Headlines

ਸਰੀ ਵਿਚ ਸ਼ਹੀਦ ਮੇਵਾ ਸਿੰਘ ਖੇਡ ਮੇਲਾ ਧੂਮਧਾਮ ਨਾਲ ਕਰਵਾਇਆ

ਸਰੀ ( ਪਰਮਿੰਦਰ ਸਵੈਚ)- 12ਵਾਂ ਸ਼ਹੀਦ ਮੇਵਾ ਸਿੰਘ ਸਪੋਰਟਸ ਅਤੇ ਕਲਚਰਲ ਮੇਲਾ ਸਰ੍ਹੀ ਦੇ ਨੌਰਥ ਸਰ੍ਹੀ ਸੰਕੈਡਰੀ ਸਕੂਲ ਦੇ ਖੇਡ ਮੈਦਾਨਾਂ ਵਿੱਚ 27 ਅਗਸਤ, 2023 ਨੂੰ ਕਰਵਾਇਆ ਗਿਆ। ਇਸ ਸਾਲ ਦਾ ਇਹ ਮੇਲਾ ਈਸਟ ਇੰਡੀਅਨ ਡੀਫੈਂਸ ਕਮੇਟੀ ਦੀ 50ਵੀਂ ਵਰ੍ਹੇ ਗੰਢ ਨੂੰ ਸਮਰਪਿਤ ਕੀਤਾ ਗਿਆ ਸੀ ਕਿਉਂਕਿ ਡੀਫੈਂਸ ਕਮੇਟੀ ਵਲੋਂ ਪਹਿਲਾਂ 1975 ਵਿੱਚ ਸ਼ਹੀਦ ਭਾਈ ਮੇਵਾ ਸਿੰਘ ਦੀ ਯਾਦ ਵਿੱਚ ਨੈਸ਼ਨਲ ਤੇ ਇੰਟਰਨੈਸ਼ਨਲ ਟੂਰਨਾਮੈਂਟ ਕਰਵਾਉਣੇ ਸ਼ੁਰੂ ਕੀਤੇ ਗਏ ਸਨ ਤੇ ਕਾਫ਼ੀ ਸਾਲ ਚਲਦੇ ਰਹੇ। ਯਾਦ ਰਹੇ ਈਸਟ ਇੰਡੀਅਨ ਡੀਫੈਂਸ ਕਮੇਟੀ ਗ਼ਦਰੀ ਬਾਬਿਆਂ ਤੋਂ ਬਾਅਦ 1973 ਵਿੱਚ ਬਣਨ ਵਾਲੀ ਇੱਕੋ ਇੱਕ ਜਥੇਬੰਦੀ ਹੈ ਜਿਸਨੇ ਨਸਲਵਾਦ ਦੇ ਖਿਲਾਫ਼ ਡੱਟ ਕੇ ਲੜਾਈ ਲੜੀ ਤੇ ਇਸ ਦੇ ਕਾਰਕੁੰਨਾਂ ਨੇ ਸਰੀਰਕ ਤੇ ਮਾਨਸਿਕ ਮਾਰਾਂ ਝੱਲ ਕੇ ਵੀ ਡਟ ਕੇ ਮੁਕਾਬਲੇ ਕੀਤੇ ਤੇ ਨਸਲਵਾਦ ਦਾ ਮੂੰਹ ਮੋੜਿਆ ਸੀ। ਕੁਝ ਵਕਫ਼ੇ ਬਾਅਦ ਇਹ ਮੇਲਾ 2009 ਵਿੱਚ ਦੁਆਰਾ ਸ਼ੁਰੂ ਕੀਤਾ ਗਿਆ ਹੈ। ਕੱਲ੍ਹ ਦੇ ਮੇਲੇ ਵਿੱਚ ਸ਼ਹੀਦ ਮੇਵਾ ਸਿੰਘ ਕਮੇਟੀ ਵਲੋਂ ਸੰਤੋਖ ਸਿੰਘ ਢੇਸੀ ਨੇ ਸਭ ਨੂੰ ਜੀ ਆਇਆਂ ਕਿਹਾ ਤੇ ਇਸ ਮੇਲੇ ਨੂੰ ਆਰਥਿਕ ਮੱਦਦ ਦੇਣ ਵਾਲੇ ਬਿਜ਼ਨਿਸਾਂ ਦਾ ਧੰਨਵਾਦ ਕੀਤਾ। ਪਰਮਿੰਦਰ ਕੌਰ ਸਵੈਚ ਨੇ ਜਿਥੇ ਗ਼ਦਰੀ ਬਾਬਿਆਂ, ਸ਼ਹੀਦ ਮੇਵਾ ਸਿੰਘ ਦੀ ਕੁਰਬਾਨੀ ਦੇ ਕਾਰਣ, ਗ਼ਦਾਰਾਂ ਦੀ ਭੂਮਿਕਾ ਤੇ ਈਸਟ ਇੰਡੀਅਨ ਡੀਫੈਂਸ ਕਮੇਟੀ ਦੇ ਕੰਮਾਂ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ ਤੇ ਉੱਥੇ ਇਹ ਵੀ ਦੱਸਿਆ ਕਿ ਮੇਵਾ ਸਿੰਘ ਦੇ ਸ਼ਤਾਬਦੀ ਵਰ੍ਹੇ ਤੋਂ ਲੈ ਕੇ ਉਹਨਾਂ ਨੂੰ ਸ਼ਹੀਦ ਦਾ ਦਰਜ਼ਾ ਦਿਵਾਉਣ ਲਈ ਗ਼ਦਰ ਸ਼ਤਾਬਦੀ ਕਮੇਟੀ ਵਲੋਂ 12 ਹਜ਼ਾਰ ਦੇ ਕਰੀਬ ਦਸਖ਼ਤ ਕਰਵਾਏ ਜਾ ਚੁੱਕੇ ਹਨ ਤੇ ਐਮ. ਐਲ. ਏ. ਰਚਨਾ ਸਿੰਘ ਵਲੋਂ ਬੀ.ਸੀ. ਵਿਧਾਨ ਸਭਾ ਵਿੱਚ ਮਤਾ ਵੀ ਪੇਸ਼ ਕੀਤਾ ਗਿਆ ਸੀ। ਇਸ ਗੱਲ ਤੇ ਸਾਰੇ ਹਾਜ਼ਰ ਲੋਕਾਂ ਨੇ ਫਿਰ ਤੋਂ ਸਹਿਮਤੀ ਪ੍ਰਗਟਾਈ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਬਣਦਾ ਹੱਕ ਦਿਵਾਈਏ। ਐਮ. ਐਲ. ਏ. ਜਿੰਨੀ ਸਿੰਮਜ਼ ਨੇ ਵੀ ਸਟੇਜ ਤੋਂ ਬੋਲਦਿਆਂ ਇਸ ਮਤੇ ਦੇ ਹੱਕ ਵਿੱਚ ਹਾਮੀ ਭਰੀ। ਉਸਤੋਂ ਬਾਅਦ ਕਮੇਟੀ ਵਲੋਂ ਸੋਵੀਨੀਅਰ ਰਿਲੀਜ਼ ਕੀਤਾ ਗਿਆ।
ਇਸ ਮੇਲੇ ਵਿੱਚ ਸੌਕਰ ਕਮੇਟੀ ਦੇ ਮੈਂਬਰਾਂ ਮੌਂਟੀ ਬੋਇਲ, ਜੱਸੀ ਪੁਰੇਵਾਲ, ਜਸਵੀਰ ਰਸੋਡੇ, ਨਰਿੰਦਰ ਲੱਧੜ ਤੇ ਹਰਜੀਤ ਪੁਰੇਵਾਲ ਆਦਿ ਦੀ ਨਿਗਰਾਨੀ ਹੇਠ ਸੌਕਰ ਦੀਆਂ 25 ਟੀਮਾਂ ਨੇ ਹਿੱਸਾ ਲਿਆ। ਇਹ ਮੈਚ ਸਕੂਲ ਦੀਆਂ ਤਿੰਨੇ ਖੇਡ ਗਰਾਂਊਡਾਂ ਵਿੱਚ 9 ਵਜੇ ਤੋਂ ਲੈ ਕੇ ਸ਼ਾਮ ਦੇ 7:30 ਵਜੇ ਤੱਕ ਲਗਾਤਾਰ ਚਲਦੇ ਰਹੇ। ਰੈਸਲਿੰਗ ਕਮੇਟੀ ਦੇ ਕਰਤਾ ਧਰਤਾ ਜੈਸੀ ਪੁਰੇਵਾਲ ਤੇ ਉਸਦੇ ਸਾਥੀਆਂ ਸੁਦਾਗਰ ਜਵੰਦਾ, ਤਰਨਵੀਰ ਪੁਰੇਵਾਲ, ਜਗਰੂਪ ਧਾਲੀਵਾਲ, ਸਾਧੂ ਸਿੰਘ ਗਿੱਲ, ਮੱਖਣ ਦੁਸਾਂਝ, ਹਰਦੇਵ ਦੁਸਾਂਝ ਆਦਿ ਨੇ 200 ਤੋਂ ਵੱਧ ਰੈਸਲਰਾਂ ਦੀ ਤਾਕਤ ਦੇ ਜੌਹਰ ਸਵੇਰ ਦੇ 9 ਵਜੇ ਤੋਂ ਸ਼ਾਮ ਦੇ 6:30 ਵਜੇ ਤੱਕ ਆਪਣੀ ਦੇਖ ਰੇਖ ਵਿੱਚ ਦਿਖਾਏ। ਇਸ ਵਿੱਚ ਫੋਰਮਰ ਸੁਪਰ ਸਟਾਰ ਸਨੀ ਢੀਂਡਸਾ ਅਤੇ ਵਰਲਡ ਕਿੱਕ ਬੌਕਸਿੰਗ ਚੈਂਪੀਅਨ ਗਜ਼ੀਮ ਸਲਮਾਨੀ ਨੇ ਸਪੈਸ਼ਲ ਹਾਜ਼ਰੀ ਲਵਾਈ। ਇਸ ਤੋਂ ਇਲਾਵਾ ਕੌਮਨ ਵੈਲਥ ਚੈਂਪੀਅਨ ਨਿਸ਼ਾਨ ਰੰਧਾਵਾ ਤੇ ਰੁਪਿੰਦਰ ਕੌਰ ਜੌਹਲ ਨੇ ਵੀ ਆ ਕੇ ਮੇਲੇ ਦਾ ਮਾਣ ਵਧਾਇਆ। ਜਿੱਥੇ ਬੱਚਿਆਂ ਵਿੱਚ ਅੰਤਾਂ ਦਾ ਜੋਸ਼ ਸੀ ਉੱਥੇ 32-33 ਡਿਗਰੀ ਵਿੱਚ ਬੈਠੇ ਲੋਕ ਗਰਮੀ ਦੀ ਪ੍ਰਵਾਹ ਕੀਤੇ ਬਿਨਾਂ ਗਿਆਰਾਂ ਘੰਟੇ ਖੇਡਾਂ ਦਾ ਆਨੰਦ ਮਾਣਦੇ ਰਹੇ ਤੇ ਖਿਡਾਰੀਆਂ ਦੀ ਹੌਸਲਾਂ ਅਫਜ਼ਾਈ ਤਾੜੀਆਂ ਮਾਰ ਕੇ ਕਰਦੇ ਰਹੇ।
ਵੇਟ ਲਿਫਟਿੰਗ ਦੀ ਜ਼ਿੰਮੇਵਾਰੀ ਮੱਖਣ ਸੰਧੂ, ਰਘਬੀਰ ਸਹੋਤਾ ਤੇ ਰਾਜਿੰਦਰ ਮਾਹੀ ਤੇ ਹਲੀਨਾ ਬਿਲਨ ਦੀ ਸੀ ਜਿਨ੍ਹਾਂ ਨੇ ਇੰਟਰਨੈਸ਼ਨਲ ਵਿਜੈਤਾ ਦੋ ਲੜਕੀਆਂ ਜੀਨਤ ਬਿਲਨ ਤੇ ਏਂਜ਼ਲ ਬਿਲਨ, ਨੈਸ਼ਨਲ ਵਿਜੈਤਾ ਲੈਲ਼ਾ ਸੰਧੂ ਤੇ ਸਟੇਟ ਲੈਵਲ ਖਿਡਾਰੀ ਜੇਸ ਪੂੰਨੀ ਨੇ ਭਾਰ ਚੱਕਣ ਦੇ ਜੌਹਰ ਦਿਖਾ ਕੇ ਮੇਲੇ ਦਾ ਰੰਗ ਬੰਨ੍ਹ ਦਿੱਤਾ ਤੇ ਬਾਅਦ ਵਿੱਚ ਕਮੇਟੀ ਵਲੋਂ ਕਮਿਊਨਿਟੀ ਵਿੱਚ ਮੱਖਣ ਸੰਧੂ ਵਲੋਂ ਬੱਚਿਆਂ ਦੇ ਭਾਰ ਚੱਕਣ ਦੀਆਂ 20 ਸਾਲ ਤੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਜਿਨ੍ਹਾਂ ਨੇ ਨਵੀਆਂ ਪਿਰਤਾਂ ਪਾਈਆਂ ਹਨ, ਦੇ ਲਈ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਹਰਦੇਵ ਸੰਧ, ਸੁਰਿੰਦਰ ਸ਼ਾਹ, ਤਰਲੋਚਨ ਦੂਹੜਾ, ਮੱਖਣ ਟੁੱਟ, ਸ਼ੇਨ ਬੈੱਗ ਵਲੋਂ ਆਪਣੀ ਡਿਊਟੀ ਸੰਭਾਲਦਿਆਂ 6-9-12 ਸਾਲ ਦੇ ਬੱਚਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ। ਇਸ ਮੇਲੇ ਵਿੱਚ ਸਾਰੀਆਂ ਖੇਡਾਂ ਖੇਡਣ ਵਾਲੇ ਖਿਡਾਰੀਆਂ ਨੂੰ ਮੈਡਲ ਤੇ ਟੀ ਸ਼ਰਟਾਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਰੱਸਾ ਖਿੱਚਣ ਦੇ ਮੁਕਾਬਲੇ ਨਿਊ ਵੈਸਟ ਮਿਨਸਟਰ ਅਤੇ ਸਰ੍ਹੀ ਦੀਆਂ ਟੀਮਾਂ ਵਿਚਕਾਰ ਹੋਏ, ਜੋ ਕਿ ਬਹੁਤ ਰੌਚਕ ਸੀ। ਸਰ੍ਹੀ ਦੀ ਟੀਮ ਜੇਤੂ ਰਹੀ। ਇਸ ਖੇਡ ਮੇਲੇ ਵਿੱਚ ਸਭ ਮੁਕਾਬਲੇ ਦੋਸਤੀਆਂ ਤੇ ਮਿਲਵਰਤਣ ਲਈ ਕਰਵਾਏ ਜਾਂਦੇ ਹਨ।
