Headlines

ਸੰਪਾਦਕੀ- ਇਸਰੋ ਵਿਗਿਆਨੀਆਂ ਦੀ ਮਹਾਂਸਫਲਤਾ, ਭਾਰਤੀਆਂ ਲਈ ਮਾਣਮੱਤੇ ਭਾਵੁਕ ਪਲ…

ਸੁਖਵਿੰਦਰ ਸਿੰਘ ਚੋਹਲਾ—-

ਭਾਰਤ ਬਾਰੇ ਇਕ ਪ੍ਰਚਲਤ ਮੁਹਾਵਰਾ ਹੈ – ਦੇਸ਼ ਅਮੀਰ ਤੇ ਲੋਕ ਗਰੀਬ। ਪਰ ਪਿਛਲੇ ਬੁੱਧਵਾਰ ਇਸਰੋ ਵਿਗਿਆਨੀਆਂ ਨੇ ਪੁਲਾੜ ਖੋਜ ਖੇਤਰ ਵਿਚ ਜੋ ਕਾਰਨਾਮਾ ਕਰ ਵਿਖਾਇਆ ਹੈ, ਉਸਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਭਲੇ ਹੀ ਭਾਰਤ ਦਾ ਸ਼ੁਮਾਰ ਦੁਨੀਆ ਦੇ ਗਰੀਬ ਮੁਲਕਾਂ ਵਿਚ ਹੁੰਦਾ ਹੋਵੇ ਪਰ ਭਾਰਤ ਦੀ ਬੌਧਿਕ ਅਮੀਰੀ, ਅਮੀਰ ਮੁਲਕਾਂ ਜਾਂ ਪੁਲਾੜ ਮਹਾਂਸ਼ਕਤੀਆਂ ਤੋਂ ਕਿਤੇ ਵੀ ਘੱਟ ਨਹੀ। ਬਲਕਿ ਇਸਰੋ ਵਿਗਿਆਨੀਆਂ ਨੇ ਤਾਂ ਆਪਣੇ ਗਿਆਨ ਦੀ ਬੁਲੰਦੀ ਦੇ ਨਾਲ ਸਿਰੜ ਤੇ ਲਗਨ ਦਾ ਸਬੂਤ ਦਿੰਦਿਆਂ ਭਾਰਤੀ ਤਿਰੰਗੇ ਨੂੰ ਚੰਦਰਮਾ ਦੇ ਦੱਖਣੀ ਧਰੁਵ ਉਪਰ ਛਾਪਦਿਆਂ ਦੁਨੀਆਂ ਦਾ ਪਹਿਲਾ ਮੁਲਕ ਹੋਣ ਦਾ ਮਾਣ ਦਿਵਾ ਦਿੱਤਾ ਹੈ। ਇਸਤੋਂ ਪਹਿਲਾਂ ਤਿੰਨ ਮਹਾਂਸ਼ਕਤੀਆਂ-ਅਮਰੀਕਾ, ਰੂਸ ਤੇ ਚੀਨ ਚੰਦਰਮਾ ਉਪਰ ਪੁੱਜ ਤਾਂ ਚੁੱਕੇ ਹਨ ਪਰ ਚੰਦਰਮਾ ਦੇ ਦੱਖਣੀ ਧਰੁਵ ਉਪਰ ਆਪਣੀ ਛਾਪ ਛੱਡਣ ਵਾਲਾ ਭਾਰਤ ਪਹਿਲਾ ਮੁਲਕ ਬਣ ਗਿਆ ਹੈ।

ਚੰਦਰਮਾ ਉਪਰ ਸਫਲ ਲੈਂਡਿੰਗ ਨੇ ਭਾਰਤ ਦੇ ਇੱਕ ਪੁਲਾੜ ਸ਼ਕਤੀ ਵਜੋਂ ਉਭਰਨ ਦੀਆਂ ਸੰਭਾਵਨਾਵਾਂ ਨੂੰ ਵੀ ਉਜਾਗਰ ਕੀਤਾ ਹੈ ਜੋ ਹੋਰ ਮਹਾਂਸ਼ਕਤੀਆਂ ਦੇ ਬਰਾਬਰ ਖੜਾ ਦਿਖਾਈ ਦੇ ਰਿਹਾ ਹੈ। ਇਸ ਮਹਾਂਸਫਲਤਾ ਲਈ ਭਾਰਤੀ ਵਿਗਿਵਾਨੀਆਂ ਜਿਹਨਾਂ ਵਿਚ ਇਸਰੋ ਦੇ ਮੁਖੀ ਐਸ ਸੋਮਨਾਥ, ਸਤੀਸ਼ ਧਵਨ ਸਪੇਸ ਸੈਂਟਰ ਦੇ ਡਾਇਰੈਕਟਰ ਏ ਰਾਜਾਰਾਜਨ, ਪ੍ਰੋਜੈਕਟ ਡਾਇਰੈਕਟਰ ਵੀਰਾਮਥੁਵੇਲ, ਏਅਰੋਸਪੇਸ ਦੀ ਡਿਪਟੀ ਡਾਇਰੈਕਟਰ ਕੇ ਕਲਪਨਾ, ਸਪੇਸ ਐਪਲੀਕੇਸ਼ਨ ਸੈਂਟਰ ਦੇ ਮੁਖੀ ਨਿਲੇਸ਼ ਦੇਸਾਈ, ਵਿਕਰਮ ਸਾਰਾਬਾਈ ਸਪੇਸ ਸੈਂਟਰ ਦੇ ਡਾਇਰੈਕਟਰ ਐਸ ਉਨੀਕ੍ਰਿਸ਼ਨਨ ਸਮੇਤ ਚੰਦਰਾਇਨ-3 ਪ੍ਰਾਜੈਕਟ ਦੀ ਸੈਂਟਰਲ ਟੀਮ, ਪਰੋਪਲਸ਼ਨ ਟੀਮ, ਸੈਂਸਰਜ ਟੀਮ ਵਿਚ ਕੰਮ ਕਰਨ ਵਾਲੇ ਸੈਂਕੜੇ ਵਿਗਿਆਨੀ ਜਿਹਨਾਂ ਵਿਚ 50 ਦੇ ਕਰੀਬ ਮਹਿਲਾ ਵਿਗਿਆਨੀ ਸ਼ਾਮਿਲ ਹਨ, ਦੀ ਬੌਧਿਕ ਸ਼ਕਤੀ, ਮਿਹਨਤ ਤੇ ਲਗਨ ਦੇ ਨਾਲ ਉਹਨਾਂ ਦੀ ਦੇਸ਼ ਪ੍ਰਤੀ ਸਮਰਪਣ ਭਾਵਨਾ ਨੂੰ ਸਲਾਮ ਹੈ। ਇਹਨਾਂ ਵਿਗਿਆਨੀਆਂ ਦੀ ਦੇਸ਼ ਪ੍ਰਤੀ ਸਮਰਪਣ ਭਾਵਨਾ ਇਸ ਲਈ ਹੈ ਕਿ ਉਹਨਾਂ ਨੇ ਇਕ ਹਾਲੀਵੁੱਡ ਫਿਲਮ ਦੇ ਬਜ਼ਟ ਤੋਂ ਘੱਟ ਖਰਚੇ ਲਗਪਗ 650 ਕਰੋੜ ਵਿਚ ਇਸ ਮਹਾਨ ਕਾਰਜ ਨੂੰ ਨੇਪਰੇ ਚਾੜਨ ਦਾ ਮਾਅਰਕਾ ਮਾਰਿਆ ਹੈ। ਇਸਤੋ ਵੀ ਵੱਡੀ ਸਮਰਪਣ ਭਾਵਨਾ ਇਹ ਹੈ ਕਿ ਇਹ ਸਭ ਉਹ ਵਿਗਿਆਨੀ ਹਨ ਜਿਹਨਾਂ ਨੇ ਨਾਸਾ ਦੇ ਵਿਗਿਆਨੀਆਂ ਤੋ ਬਹੁਤ ਘੱਟ ਨਿਗੂਣੀਆਂ ਤਨਖਾਹਾਂ ਉਪਰ ਕੰਮ ਕਰਦਿਆਂ ਆਪਣੇ ਮੁਲਕ ਲਈ ਕੰਮ ਕਰਨ ਨੂੰ ਤਰਜੀਹ ਦਿੱਤੀ। ਅਜਿਹਾ ਨਹੀ ਕਿ ਇਹਨਾਂ ਵਿਗਿਆਨੀਆਂ ਨੂੰ ਨਾਸਾ ਵਰਗੀ ਸੰਸਥਾ ਨੇ ਕੰਮ ਲਈ ਆਫਰ ਨਾ ਦਿੱਤੀ ਹੋਵੇ। ਅੰਕੜੇ ਗਵਾਹ ਹਨ ਕਿ ਇਸ ਸਮੇਂ ਅਮਰੀਕੀ ਪੁਲਾੜ ਖੋਜ ਸੰਸਥਾ ਨਾਸਾ ਵਿਚ ਕੰਮ ਕਰਨ ਵਾਲੇ 36 ਪ੍ਰਤੀਸ਼ਤ ਵਿਗਿਆਨੀ ਭਾਰਤੀ ਹਨ ਭਾਵ ਨਾਸਾ ਦੇ ਹਰ 10 ਵਿਗਿਆਨੀਆਂ ਚੋ ਚਾਰ ਭਾਰਤੀ ਮੂਲ ਦੇ ਹਨ। ਅਮਰੀਕਾ ਦੀਆਂ ਸਿਹਤ ਸੇਵਾਵਾਂ ਵਿਚ ਵੀ 38 ਪ੍ਰਤੀਸ਼ਤ ਡਾਕਟਰ ਭਾਰਤੀ ਮੂਲ ਦੇ ਹਨ। ਇਹ ਸਭ ਉਥੇ ਇਸ ਲਈ ਹਨ ਕਿ ਉਥੇ ਮੋਟੀਆਂ ਤਨਖਾਹਾਂ ਦੇ ਨਾਲ ਜੀਵਨ ਸਹੂਲਤਾਂ ਤੇ ਸਾਫ ਸੁਥਰਾ ਸਿਸਟਮ ਹੈ ਜੋ ਉਹਨਾਂ ਨੂੰ ਉਥੇ ਕੰਮ ਕਰਨ ਲਈ ਖਿਚ ਪਾਉਂਦਾ ਹੈ।

ਭਾਰਤ ਦੇ ਮਹਾਨ ਵਿਗਿਆਨ ਡਾ ਵਿਕਰਮ ਸਾਰਾਬਾਈ ਦੀ ਨਿਗਰਾਨੀ ਹੇਠ 15 ਅਗਸਤ 1969 ਵਿਚ ਸਥਾਪਿਤ ਕੀਤੀ ਗਈ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਨੇ ਹੁਣ ਤੱਕ ਪੁਲਾੜ ਖੋਜ ਅਤੇ ਵਿਗਿਆਨਕ ਖੇਤਰ ਵਿਚ ਅਨੇਕਾਂ ਪ੍ਰਾਪਤੀਆਂ ਦਰਜ ਕੀਤੀਆਂ ਹਨ ਪਰ 23 ਅਗਸਤ 2023 ਨੂੰ ਚੰਦਰਮਾ ਉਪਰ ਵਿਕਰਮ ਲੈਂਡ ਰੋਵਰ ਦੀ ਚਹਿਲਕਦਮੀ ਨੇ ਅਜਿਹਾ ਇਤਿਹਾਸ ਸਿਰਜ ਦਿੱਤਾ ਹੈ ਕਿ ਭਾਰਤ ਸਰਕਾਰ ਨੇ 23 ਅਗਸਤ ਦੇ ਦਿਨ ਨੂੰ ਨੈਸ਼ਨਲ ਸਪੇਸ ਡੇਅ ਐਲਾਨ ਦਿੱਤਾ ਹੈ।

ਇਸਰੋ ਮੁਖੀ ਨੇ ਜਦੋਂ ਇਹਨਾਂ ਇਤਿਹਾਸਕ ਪਲਾਂ ਦਾ ਐਲਾਨ ਕਰਦਿਆਂ ਇਹ ਕਿਹਾ ਕਿ ਭਾਰਤ ਹੁਣ ਚੰਦ ਉਪਰ ਹੈ ਤਾਂ ਦੁਨੀਆਂ ਦੇ ਹਰ ਕੋਨੇ ਵਿਚ ਵੱਸੇ ਭਾਰਤੀਆਂ ਲਈ ਉਹ ਪਲ ਭਾਵੁਕਤਾ ਤੇ ਖੁਸ਼ੀ ਦੇ ਅਹਿਮ ਪਲ ਹੋ ਨਿਬੜੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਸਮੇਂ ਦੱਖਣ ਅਫਰੀਕਾ ਵਿਚ ਬਰਿਕਸ ਮੁਲਕਾਂ ਦੇ ਸਿਖਰ ਸੰਮੇਲਨ ਵਿਚ ਭਾਗ ਲੈ ਰਹੇ ਸਨ। ਉਹਨਾਂ ਨੇ ਸੰਮੇਲਨ ਦੌਰਾਨ ਹੀ ਇਹਨਾਂ ਇਤਿਹਾਸਕ ਪਲਾਂ ਨੂੰ ਹੋਰ ਵਿਸ਼ਵ ਆਗੂਆਂ ਦੇ ਨਾਲ ਸਾਹ ਰੋਕਕੇ ਵੇਖਿਆ। ਸੰਮੇਲਨ ਉਪਰੰਤ ਉਹ ਤੁਰੰਤ ਸ੍ਰੀਹਰੀਕੋਟਾ ਵਿਖੇ ਇਸਰੋ ਦੇ ਹੈਡਕੁਆਰਟਰ ਪੁੱਜੇ ਤੇ ਇਸਰੋ ਮੁਖੀ ਸਮੇਤ ਵਿਗਿਆਨੀਆਂ ਨੂੰ ਵਧਾਈਆਂ ਦਿੱਤੀਆਂ ਤੇ ਦੇਸ਼ ਨੂੰ ਇਸ ਮਹਾਨ ਪ੍ਰਾਪਤੀ ਦੇ ਰੁਬਰੂ ਕਰਵਾਉਣ ਲਈ ਧੰਨਵਾਦ ਕੀਤਾ। ਭਾਰਤੀ ਵਿਗਿਆਨੀਆਂ ਨੇ ਇਸ ਮਹਾਨ ਪ੍ਰਾਪਤੀ ਦੇ ਨਾਲ ਸਿਆਸੀ ਪਾਰਟੀਆਂ ਤੇ ਆਗੂਆਂ ਵਲੋਂ ਇਸ ਮਹਾਨ ਪ੍ਰਾਪਤੀ ਨੂੰ ਆਪਣੇ-ਆਪਣੇ ਹਿੱਸੇ ਕਰਨ ਦੇ ਯਤਨ ਵੀ ਸਾਹਮਣੇ ਆਏ ਹਨ। ਭਾਰਤੀ ਜਨਤਾ ਪਾਰਟੀ ਵਲੋਂ ਇਸਰੋ ਵਿਗਿਆਨੀਆਂ ਦੀ ਇਸ ਪ੍ਰਾਪਤੀ ਨੂੰ ਮੋਦੀ ਸਰਕਾਰ ਨਾਲ ਜੋੜਨ ਦੇ ਯਤਨ ਕੀਤੇ ਜਾ ਰਹੇ ਹਨ ਜਦੋਂਕਿ ਕਾਂਗਰਸ ਪਾਰਟੀ ਇਸਰੋ ਦੀ ਬੁਨਿਆਦ ਤੇ ਪ੍ਰਾਪਤੀਆਂ ਨੂੰ ਸਵਰਗੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਦੂਰ ਅੰਦੇਸ਼ੀ ਦਸਦਿਆਂ ਆਪਣੀ ਝੋਲੀ ਪਾਉਣ ਦੇ ਯਤਨ ਵਿਚ ਹੈ। ਭਾਜਪਾ ਪ੍ਰਧਾਨ ਜੇਪੀ ਨੱਢਾ ਦਾ ਕਹਿਣਾ ਹੈ ਕਿ ਇਸਰੋ ਨੇ ਇਹ ਮਹਾਨ ਕਾਰਨਾਮਾ ਮੋਦੀ ਦੀ ਅਗਵਾਈ ਹੇਠ ਕੀਤਾ ਹੈ। ਉਹਨਾਂ ਦਾ ਦਾਅਵਾ ਹੈ ਕਿ ਇਸਰੋ ਨੇ ਹੁਣ ਤੱਕ ਕੁਲ 89 ਉਪ ਗ੍ਰਹਿ ਲਾਂਚ ਕੀਤੇ ਹਨ ਜਿਹਨਾਂ ਚੋ 47 ਭਾਜਪਾ ਦੇ ਨੌ ਸਾਲ ਦੇ ਕਾਰਜਕਾਲ ਦੌਰਾਨ ਹੀ ਹੋਏ ਹਨ। ਉਹਨਾਂ ਦਾ ਦਾਅਵਾ ਹੈ ਕਿ ਇਸਰੋ ਦੀ ਇਤਿਹਾਸਕ ਤੇ ਬੇਮਿਸਾਲ ਪ੍ਰਾਪਤੀ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਹੀ ਸੰਭਵ ਹੋਈ ਹੈ। ਭਾਰਤ ਉਹਨਾਂ ਦੇ ਕਹਿਣ ਮੂਜਬ ਸਚਮੁੱਚ ਵਿਸ਼ਵ ਗੁਰੂ ਬਣਨ ਜਾ ਰਿਹਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਭਾਜਪਾ ਦੇ ਜਵਾਬ ਵਿਚ ਕਿਹਾ ਹੈ ਕਿ ਪੁਲਾੜ ਖੋਜ ਪ੍ਰਾਪਤੀਆਂ ਦੀ ਯਾਤਰਾ 1962 ਵਿਚ ਕਾਂਗਰਸ ਪਾਰਟੀ ਦੇ ਰਾਜ ਦੌਰਾਨ ਹੀ ਸ਼ੁਰੂ ਹੋਈ ਸੀ ਜਿਸ ਲਈ ਸਵਰਗੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਯੋਗਦਾਨ ਨੂੰ ਭੁਲਾਇਆ ਨਹੀ ਜਾ ਸਕਦਾ।

ਸਿਆਸੀ ਪਾਰਟੀਆਂ ਇਸਰੋ ਵਿਗਿਆਨੀਆਂ ਦੀ ਪ੍ਰਾਪਤੀ ਨੂੰ ਸਿਆਸੀ ਲਾਹਾ ਲੈਣ ਲਈ ਉਤਾਵਲੀਆਂ ਹਨ ਤੇ ਕੁਝ ਫਿਰਕੂ ਸੋਚ ਵਾਲੇ ਲੋਕ ਵਿਗਿਆਨੀਆਂ ਦੇ ਧਰਮ, ਜਾਤ ਤੇ ਗੋਤਰ ਲੱਭ- ਲੱਭ ਪਤਾ ਨਹੀ ਕਿਸ ਧਿਰ ਨੂੰ ਲਾਹਾ ਪਹੁੰਚਾਉਣ ਦੇ ਯਤਨ ਵਿਚ ਹਨ। ਕਿਸੇ ਨੂੰ ਗੌਲਣ ਤੇ ਕਿਸੇ ਨੂੰ ਅਣਗੌਲੇ ਜਾਣ ਦੀਆਂ ਵੰਡਪਾਊ ਤੇ ਫਿਰਕੂ ਨਫਰਤ ਨੂੰ ਹਵਾ ਦੇਣ ਵਾਲੀਆਂ ਪੋਸਟਾਂ ਅਮੀਰ ਭਾਰਤ ਵਿਚ ਗਰੀਬ ਸੋਚ ਵਾਲੇ ਭਾਰਤੀਆਂ ਦੀ ਵੀ ਨਿਸ਼ਾਨਦੇਹੀ ਲਈ ਕਾਫੀ ਹਨ। ਇਸਰੋ ਵਿਗਿਆਨੀਆਂ ਦੀ ਇਸ ਮਹਾਨ ਪ੍ਰਾਪਤੀ ਦੇ ਨਾਲ ਮੁਲਕ ਵਿਚ ਗਰੀਬੀ, ਬੇਰੁਜਗਾਰੀ, ਫਿਰਕਾਪ੍ਰਸਤੀ ਤੇ ਹਾਕਮੀ ਅਨਿਆਂ ਤੇ ਸੀਨਾਜੋਰੀ ਦੀਆਂ ਤਸਵੀਰਾਂ ਵੀ ਨਾਲੋ ਨਾਲ ਹਨ।

