Headlines

ਸੰਪਾਦਕੀ-ਕੈਨੇਡਾ ਵਿਚ ਪੰਜਾਬੀ ਮੀਡੀਆ ਦੀ ਧੌਂਸ….ਬਦਹਜ਼ਮੀ ਵਾਲਾ ਸਵਾਲ…!

-ਸੁਖਵਿੰਦਰ ਸਿੰਘ ਚੋਹਲਾ—-

ਸਮਾਜਿਕ ਜੀਵਨ ਵਿਚ ਮਨੁੱਖ ਦੇ ਮਾਣ-ਸਨਮਾਨ ਦੀ ਅਹਿਮੀਅਤ ਦੇ ਵਿਪਰੀਤ ਕਿਸੇ ਦੇ ਅਪਮਾਨ ਜਾਂ ਸਨਮਾਨ ਨੂੰ ਠੇਸ ਪਹੁੰਚਾਉਣ ਦਾ ਯਤਨ ਵਿਅਕਤੀ ਵਿਸ਼ੇਸ਼ ਦੀ ਜਿੰਦਗੀ ਨੂੰ ਪ੍ਰਭਾਵਿਤ ਕਰਨ ਦੇ ਨਾਲ ਸਮੁੱਚੇ ਸਮਾਜ ਉਪਰ ਵੀ ਗਹਿਰਾ ਪ੍ਰਭਾਵ ਪਾਉਂਦਾ ਹੈ। ਦੂਸਰਿਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਜਾਂ ਵਿਰੋਧੀ ਵਿਚਾਰਾਂ ਨੂੰ ਵੀ ਸਹਿਣ ਕਰਨ ਦੀ ਪ੍ਰਵਿਰਤੀ ਇਕ ਚੰਗੇ ਸਮਾਜ ਦੀ ਉਸਾਰੀ ਲਈ ਜਾਮਨ ਬਣਦੀ ਹੈ ਪਰ ਨਾਪਸੰਦਗੀ ਤੇ ਅਸਹਿਣਸ਼ੀਲਤਾ ਦਾ ਵਿਵਹਾਰ ਮਨਾਂ ਵਿਚ ਜ਼ਹਿਰ ਭਰਨ ਦੇ ਨਾਲ ਭਾਈਚਾਰਕ ਸਾਂਝਾ ਨੂੰ ਵੀ ਤਾਰ -ਤਾਰ ਕਰ ਦਿੰਦਾ ਹੈ।

ਇਕ ਚੰਗੇ ਸਮਾਜ ਦੀ ਉਸਾਰੀ ਵਿਚ ਮੀਡੀਆ ਦਾ ਵੱਡਾ ਯੋਗਦਾਨ ਸਮਝਿਆ ਜਾਂਦਾ ਹੈ। ਲੋਕਾਂ ਨੂੰ ਸਹੀ ਅਤੇ ਪੁਖਤਾ ਜਾਣਕਾਰੀ ਮੁਹੱਈਆ ਕਰਵਾਉਣ ਦੇ ਨਾਲ ਮੀਡੀਆ ਵਲੋਂ ਅੱਛੀਆਂ ਸਮਾਜਿਕ ਕਦਰਾਂ ਕੀਮਤਾਂ ਨੂੰ ਉਤਸ਼ਾਹਿਤ ਕਰਨਾ ਵੀ ਉਸਦੀਆਂ ਇਖਲਾਕੀ ਜਿੰਮੇਵਾਰੀਆਂ ਵਿਚ ਸ਼ਾਮਿਲ ਹੈ। ਪਰ ਵੇਖਣ ਵਿਚ ਆਉਂਦਾ ਹੈ ਕਿ ਮੀਡੀਆ ਦਾ ਇਕ ਹਿੱਸਾ -ਸਮੂਹਿਕ ਜਾਂ ਵਿਅਕਤੀਗਤ ਤੌਰ ