Headlines

ਕੈਨੇਡਾ ਸਰਕਾਰ ਵਲੋਂ ਵਿਦਿਆਰਥੀ ਵੀਜੇ ਸੀਮਤ ਕਰਨ ਦੀ ਚਰਚਾ

ਕੈਬਨਿਟ  ਮੰਤਰੀ ਫਰੇਜ਼ਰ ਵਲੋਂ ਵਿਦਿਆਰਥੀ ਵੀਜਾ ਨੀਤੀ ਦੇ ਮੁਲਾਂਕਣ ਦਾ ਸੁਝਾਅ-

ਓਟਵਾ ( ਦੇ ਪ੍ਰ ਬਿ)–ਹਾਊਸਿੰਗ ਤੇ ਬੁਨਿਆਦੀ ਢਾਂਚੇ ਬਾਰੇ ਮੰਤਰੀ ਸ਼ੌਨ ਫਰੇਜ਼ਰ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਨੂੰ ਅੰਤਰਰਾਸ਼ਟਰੀ ਵਿਦਿਆਰਥੀ ਨੀਤੀ ਦਾ ਮੁਲਾਂਕਣ ਕਰਕੇ ਪ੍ਰੋਗਰਾਮ ਨੂੰ ਸੀਮਤ (ਕੈਪ ) ਕਰਨ ’ਤੇ ਵਿਚਾਰ ਕਰਨਾ ਚਾਹੀਦਾ ਹੈ। ਉਹਨਾਂ ਦਾ ਮੰਨਣਾ ਹੈ ਕਿ ਇਮੀਗ੍ਰੇਸ਼ਨ ਵਿਚ ਭਾਰੀ ਵਾਧੇ ਕਾਰਣ  ਰੈਂਟਲ ਮਾਰਕੀਟ ’ਤੇ ਦਬਾਅ ਪੈ ਰਿਹਾ ਹੈ ਅਤੇ ਕੀਮਤਾਂ ਵਧ ਰਹੀਆਂ ਹਨ| ਸਰਕਾਰੀ ਅੰਕੜੇ ਦੱਸਦੇ ਹਨ ਕਿ 2015 ਵਿਚ ਜਦੋਂ ਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੱਤਾ ਸੰਭਾਲੀ ਸੀ ਉਸ ਸਮੇਂ ਤੋਂ ਕੈਨੇਡਾ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਦੁਗਣੀ ਤੋਂ ਵੀ ਜ਼ਿਆਦਾ ਹੋ ਗਈ ਹੈ| 2022 ਦੇ ਅਖੀਰ ਵਿਚ ਇਹ ਗਿਣਤੀ 8,07260 ਸੀ| ਫਰੇਜ਼ਰ ਦਾ ਕਹਿਣਾ ਹੈ  ਕਿ ਹਕੀਕਤ ਇਹ ਹੈ ਕਿ ਸਾਡੇ ਕੋਲ ਆਰਜ਼ੀ ਇਮੀਗ੍ਰੇਸ਼ਨ ਪ੍ਰੋਗਰਾਮ ਹੈ ਜਿਹੜਾ ਇੰਨੇ ਥੋੜੇ ਸਮੇਂ ਵਿਚ ਇਸ ਤਰ੍ਹਾਂ ਦੇ ਵਿਸਫੋਟਕ ਵਾਧੇ ਨਾਲ ਨਜਿੱਠਣ ਲਈ ਕਦੇ ਵੀ ਤਿਆਰ ਨਹੀਂ ਕੀਤਾ ਗਿਆ ਸੀ| ਉਨ੍ਹਾਂ ਕਿਹਾ ਕਿ ਸਥਾਈ ਨਿਵਾਸ ਪ੍ਰਵਾਸ ਪ੍ਰੋਗਰਾਮਾਂ ਜਿਥੇ ਸਰਕਾਰ ਹਰੇਕ ਸਾਲ ਲਈ ਟੀਚੇ ਤਹਿ ਕਰਦੀ ਹੈ ਦੇ ਉਲਟ ਸਟੱਡੀ ਪਰਮਿਟ ਪ੍ਰੋਗਰਾਮ ਇਕ ਆਰਜ਼ੀ ਰੈਜ਼ੀਡੈਂਟ ਪ੍ਰੋਗਰਾਮ ਹੈ ਜਿਹੜਾ ਮੰਗ ਮੁਤਾਬਿਕ ਚਲਾਇਆ ਜਾਂਦਾ ਹੈ ਅਤੇ ਇਸ ਲਈ ਸੀਮਾ ਨਿਰਧਾਰਤ ਨਹੀਂ| ਜਦੋਂ ਇਹ ਪੁੱਛਿਆ ਗਿਆ ਕੀ ਕੀ ਸਰਕਾਰ ਨੂੰ ਹਰੇਕ ਸਾਲ ਕੈਨੇਡਾ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਦੀ ਸੀਮਾ ਨਿਰਧਾਰਤ ਕਰਨੀ ਚਾਹੀਦੀ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਇਕ ਵਿਕਲਪ ਹੈ ਜਿਸ ’ਤੇ ਓਟਵਾ ਨੂੰ ਵਿਚਾਰ ਕਰਨਾ ਚਾਹੀਦਾ ਹੈ| ਫਰੇਜ਼ਰ ਨੇ ਸਮੇਂ ਦੀ ਹੱਦ ਕੋਈ ਨਹੀਂ ਦੱਸੀ ਜਦੋਂ ਓਟਵਾ ਸਟੱਡੀ ਪਰਮਿਟ ਜਾਰੀ ਕਰਨ ਦੀ ਗਿਣਤੀ ਘਟਾ ਸਕਦਾ ਹੈ| ਜਦੋਂ ਇਹ ਪੁੱਛਿਆ ਕਿ ਕੀ ਇਹ ਤਬਦੀਲੀ ਇਸ ਫਾਲ ( ਪਤਝੜ ਦਾ ਮੌਸਮ) ਵਿਚ ਹੋ ਸਕਦੀ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਬਾਅਦ ਵਿਚ ਕੁਝ ਕਹਿਣਗੇ| ਫਰੇਜ਼ਰ  ਪ੍ਰਿੰਸ ਐਡਵਾਰਡ ਆਈਲੈਂਡ ਵਿਚ ਤਿੰਨ ਦਿਨਾਂ ਕੈਬਨਿਟ ਰੀਟਰੀਟ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ|
ਕੈਨੇਡਾ ਵਿਚ 58 ਲੱਖ ਘਰਾਂ ਦੀ ਲੋੜ-
ਇਸੇ ਦੌਰਾਨ ਫੈਡਰਲ ਕੈਬਨਿਟ ਮਕਾਨ ਸੰਕਟ ਨੂੰ ਲੈ ਕੇ ਪਿਛਲੇ ਹਫ਼ਤੇ ਜਾਰੀ ਦੋ ਮਾਹਿਰਾਂ ਦੀ ਰਿਪੋਰਟ ’ਤੇ ਵਿਚਾਰ ਕਰੇਗਾ| ਰਿਪੋਰਟ ਵਿਚ ਕਿਹਾ ਗਿਆ ਕਿ ਮਕਾਨ ਕਿਰਾਏ ਵਿਚ ਵਾਧੇ ਲਈ ਕੈਨੇਡਾ ਬਾਲਗਾਂ ਦਾ ਵਾਧਾ ਜ਼ਿੰਮੇਵਾਰ ਹੈ ਜਿਹੜਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਾਧੇ ਨਾਲ ਜੁੜਿਆ ਹੋਇਆ ਹੈ| ਮਾਹਿਰਾਂ ਨੇ ਸਰਕਾਰ ਨੂੰ ਮਕਾਨਾਂ ਲਈ ਉਦਯੋਗਿਕ ਰਣਨੀਤੀ ਕਾਇਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ 2030 ਤੱਕ ਮਕਾਨਾਂ ਦੀ ਕਿਫਾਇਤ ਸਮਰੱਥਾ ਨੂੰ ਬਹਾਲ ਕਰਨ ਲਈ ਦੇਸ਼ ਨੂੰ 58 ਲੱਖ ਹੋਰ ਮਕਾਨ ਬਣਾਉਣ ਦੀ ਲੋੜ ਹੈ ਜਿਨ੍ਹਾਂ ਵਿਚ 20 ਲੱਖ ਕਿਰਾਏ ਦੇ ਮਕਾਨ ਹੋਣੇ ਚਾਹੀਦੇ ਹਨ|