ਖਬਰ ਹੈ ਕਿ ਵਿਕਰਮ ਲੈਂਡਰ ਦੇ ਚੰਦਰਮਾ ਤੇ ਉਤਰਨ ਉਪਰੰਤ ਪ੍ਰਗਿਆਨ ਰੋਵਰ ਨੇ ਸਫਲਤਾਪੂਰਵਕ ਚਹਿਲ ਕਦਮੀ ਕਰਦਿਆਂ ਆਪਣਾ ਕੰਮ ਆਰੰਭ ਦਿੱਤਾ ਹੈ। ਇਹ ਰੋਵਰ ਚੰਦਰਮਾ ਦੀ ਸਤ੍ਹਾ ਦਾ ਅਧਿਐਨ ਕਰੇਗਾ ਕਿ ਇਸਦੀ ਮਿੱਟੀ ਵਿਚ ਕਿਹੜੇ ਕਿਹੜੇ ਰਸਾਇਣ ਹਨ, ਚੰਦਰਮਾ ਦੀ ਸਤਾਹ ਦੇ ਨੀਚੇ ਕੀ ਕੁਝ ਹੈ, ਕੀ ਉਥੇ ਪਾਣੀ ਦੀ ਸੰਭਾਵਨਾ ਮੌਜੂਦ ਹੈ ਤੇ ਇਸਤੋ ਵੀ ਅੱਗੇ ਇਹ ਖੋਜਾਂ ਬ੍ਰਹਿਮੰਡ ਦੀ ਰਚਨਾ ਦਾ ਰਹੱਸ ਜਾਣਨ ਲਈ ਸਹਾਈ ਹੋਣਗੀਆਂ।

ਵਿਗਿਆਨ ਦੀਆਂ ਖੋਜਾਂ ਨੇ ਹੀ ਇਸ ਧਰਤੀ ਨੂੰ ਖੂਬਸੂਰਤ ਤੇ ਮਨੁੱਖ ਦੇ ਜਿਊਣਯੋਗ ਬਣਾਇਆ ਹੈ ਨਾਕਿ ਕਿਸੇ ਰਾਜੇ, ਮਹਾਰਾਜੇ ਦੀ ਤਲਵਾਰ ਜਾਂ ਸਿਆਸਤਦਾਨ ਦੀ ਫਰੇਬੀ ਸਿਆਣਪ ਨੇ । ਵਿਗਿਆਨ ਹੀ ਜਿੰਦਾਬਾਦ ਹੈ। ਪਰ ਇਸ ਘੜੀ ਉਹਨਾਂ ਨੂੰ ਕੀ ਕਹੀਏ ਜੋ ”ਜੈ ਜਵਾਨ, ਜੈ ਕਿਸਾਨ” ਦੇ ਨਾਲ ”ਜੈ ਵਿਗਿਆਨ” ਦਾ ਨਾਅਰਾ ਦਿੰਦਿਆਂ  ਵਿਕਰਮ ਲੈਂਡਰ ਵਾਲੀ ਥਾਂ ਨੂੰ ਸ਼ਿਵ ਸ਼ਕਤੀ ਪੁਆਇੰਟ ਦਾ ਨਾਮਕਰਣ ਕਰਦਿਆਂ ਧਰਮ ਦਾ ਟੂਣਾ ਕਰਨ ਲੱਗੇ ਹਨ। ਰਾਜ ਸੱਤਾ ਦੀ ਪ੍ਰਾਪਤੀ ਲਈ ਸਿਆਸਤਦਾਨਾਂ ਦਾ ਕੁਫਰ ਤੰਤਰ ਜੋ ਵੀ ਹੈ, ਸਿਸਟਮ ਦੀਆਂ ਖਾਮੀਆਂ, ਪ੍ਰੇਸ਼ਾਨੀਆਂ ਲੋਕਾਂ ਦੇ ਸਾਹਮਣੇ ਹਨ ਪਰ ਇਸ ਦੌਰਾਨ ਇਸਰੋ ਵਿਗਿਆਨੀਆਂ ਨੇ ਚੰਦਰਮਾ ਉਪਰ ਫਤਹਿ ਦਾ ਪਰਚਮ ਝੁਲਾਉਂਦਿਆਂ ਆਲਮੀ ਮਹਾਂਸ਼ਕਤੀਆਂ ਦੇ ਬਰਾਬਰ ਜੋ ਕਰ ਵਿਖਾਇਆ ਹੈ, ਉਹ ਇਹ ਧੀਰਜ ਬਣਾਉਣ ਲਈ ਕਾਫੀ ਹੈ-ਹਮ ਕਿਸੀ ਸੇ ਕਮ ਨਹੀ ਜਾਂ-

ਛੋੜੋਂ ਕਲ ਕੀ ਬਾਤੇਂ, ਕਲ ਕੀ ਬਾਤ ਪੁਰਾਨੀ, ਨਏ ਦੌਰ ਮੇਂ ,ਨਈਂ ਲਿਖੇਗੇਂ,  ਮਿਲਕਰ ਨਈਂ ਕਹਾਨੀ.. ਹਮ ਹਿੰਦੁਸਤਾਨੀ….