Headlines

ਪ੍ਰਸਿਧ ਕਹਾਣੀਕਾਰ ਤੇ ਪੱਤਰਕਾਰ ਦੇਸ ਰਾਜ ਕਾਲੀ ਦਾ ਦੁਖਦਾਈ ਵਿਛੋੜਾ

ਜਲੰਧਰ ( ਦੇ ਪ੍ਰ ਬਿ) – ਪੰਜਾਬੀ ਸਾਹਿਤ ਤੇ ਪੱਤਰਕਾਰੀ ਦੀ ਚਰਚਿਤ ਸ਼ਖਸੀਅਤ ਦੇਸ ਰਾਜ ਕਾਲੀ ਦੇ ਸਦੀਵੀ ਵਿਛੋੜਾ ਦੇ ਜਾਣ ਦੀ ਦੁਖਦਾਈ ਖਬਰ ਹੈ। ਮਿੱਠਾਪੁਰ, ਜਲੰਧਰ ਨਾਲ ਸਬੰਧਿਤ ਦੇਸ ਰਾਜ ਕਾਲੀ ਉਘੇ ਕਹਾਣੀਕਾਰ, ਚਿੰਤਕ, ਪੱਤਰਕਾਰ , ਸੰਪਾਦਕ ਤੇ  ਇਕ ਬੇਬਾਕ ਬੁਲਾਰੇ ਵਜੋਂ ਜਾਣੇ ਜਾਂਦੇ ਸਨ।

ਪੰਜਾਬੀ ਕਹਾਣੀ ਵਿਚ ਨਵੀਆਂ ਪੈੜਾਂ ਪਾਉਣ ਵਾਲੇ ਲੇਖਕ ਵਜੋਂ ਉਹਨਾਂ ਦੇ ਚਰਚਿਤ ਕਹਾਣੀ ਸੰਗ੍ਰਹਿਾਂ ਵਿਚ  ਸਾਂਤੀ ਪ੍ਰਵ, ਫ਼ਕੀਰੀ, ਪ੍ਰਥਮ ਪੌਰਾਣ, ਸ਼ਹਿਰ ਵਿਚ ਸਾਨ ਹੋਣ ਦਾ ਮਤਲਬ ਤੋਂ ਇਲਾਵਾ ਜਪੁ ਜੀ ਨਿਰਗੁਣ ਸ਼ਬਦ ਵਿਚਾਰ, ਤਸੀਹੇ ਕਦੇ ਬੁੱਢੇ ਨਹੀਂ ਹੁੰਦੇ, ਪਰਣੇਸ਼ਵਰੀ, ਅੱਤਹੀਣ ਅਤੇ ਹੋਰ ਕਈ ਰਚਨਾਵਾਂ ਸ਼ਾਮਿਲ ਹਨ। ਪ੍ਰਸਿਧ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦੇ ਸਾਹਿਤਕ  ਮੈਗਜ਼ੀਨ ‘ ਲਕੀਰ ‘ ਦੇ ਪਿਛਲੇ ਕਈ ਸਾਲਾਂ ਤੋਂ ਸੰਪਾਦਕ ਚਲੇ ਆ ਰਹੇ  ਸਨ।

ਲਗਪਗ 52 ਸਾਲ ਦੇ ਦੇਸ ਰਾਜ ਕਾਲੀ ਪਿਛਲੇ ਕੁਝ ਸਮੇਂ ਤੋਂ ਬੀਮਾਰ ਸਨ। ਬੀਤੇ ਦਿਨ ਉਹਨਾਂ ਨੂੰ ਪੀ ਜੀ ਆਈ ਚੰਡੀਗੜ ਦਾਖਲ ਕਰਵਾਇਆ ਗਿਆ ਸੀ ਜਿਥੇ ਉਹਨਾਂ ਆਖਰੀ ਸਾਹ ਲਿਆ। ਉਹ ਆਪਣੇ ਪਿੱਛੇ ਪਤਨੀ. ਤਿੰਨ ਬੱਚੇ ਇਕ ਬੇਟਾ ਤੇ ਦੋ ਬੇਟੀਆਂ ਛੱਡ ਗਏ ਹਨ।