ਹਰਬੰਸ ਪੁਰੇਵਾਲ, ਈਨਾ ਸਿੱਧੂ, ਉਕਾਂਰ ਥਿਆੜਾ, ਭੁਪਿੰਦਰ ਪੁਰੇਵਾਲ, ਅਮਰਜੀਤ ਸ਼ਾਹੀ, ਸੋਹਣ ਮੰਜੂ, ਰਣਧੀਰ ਜਵੰਦਾ, ਕੁਲਦੀਪ ਥਾਂਦੀ ਆਦਿ ਦੇ ਨਾਲ 15-20 ਹੋਰ ਵਲੰਟੀਅਰਾਂ ਨੇ ਖਾਣਾ ਬਣਾਉਣ, ਫਰੂਟ ਲਿਆਉਣ, ਕੱਟਣ, ਵਰਤਾਉਣ ਤੇ ਸਾਫ਼ ਸਫ਼ਾਈ ਦਾ ਸਾਰਾ ਕੰਮ ਬਹੁਤ ਹੀ ਪਿਆਰ ਨਾਲ ਸਿਰੇ ਨਿਭਾਇਆ। ਬੁੱਕ ਸਟਾਲ ਦੀ ਜ਼ਿੰਮੇਵਾਰੀ ਹਰਭਜਨ ਸਿੰਘ ਚੀਮਾ ਜੀ ਨੇ ਨਿਭਾਈ। ਆਲ ਓਵਰ ਸਾਰੇ ਪ੍ਰਬੰਧ ਦੀ ਜ਼ਿੰਮੇਵਾਰੀ ਮਲਕੀਤ ਸਵੈਚ, ਇਕਬਾਲ ਪੁਰੇਵਾਲ ਤੇ ਕ੍ਰਿਪਾਲ ਬੈਂਸ ਦੀ ਸੀ। ਇਸ ਪ੍ਰੋਗਰਾਮ ਵਿੱਚ ਤਰਕਸ਼ੀਲ਼ ਸੁਸਾਇਟੀ ਦੇ ਪ੍ਰਧਾਨ ਅਵਤਾਰ ਗਿੱਲ ਤੇ ਉਹਨਾਂ ਦੀ ਸਾਰੀ ਟੀਮ ਨੇ ਭਰਭੂਰ ਹਾਜ਼ਰੀ ਲਵਾ ਕੇ ਸਹਿਯੋਗੀ ਜਥੇਬੰਦੀ ਹੋਣ ਦਾ ਪੂਰਾ ਮਾਣ ਦਿੱਤਾ।
ਯਾਦ ਰਹੇ ਇਸ ਮੇਲੇ ਦਾ ਮਕਸਦ ਨਿਰੋਗ, ਊਰਜਾਮਈ ਤੇ ਉਸਾਰੂ ਸਮਾਜ ਸਿਰਜਣ ਲਈ ਖੇਡਾਂ ਸਿਹਤ ਸੰਭਾਲ ਤੇ ਸਾਰਥਕ ਸੋਚ ਲਈ ਮਨੋਰੰਜਨ ਦਾ ਸਾਧਨ ਤਾਂ ਹਨ, ਪਰ ਕਿਸੇ ਲਾਭ ਲਈ ਨਹੀਂ ਹੋਣੀਆਂ ਚਾਹੀਦੀਆਂ। ਇਹਨਾਂ ਵਿੱਚ ਮੁਕਾਬਲਾ ਨਹੀਂ ਸਗੋਂ ਦੋਸਤੀ ਦਾ ਮਾਹੌਲ ਹੋਣਾ ਚਾਹੀਦਾ ਹੈ। ਲੋਕਾਂ ਨੂੰ ਡਰੱਗਜ਼ ਅਤੇ ਔਰਤਾਂ ਤੇ ਬੱਚਿਆਂ ਨੂੰ ਘਰੇਲੂ ਹਿੰਸਾ ਵਰਗੀਆਂ ਅਲਾਮਤਾਂ ਤੋਂ ਦੂਰ ਰੱਖਣਾ ਹੈ। ਕੱਲ੍ਹ ਦੇ ਮੇਲੇ ਵਿੱਚ ਲੋਕਾਂ ਦੀ ਭਰਭੂਰ ਹਾਜ਼ਰੀ ਨੇ ਇਸ ਗੱਲ ਦਾ ਸਬੂਤ ਦਿੱਤਾ ਹੈ ਕਿ ਇਹ ਜਥੇਬੰਦੀ ਆਪਣੇ ਮਕਸਦ ਵਿੱਚ ਚੰਗੇ ਕਦਮ ਪੁੱਟ ਰਹੀ ਹੈ। ਅੰਤ ਵਿੱਚ ਸਭ ਦਾ ਧੰਨਵਾਦ ਕੀਤਾ ਗਿਆ।