Headlines

ਢਿੱਲੋਂ ਭਰਾਵਾਂ ਨੂੰ ਜ਼ਲੀਲ ਕਰਨ ਤੇ ਮਰਨ ਲਈ ਮਜ਼ਬੂਰ ਕਰਨ ਵਾਲੇ ਐਸ ਐਚ ਓ ਨੂੰ ਡਿਸਮਿਸ ਕੀਤਾ

ਜਲੰਧਰ ( ਦੇ ਪ੍ਰ ਬਿ)-ਪੰਜਾਬ ਪੁਲਿਸ ਦੇ ਇੰਸਪੈਕਟਰ ਤੇ ਡਵੀਜ਼ਨ ਨੰਬਰ 1 ਦੇ SHO ਨਵਦੀਪ ਸਿੰਘ ਨੂੰ ਜਲੰਧਰ ਦੇ ਢਿੱਲੋਂ ਭਰਾਵਾਂ ਨਾਲ ਕੁੱਟਮਾਰ ਕਰਨ ਤੇ ਜ਼ਲੀਲ ਕਰਕੇ ਆਤਮ ਹੱਤਿਆ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਤਹਿਤ ਡੀਜੀਪੀ ਪੰਜਾਬ ਵਲੋਂ ਨੌਕਰੀ ਤੋਂ ਡਿਸਮਿਸਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੋ ਹੋਰ ਪੁਲਿਸ ਮੁਲਾਜ਼ਮਾਂ ਖਿਲਾਫ਼ ਕਾਰਵਾਈ ਲਈ ਜਾਂਚ ਆਰੰਭ ਕਰ ਦਿੱਤੀ ਗਈ ਹੈ।

ਜਿਕਰਯੋਗ ਹੈ ਕਿ, ਕੁੱਝ ਦਿਨ ਪਹਿਲਾਂ ਮਾਨਵਜੀਤ ਢਿੱਲੋਂ ਅਤੇ ਜਸ਼ਨਦੀਪ ਢਿੱਲੋਂ ਭਰਾਵਾਂ ਨੇ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 1 ਵਿੱਚ ਥਾਣੇਦਾਰ ਵਲੋਂ ਕੁੱਟਮਾਰ ਅਤੇ ਜ਼ਲੀਲ ਹੋਣ ਤੋਂ ਬਾਅਦ ਗੋਇੰਦਵਾਲ ਸਾਹਿਬ ਦੇ ਪੁਲ ਤੋਂ ਬਿਆਸ ਵਿੱਚ ਛਾਲ ਮਾਰ ਦਿੱਤੀ ਸੀ। ਜਸ਼ਨਦੀਪ ਦੀ ਲਾਸ਼ ਮਿਲ ਗਈ ਹੈ, ਪਰ ਮਾਨਵਜੀਤ ਦੀ ਲਾਸ਼ ਦੀ ਤਲਾਸ਼ ਅਜੇ ਜਾਰੀ ਹੈ।

 

ਉਕਤ ਮਾਮਲੇ ਦੇ ਸਬੰਧ ਵਿਚ ਪਰਿਵਾਰ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰਬਰ 1 ਦੇ ਤਤਕਾਲੀ ਐਸ ਐਚ ਓ ਨਵਦੀਪ ਸਿੰਘ, ਮਹਿਲਾ ਕਾਂਸਟੇਬਲ ਜਗਜੀਤ ਕੌਰ ਅਤੇ ਮੁਨਸ਼ੀ ਬਲਵਿੰਦਰ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 306 ਤਹਿਤ ਆਤਮ ਹੱਤਿਆ ਲਈ ਮਜ਼ਬੂਰ ਕਰਨ ਅਤੇ ਧਾਰਾ 506 ਅਤੇ ਪੁਲਿਸ ਰੂਲ 34 ਤਹਿਤ ਥਾਣਾ ਸਦਰ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ।

ਇਸ ਮਾਮਲੇ ਤੇ ਹੁਣ ਡੀਜੀਪੀ ਪੰਜਾਬ ਦੇ ਵਲੋਂ ਸਖ਼ਤ ਐਕਸ਼ਨ ਲੈਂਦਿਆਂ ਹੋਇਆ ਇੰਸਪੈਕਟਰ (SHO ਨਵਦੀਪ ਸਿੰਘ) ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ।

 

ਜਦੋਂਕਿ ਮਹਿਲਾ ਕਾਂਸਟੇਬਲ ਜਗਜੀਤ ਕੌਰ ਅਤੇ ਮੁਨਸ਼ੀ ਬਲਵਿੰਦਰ ਸਿੰਘ ਖ਼ਿਲਾਫ਼ ਵੀ ਅਜਿਹੀ ਕਾਰਵਾਈ ਕਰਨ ਸਬੰਧ ਜਾਂਚ ਆਰੰਭ ਕਰ ਦਿੱਤੀ ਗਈ ਹੈ, ਕਿਉਂਕਿ ਉਕਤ ਮੁਲਾਜ਼ਮਾਂ ਦੀ ਵੀ ਬਰਾਬਰ ਦੀ ਭੂਮਿਕਾ ਕੇਸ ਵਿਚ ਸਾਹਮਣੇ ਆ ਰਹੀ ਹੈ। ਇਸ ਦੀ ਪੁਸ਼ਟੀ ਐਸਪੀਡੀ ਕਪੂਰਥਲਾ ਨੇ ਕੀਤੀ ਹੈ।