Headlines

ਨਾਮਵਰ ਕਵੀ ਰਵਿੰਦਰ ਰਵੀ, ਕਹਾਣੀਕਾਰ ਵਰਿਆਮ ਸਿੰਘ ਸੰਧੂ ਤੇ ਬਾਬਾ ਗਰੁੱਪ ‘ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡਾਂ ‘ ਨਾਲ ਸਨਮਾਨਿਤ

ਲਾਹੌਰ ( ਦੇ ਪ੍ਰ ਬਿ )- 26 ਅਗਸਤ 2023 ਨੂੰ ਲਾਹੌਰ (ਪਾਕਿਸਤਾਨ) ਵਿਖੇ ਕਜਾਫੀ ਸਟੇਡੀਅਮ ਦੇ ਪਿਲਾਕ ਆਡੀਟੋਰੀਅਮ ਵਿਚ ਵਾਰਿਸ ਸ਼ਾਹ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਇਕ ਵਿਸ਼ੇਸ਼ ਸਮਾਰੋਹ ਦੌਰਾਨ ਚੜ੍ਹਦੇ ਪੰਜਾਬ ਦੇ ਪ੍ਰਮੁੱਖ ਪੰਜਾਬੀ ਕਹਾਣੀਕਾਰ ਸ. ਵਰਿਆਮ ਸਿੰਘ ਸੰਧੂ , ਕਨੇਡਾ ਨਿਵਾਸੀ ਉਚ ਕੋਟੀ ਦੇ ਪੰਜਾਬੀ ਕਵੀ ਸ੍ਰੀ ਰਵਿੰਦਰ ਰਵੀ,  ਲਹਿੰਦੇ  ਪੰਜਾਬ ਦੀ ਵਧੀਆ ਸੂਫੀ ਗਾਇਕ ਟੋਲੀ ‘ਬਾਬਾ ਗਰੁੱਪ’ ਨੂੰ ਸਭ ਤੋਂ ਇੱਜ਼ਤਾਂ ਮਾਨਾਂ ਵਾਲੇ ਪੰਜਾਬੀ ਪੁਰਸਕਾਰ ‘ਵਾਰਿਸ ਸ਼ਾਹ ਅੰਤਰ-ਰਾਸ਼ਟਰੀ ਅਵਾਰਡ’ ਨਾਲ ਲਾਹੌਰ ਪਾਕਿਸਤਾਨ ਵਿੱਚ ਨਿਵਾਜਿਆ ਗਿਆ। ਕੁਲ ਮਿਲਾ  ਕੇ 140 ਪੰਜਾਬੀ ਲੇਖਕਾਂ, ਕਵੀਆਂ, ਗਾਇਕਾਂ, ਕਲਾਕਾਰਾਂ, ਅਧਿਆਪਕਾਂ, ਪੰਜਾਬੀ ਅਖਬਾਰ ਰਸਾਲਿਆਂ ਦੇ ਸੰਪਦਾਕਾਂ, ਮਾਂ ਬੋਲੀ ਪੰਜਾਬੀ ਦੇ ਦੇਸੀ ਵਿਦੇਸ਼ੀ ਸੇਵਕਾਂ, ਰੇਡੀਓ ਟੀ ਵੀ ਤੇ ਸੋਸ਼ਲ ਮੀਡੀਆ ਤੇ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਪੰਜਾਬੀਆਂ ਦੇ ਸਾਂਝੇ ਦੁੱਖਾਂ ਦਰਦਾਂ ਦੀ ਗੱਲ ਕਰਨ ਵਾਲੇ ਬੁਲਾਰਿਆਂ ਨੂੰ ਸਨਮਾਨਿਤ ਕੀਤਾ ਗਿਆ। ਇਜ ਸ਼ਾਨਾਮੱਤੇ ਸਮਾਗਮ ਵਿੱਚ ਭਾਗ ਲੈਣ ਲਈ ਵਿਸ਼ਵ ਭਰ ਤੋਂ ਏਨੀ ਵੱਡੀ ਗਿਣਤੀ ਵਿੱਚ ਲੋਕ ਆਏ ਸਨ ਕਿ ਇਸ ਦਾ ਪ੍ਰਬੰਧ ਕਜਾਫੀ ਸਟੇਡੀਅਮ ਲਾਹੌਰ ਦੇ ਵਿਸ਼ਾਲ ਪਿਲਾਕ ਆਡੀਟੋਰੀਅਮ ਵਿੱਚ ਕੀਤਾ ਗਿਆ ਸੀ। ਇਹ ਉਹੀ ਜਗਤ ਪ੍ਰਸਿੱਧ ਸਟੇਡੀਅਮ ਹੈ ਜਿਸ ਵਿੱਚ ਕ੍ਰਿਕਟ ਦਾ ਵਿਸ਼ਵ ਕੱਪ ਹੋਇਆ ਸੀ।

‘ਵਾਰਿਸ ਸ਼ਾਹ ਆਲਮੀ ਫੌਂਡੇਸ਼ਨ’ ਦੇ ਚੇਅਰਮੈਨ ਇਲਿਆਸ ਘੁੰਮਣ ਨੇ ਮਹਿਮਾਨਾਂ ਦਾ ਨਿੱਘਾ ਸੁਆਗਤ ਕਰਦਿਆਂ ਕਿਹਾ ਕਿ ਅਗਲੇ ਸਾਲ ਤੋਂ ਵੱਧੀਆ ਪੰਜਾਬੀ ਫਿਲਮ ਦੇ ਨਿਰਮਾਤਾ-ਨਿਰਦੇਸ਼ਕ ਅਤੇ ਬਿਹਤਰੀਨ ਅਭਿਨੇਤਾ ਅਭਿਨੇਤਰੀ ਨੂੰ ਵੀ ‘ਵਾਰਿਸ ਸ਼ਾਹ ਇੰਟਰਨੈਸ਼ਨਲ ਅਵਾਰਡ’ ਨਾਲ ਸਨਮਾਨਿਤ ਕੀਤਾ ਜਾਏਗਾ।

ਇਸ ਮੌਕੇ ਦਿੱਤੇ ਗਏ ਐਵਾਰਡਾਂ ਦਾ ਵੇਰਵਾ ਇਸ ਪ੍ਰਕਾਰ ਹੈ-

1. ਸ. ਵਰਿਆਮ ਸਿੰਘ ਸੰਧੂ (ਪੰਜਾਬੀ ਦੇ ਸਰਵੋਤਮ ਕਹਾਣੀਕਾਰ)
2. ਸ਼੍ਰੀ ਰਵਿੰਦਰ ਰਵੀ (ਪੰਜਾਬੀ ਦਾ ਸਰਵੋਤਮ ਕਵੀ)
3. ਬਾਬਾ ਗਰੁੱਪ (ਸਰਬੋਤਮ ਪੰਜਾਬੀ ਗਾਇਕ)

ਕੁਝ ਹੋਰ ਪੁਰਸਕਾਰ ਜੇਤੂਆਂ ਦਾ ਵੇਰਵਾ-

4. ਪ੍ਰੋ: ਡਾ: ਨਬੀਲਾ ਰਹਿਮਾਨ ਵਾਈਸ ਚਾਂਸਲਰ ਝੰਗ ਯੂਨੀਵਰਸਿਟੀ (ਪਾਕਿਸਤਾਨ ਵਿੱਚ ਪੰਜਾਬੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ)
5. ਪ੍ਰੋ: ਡਾ. ਕਲਿਆਣ ਸਿੰਘ ਕਲਿਆਣ (ਪਾਕਿਸਤਾਨ ਵਿੱਚ ਗੁਰਮੁਖੀ ਲਿਪੀ ਨੂੰ ਸਿਖਾਉਣ ਅਤੇ ਪ੍ਰਚਾਰਨ ਲਈ)
6. ਪ੍ਰੋਫੈਸਰ ਡਾ: ਨਿਘਾਤ ਖੁਰਸ਼ੀਦ, ਪ੍ਰਿੰਸੀਪਲ ਸਰਕਾਰੀ ਕਾਲਜ ਫ਼ਾਰ ਵੂਮੈਨ, ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ (ਲੇਖਕ ਸਿੱਖਿਆ ਸ਼ਾਸਤਰੀ, ਖਾਸ ਕਰਕੇ ਸਿੱਖ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ)
7. ਪ੍ਰੋ ਡਾ: ਦਿਲਸ਼ਾਦ ਟਿਵਾਣਾ (ਪਹਿਲੀ ਮਹਿਲਾ ਵਿਦਵਾਨ ਜਿਸਨੇ 1971-72 ਵਿੱਚ ਪਾਕਿਸਤਾਨ ਵਿੱਚ ਪੰਜਾਬੀ ਪੀਐਚਡੀ ਕੀਤੀ ਅਤੇ ਵੱਖ-ਵੱਖ ਸਰਕਾਰੀ ਕਾਲਜਾਂ ਵਿੱਚ ਪੰਜਾਬੀ ਵਿਭਾਗ ਸਥਾਪਤ ਕੀਤੇ)

ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਲੇਖਕਾਂ ਲਈ ਵਿਸ਼ੇਸ਼ ਪੁਰਸਕਾਰ:

8. ਅੰਬਰੀਨ ਜ਼ਫਰ (ਕਵਿਤਾ ਯੂ.ਕੇ.)
9. ਹਰਕੀਰਤ ਕੌਰ ਚਹਿਲ (ਨਾਵਲਕਾਰ ਕੈਨੇਡਾ)
10. ਅਸ਼ਰਫ਼ ਗਿੱਲ (ਕਵੀ ਅਮਰੀਕਾ)

11. ਜ਼ਫ਼ਰ ਵੜੈਚ (ਫਿਨਲੈਂਡ ਵਿੱਚ ਪੰਜਾਬੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ)
12. ਸੁਹੇਲ ਸਫਦਰ (ਸਵੀਡਨ ਵਿੱਚ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ)
13. ਅੱਬਾਸ ਖਾਨ ਲਾਸ਼ਾਰੀ (ਦੁਬਈ ਵਿੱਚ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ)
14. ਡਾ: ਵਾਰਿਸ ਅਲੀ ਵਾਰਿਸ (ਆਸਟਰੇਲੀਅਨ ਰੇਡੀਓ ਦਾ ਸਭ ਤੋਂ ਵਧੀਆ ਰੇਡੀਓ ਪ੍ਰਸਾਰਕ)
15. ਮਸੂਦ  (ਕਵੀ ਜਰਮਨੀ)
16. ਅਬਦੁਲ ਕਰੀਮ ਕੁਦਸੀ (ਪੰਜਾਬੀ ਕਵੀ ਫਰਾਂਸ)

ਰਵਿੰਦਰ ਰਵੀ ਨੂੰ ਵਧਾਈਆਂ-

ਸਰੀ (ਹਰਦਮ ਮਾਨ)-ਵੈਨਕੂਵਰ ਖੇਤਰ ਦੇ ਲੇਖਕਾਂ ਨੇ ਰਵਿੰਦਰ ਰਵੀ ਨੂੰ ਇਹ ਐਵਾਰਡ ਮਿਲਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਰਵੀ ਸਾਹਿਬ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੂੰ ਮੁਬਾਰਕਬਾਦ ਕਹਿਣ ਵਾਲਿਆਂ ਵਿਚ ਗ਼ਜ਼ਲ ਮੰਚ ਸਰੀ ਦੇ ਸ਼ਾਇਰ ਜਸਵਿੰਦਰ, ਰਾਜਵੰਤ ਰਾਜ, ਹਰਦਮ ਮਾਨ, ਕ੍ਰਿਸ਼ਨ ਭਨੋਟ, ਦਵਿੰਦਰ ਗੌਤਮ, ਪ੍ਰੀਤ ਮਨਪ੍ਰੀਤ, ਦਸਮੇਸ਼ ਗਿੱਲ ਫਿਰੋਜ਼ ਤੇ ਗੁਰਮੀਤ ਸਿੰਘ ਸਿੱਧੂ, ਵੈਨਕੂਵਰ ਵਿਚਾਰ ਮੰਚ ਦੇ ਜਰਨੈਲ ਸਿੰਘ ਸੇਖਾ, ਜਰਨੈਲ ਸਿੰਘ ਆਰਟਿਸਟ, ਮੋਹਨ ਗਿੱਲ ਅਤੇ ਅੰਗਰੇਜ਼ ਬਰਾੜ ਸ਼ਾਮਲ ਹਨ।

ਲਾਹੌਰ ਵਿਚ ਹੋਏ ਸਮਾਗਮ ਦੀਆਂ ਝਲਕੀਆਂ-

ਲਾਹੌਰ ਦੇ ਪਿਲਾਕ ਆਡੀਟੋਰੀਅਮ ਵਿਚ ਸਮਾਗਮ ਦੌਰਾਨ ਮੰਚ ਉਪਰ ਖੁਸ਼ੀ ਮਨਾਉਂਦੇ  ਹੋਏ ਲੇਖਕ ਤੇ ਫਨਕਾਰ।