Headlines

ਸਿਟੀ ਤੇ ਸਮਾਜਿਕ ਸੰਸਥਾਵਾਂ ਦੇ ਇਤਰਾਜ਼ ਉਪਰੰਤ  ਸਰੀ ਸਕੂਲ ਵਿਚ ਖਾਲਿਸਤਾਨ ਰਾਏਸ਼ਮਾਰੀ ਬਾਰੇ ਸਮਾਗਮ ਰੱਦ

10 ਸਤੰਬਰ ਨੂੰ ਕਰਵਾਏ ਜਾਣ ਵਾਲੇ ਪ੍ਰੋਗਰਾਮ ਸਬੰਧੀ ਪੋਸਟਰਾਂ ਨੂੰ ਬੱਚਿਆਂ ਉਪਰ ਮਾਰੂ ਅਸਰ ਪਾਉਣ ਵਾਲੇ ਦੱਸਿਆ-

ਸਰੀ ( ਦੇ ਪ੍ਰ ਬਿ)-—ਸਰੀ ਦੇ ਇਕ ਸਕੂਲ ਵਿਚ ਪ੍ਰਸਤਾਵਿਤ ਖਾਲਿਸਤਾਨ ਰਾਏਸ਼ਮਾਰੀ ਦਾ ਵੋਟਿੰਗ ਪ੍ਰੋਗਰਾਮ ਜਿਹੜਾ 10 ਸਤੰਬਰ ਨੂੰ ਹੋਣਾ ਸੀ, ਸਿਟੀ ਕੌਂਸਲ ਅਤੇ ਕੁਝ ਸਮਾਜਿਕ ਸੰਸਥਾਵਾਂ ਵਲੋਂ ਇਤਰਾਜ਼ ਪ੍ਰਗਟਾਏ ਜਾਣ ਉਪਰੰਤ ਅਧਿਕਾਰਤ ਤੌਰ ’ਤੇ ਰੱਦ ਕਰ ਦਿੱਤਾ ਗਿਆ ਹੈ| ਟਮੈਨਵਿਸ ਸੈਕੰਡਰੀ ਸਕੂਲ ਵਿਖੇ ਬੋਰਡ ਆਫ ਟਰੱਸਟੀਜ਼ ਨੇ ਸਿਟੀ ਆਫ ਸਰੀ ਅਤੇ  40 ਹੋਰ ਵੱਖ ਵੱਖ ਸੁਸਾਇਟੀਆਂ ਵਲੋਂ ਚਿੰਤਾ ਪ੍ਰਗਟ ਕੀਤੇ ਜਾਣ ਪਿੱਛੋਂ ਰਾਏਸ਼ਮਾਰੀ ਸਮਾਗਮ ਲਈ ਦਿੱਤੀ ਮਨਜ਼ੂਰੀ ਰੱਦ ਕਰ ਦਿੱਤੀ ਹੈ| ਸਕੂਲ ਦਾ ਹਾਲ ਇਕ ਓਨਟਾਰੀਓ ਵਾਸੀ ਨੇ ਕਮਿਊਨਿਟੀ ਸਮਾਗਮ ਦੱਸ ਕੇ ਕਿਰਾਏ ’ਤੇ ਲਿਆ ਸੀ| ਗੁਰਪਤਵੰਤ ਸਿੰਘ ਪਨੂੰ ਦੀ ਅਗਵਾਈ ਵਾਲੇ ਸਿਖਸ ਫਾਰ ਜਸਟਿਸ ਨਾਲ ਜੁੜੇ ਪ੍ਰਬੰਧਕਾਂ ਵਲੋਂਂ ਸਮਾਗਮ ਵਾਲੀ ਥਾਂ ਮਰਹੂਮ ਖਾਲਿਸਤਾਨੀ ਆਗੂ ਜਥੇਦਾਰ ਤਲਵਿੰਦਰ ਸਿੰਘ ਪਰਮਾਰ ਅਤੇ ਹਥਿਆਰਾਂ ਦੇ ਪੋਸਟਰ ਲਗਾਏ ਜਾਣ ਪਿੱਛੋਂ ਸਥਾਨਕ ਕਮਿਊਨਿਟੀ ਦੀਆਂ ਕੁਝ ਸੰਸਥਾਵਾਂ ਨੇ ਇਤਰਾਜ ਪ੍ਰਗਟ ਕੀਤਾ ਸੀ| ਸਰੀ ਵਾਸੀਆਂ ਦੇ ਇਕ ਗਰੁਪ ਨੇ ਸਥਾਨਕ ਸਕੂਲ ਨੂੰ ਅਤਵਾਦ ਨੂੰ ਉਤਸ਼ਾਹਿਤ ਕਰਨ ਲਈ ਵਰਤੇ ਜਾਣ ਨੂੰ ਰੋਕਣ ਲਈ ਸਰੀ ਸਕੂਲ ਡਿਸਟ੍ਰਿਕਟ ਦੀ ਪ੍ਰਕਿਰਿਆ ਤੁਰੰਤ ਰੋਕਣ ਦੀ ਮੰਗ ਕੀਤੀ ਸੀ| ਸਕੂਲ ਬੋਰਡ ਨੂੰ ਲਿਖੇ ਇਕ ਪੱਤਰ ਵਿਚ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੇ ਮੀਡੀਆ ਕੋਆਰਡੀਨੇਟਰ ਸਤਿੰਦਰ ਸੰਘਾ ਨੇ ਰਾਏਸ਼ਮਾਰੀ ਮੁਹਿੰਮ ਦੀ ਵੰਡ ਪਾਊ ਪ੍ਰਵਿਰਤੀ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਨਾਲ ਇੰਡੋ-ਕੈਨੇਡੀਅਨ ਕਮਿਊਨਿਟੀ ਦੀ ਫਿਰਕੂ ਸਦਭਾਵਨਾ ਨੂੰ ਨੁਕਸਾਨ ਪੁੱਜੇਗਾ| ਸੰਘਾ ਨੇ ਲਿਖਿਆ ਕਿ ਅਸੀਂ ਇਸ ਗੱਲ ਤੋਂ ਚਿੰਤਤ ਹਾਂ ਕਿ ਇਕ ਸਰਕਾਰੀ ਸਕੂਲ ਨੂੰ ਇਸ ਕੰਮ ਲਈ ਵਰਤਿਆ ਜਾ ਰਿਹਾ ਹੈ| ਪੋਸਟਰਾਂ ਉਪਰ ਫਿਰਕੂ ਨਫਰਰਤ ਤੇ ਹਥਿਆਰਾਂ ਦੀਆਂ  ਤਸਵੀਰਾਂ ਵੰਡਣ ਵਾਲੀਆਂ ਹਨ| ਸਾਡਾ ਵਿਸ਼ਵਾਸ਼ ਹੈ ਕਿ ਕਿਸੇ ਵੀ ਜਨਤਕ ਅਦਾਰੇ ਦੀ ਵਰਤੋਂ ਬਾਹਰੀ ਰਾਜਨੀਤਕ ਸਮਾਗਮਾਂ ਲਈ ਨਹੀਂ ਕੀਤੀ ਜਾਣੀ ਚਾਹੀਦੀ| ਸਰੀ ਟਾਕ ਰੇਡੀਓ ਦੇ ਇਵਾਨ ਸਕੌਟ ਨਾਲ ਇਕ ਮੁਲਾਕਾਤ ਵਿਚ ਸਰੀ ਦੀ ਮੇਅਰ ਬਰੈਂਡਾ ਲੋਕ ਨੇ ਸਪੱਸ਼ਟ ਕੀਤਾ ਕਿ ਸਿਟੀ ਖਾਲਿਸਤਾਨੀ ਲਹਿਰ ਜਾਂ ਸਰੀ ਦੇ ਕੰਟਰੋਲ ਵਾਲੇ ਅਹਾਤਿਆਂ ਵਿਚ ਕਿਸੇ ਵੀ ਰਾਏਸ਼ਮਾਰੀ ਦੀਆਂ ਸਰਗਰਮੀਆਂ ਦਾ ਸਮਰਥਨ ਨਹੀਂ ਕਰਦਾ| ਉਨ੍ਹਾਂ ਸਕੂਲ ਦੀ ਹਦੂਦ ਵਿਚ ਏਕੇ-47 ਨੂੰ ਦਰਸਾਉਣ ਵਾਲੇ ਪੋਸਟਰਾਂ ਦੀ ਮੌਜੂਦਗੀ ਦੀ ਸਖਤ ਨਿਖੇਧੀ ਕੀਤੀ ਪਰ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰੀ ਸਿਟੀ ਕੌਂਸਲ ਕਾਨੂੰਨੀ ਤੌਰ ’ਤੇ ਸਰੀ ਸਕੂਲ ਡਿਸਟ੍ਰਿਕਟ ਨੂੰ ਕੁਝ ਨਹੀਂ ਕਹਿ ਸਕਦੀ ਹੈ ਕਿ ਉਹ ਸਕੂਲ ਅਹਾਤਿਆਂ ਦੀ ਕਿਵੇਂ ਵਰਤੋਂ ਕਰਦਾ ਹੈ| ਸ਼ਹਿਰੀਆਂ ਨਾਲ ਸਬੰਧਤ ਇਕ ਗਰੁੱਪ ਨੇ ਸਮਾਗਮ ਸਬੰਧੀ ਲਗਾਏ ਗਏ ਪੋਸਟਰਾਂ ਵਿਚ ਹਿੰਸਾ, ਨਫਰਤ ਅਤੇ ਅੱਤਵਾਦ ਨੂੰ ਉਤਸ਼ਾਹਿਤ ਕਰਨ ਤੇ ਛੋਟੇ ਬੱਚਿਆਂ ਦੀ ਮਾਨਸਿਕਤਾ ਉਪਰ ਬੁਰਾ ਅਸਰ ਪਾਉਣ ਵਾਲਾ ਦੱਸਦਿਆਂ ਇਸ ਮਾਮਲੇ ਵਿਚ ਬੀ ਸੀ ਦੀ  ਸਿੱਖਿਆ ਮੰਤਰੀ  ਰਚਨਾ ਸਿੰਘ ਦੇ ਦਖਲ ਦਾ ਵੀ ਧੰਨਵਾਦ ਕੀਤਾ ਹੈ|