹ ਪੁਰਸ਼ਕਾਰ ਦੇਣ ਦਾ ਲਗਾਤਾਰ ਵਿਰੋਧ ਹੋਇਆ ਸੀ ਅਤੇ ਬੀਤੇ ਦਿਨ ਸਰੀ ਵਿੱਚ ਪੰਜਾਬੀ ਮਾਂ ਬੋਲੀ ਦੇ ਵਾਰਿਸਾਂ ਵੱਲੋਂ ਹੋਏ ਜਨਤਕ ਇਕੱਠ ਵਿੱਚ ਇਹ ਪੁਰਸਕਾਰ ਦੇਣ ਖ਼ਿਲਾਫ਼ ਮਤਾ ਵੀ ਪਾਸ ਕੀਤਾ ਗਿਆ ਸੀ। ਇਸ ਵਿਰੋਧ ਦੇ ਮਤੇ ਨੂੰ ਸਮਝਣ ਲਈ ਪਿਛੋਕੜ ਦਾ ਘਟਨਾਕ੍ਰਮ ਜਾਣਨਾ ਜ਼ਰੂਰੀ ਹੈ। ਭਾਰਤ ਅੰਦਰ ਰਾਸ਼ਟਰਵਾਦੀ- ਫਾਸ਼ੀਵਾਦੀ ਏਜੰਡੇ ਤਹਿਤ ਅਪਣਾਏ ਜਾ ਰਹੇ ਰਾਹ ‘ਇੱਕ ਦੇਸ਼ ਇੱਕ ਬੋਲੀ’ ਦੀ ਤਰਜ਼ ‘ਤੇ, ਗਾਇਕ ਗੁਰਦਾਸ ਮਾਨ ਵੱਲੋਂ ਕੈਨੇਡਾ ਵਿੱਚ ਚਾਰ ਕੂ ਸਾਲ ਪਹਿਲਾਂ ਕਹੇ ਅਪਸ਼ਬਦਾਂ ਨੂੰ ਲੈ ਕੇ, ਕੈਨੇਡਾ ਵਸਦੇ ਪੰਜਾਬੀਆਂ ਵੱਲੋਂ ਉਸ ਦਾ ਤਿੱਖਾ ਵਿਰੋਧ ਹੋਇਆ ਸੀ। ਆਪਣੀ ਗਲਤ ਗੱਲ ਨੂੰ ਸਹੀ ਸਾਬਤ ਕਰਨ ਲਈ ਗੁਰਦਾਸ ਮਾਨ ਦਾ ਇਹ ਕਹਿਣਾ ਸੀ ਕਿ ਉੱਤਰ ਤੋਂ ਲੈ ਕੇ ਦੱਖਣ ਤੱਕ ਸਾਰੇ ਹਿੰਦੁਸਤਾਨ ਵਿੱਚ ਇੱਕ ਭਾਸ਼ਾ ਹੋਣੀ ਚਾਹੀਦੀ ਹੈ, ਜਿਵੇਂ ਕਿ ਫਰਾਂਸ ਦੇ ਵਿੱਚ ਤੇ ਜਰਮਨੀ ਦੇ ਵਿੱਚ ਇੱਕ ਭਾਸ਼ਾ ਹੈ, ਜੋ ਬਿਲਕੁਲ ਬੇਤੁਕਾ ਸੀ। ਭਾਰਤ ਵਿੱਚ ਅੱਜ ਵੀ ਸੰਘੀ ਤਾਕਤਾਂ ਅਜਿਹਾ ਕਰਨ ਦੀ ਕੋਸ਼ਿਸ਼ ‘ਚ ਹਨ ਅਤੇ ਅਤੇ ਉਨ੍ਹਾਂ ਫਾਸ਼ੀਵਾਦੀ ਨੀਤੀਆਂ ਨਾਲ ਦੱਖਣੀ ਭਾਰਤ ਵਿੱਚ ਵੀ ਹਿੰਦੀ ਨੂੰ ਲਾਗੂ ਕਰਨ ਦਾ ਤਹੱਈਆ ਕੀਤਾ ਹੋਇਆ ਹੈ, ਪਰ ਇਸ ਦੇ ਤਿੱਖੇ ਵਿਰੋਧ ਵਿੱਚ ਉੱਥੋਂ ਦੇ ਸਾਹਿਤਕਾਰ, ਕਲਾਕਾਰ, ਗਾਇਕ -ਗੀਤਕਾਰ ਸਭ ਇੱਕ-ਮੁੱਠ ਹਨ।