ਉਧਰ ਕੰਸਰਵੇਟਿਵ ਨੇਤਾ ਪੀਅਰ ਪੋਲੀਵਰ ਨੇ ਮਕਾਨਾਂ ਦੀਆਂ ਵੱਧ ਰਹੀਆਂ ਕੀਮਤਾਂ ਲਈ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਕਿਹਾ ਕਿ ਇਹ ਤੇਜ਼ ਵਾਧਾ ਟਰੂਡੋ ਦੀ ਦੇਖ ਰੇਖ ਹੇਠ ਹੋਇਆ ਹੈ| ਹੁਣ ਟਰੂਡੋ ਚਾਹੁੰਦੇ ਹਨ ਕਿ ਕੈਨੇਡੀਅਨ ਸਭ ਕੁਝ ਲਈ  ਪ੍ਰਵਾਸੀਆਂ ਨੂੰ ਦੋਸ਼ੀ ਠਹਿਰਾਉਣ, ਉਹ ਆਪਣੀਆਂ ਨਾਕਾਮੀਆਂ ਤੋਂ ਧਿਆਨ ਭਟਕਾਉਣ ਲਈ ਲੋਕਾਂ ਨੂੰ ਵੰਡਣਾ ਚਾਹੁੰਦੇ ਹਨ| ਪਾਰਲੀਮੈਂਟ ਹਿਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੋਲੀਵਰ ਨੇ ਵੀ ਇਸ ਬਾਰੇ ਕੁਝ ਨਹੀਂ ਕਿਹਾ ਕਿ ਕੀ ਉਹ ਪ੍ਰਵਾਸ ਦਾ ਪੱਧਰ ਘਟਾਉਣਗੇ ਜਾਂ ਨਹੀਂ ਅਤੇ ਇਸ ਦੀ ਬਜਾਏ ਉਨ੍ਹਾਂ ਕਿਹਾ ਕਿ ਓਟਵਾ ਨੂੰ ਕਛੂਆ ਦੇ ਚਾਲ ਚਲ ਰਹੀ । ਮਿਉਂਸਪਲ ਨੌਕਰਸ਼ਾਹੀ ’ਤੇ ਸ਼ਿਕੰਜਾ ਕੱਸਣ ਦੀ ਲੋੜ ਹੈ ਜਿਹੜੇ ਉਸਾਰੀ ਪ੍ਰਾਜੈਕਟ ਨੂੰ ਸ਼ੁਰੂ ਕਰਨ ਵਿਚ ਔਕੜਾਂ ਪੈਦਾ ਕਰਦੇ ਹਨ|