ਦਰਅਸਲ ਪੂਰੇ ਭਾਰਤ ਵਿੱਚ ਜਬਰੀ ਹਿੰਦੀ ਭਾਸ਼ਾ ਲਾਗੂ ਕਰਨ ਦੀ ਨੀਤੀ ਹਿੰਦੂਤਵੀ ਕੱਟੜਤਾ ਅਤੇ ਘੱਟ ਗਿਣਤੀਆਂ ਦੇ ਵਿਰੋਧ ਵਿੱਚ ਘੜੀ ਗਈ ਚਾਲ ਹੈ, ਜਿਸ ਦੀ ‘ਹਾਂ ਵਿੱਚ ਹਾਂ’ ਮਿਲਾਉਂਦੇ ਹੋਏ ਗੁਰਦਾਸ ਮਾਨ ਵੱਲੋਂ ਮਾਂ- ਮਾਸੀ ਦਾ ‘ਹੁੰਗਾਰਾ’ ਭਰਿਆ ਜਾਣਾ, ਨਿਖੇਧੀਜਨਕ ਹੈ। ਗੁਰਦਾਸ ਮਾਨ ਕੈਨੇਡਾ ਦੀ ਸਥਿਤੀ ਦੇਖ ਸਕਦਾ ਹੈ ਕਿ ਇੱਥੋਂ ਦੇ ਹੀ ਇੱਕ ਸੂਬੇ ਕਿਊਬੈਕ ਵਿੱਚ ਫਰੈਂਚ ਭਾਸ਼ਾ ਦਾ ਬੋਲਬਾਲਾ ਹੈ ਤੇ ਉੱਥੇ ਧੱਕੇ ਨਾਲ ਕਿਸੇ ਹੋਰ ਭਾਸ਼ਾ ਨੂੰ ਲਾਗੂ ਕੀਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਗੁਰਦਾਸ ਮਾਨ ਦੀ ਅਜਿਹੀ ਬਿਆਨਬਾਜ਼ੀ ਤੇ ਟਿੱਪਣੀਆਂ ਨੇ ਪੰਜਾਬੀ ਪ੍ਰੇਮੀਆਂ ਦੇ ਦਿਲਾਂ ਨੂੰ ਭਾਰੀ ਸੱਟ ਮਾਰੀ ਹੈ। ਵੱਡਾ ਸਵਾਲ ਇਹ ਹੈ ਕਿ ਗੁਰਦਾਸ ਮਾਨ ‘ਕਿਹੋ ਜਿਹਾ ਸੇਵਾਦਾਰ’ ਹੈ ਮਾਂ ਪੰਜਾਬੀ ਦਾ? ਜਿਸ ਪੰਜਾਬੀ ਨੇ ਉਸ ਨੂੰ ਧਨ-ਦੌਲਤ ਤੇ ਸ਼ੋਹਰਤ ਦਿੱਤੀ, ਉਸੇ ਦੀ ਹੀ ਬਦਨਾਮੀ ਕਰ ਰਿਹਾ ਹੈ। ਅਜਿਹੀ ਹਾਲਤ ਵਿੱਚ ਪੰਜਾਬੀ ਦੀ ਨੁਹਾਰ ਫਿੱਕੀ ਪਾਉਣ ਅਤੇ ਇਸ ਦਾ ਸ਼ਿੰਗਾਰ ਖੋਹਣ ਦਾ ਦੋਸ਼ੀ ਉਹ ਖੁਦ ਹੀ ਹੈ, ਹੋਰ ਕੋਈ ਨਹੀਂ।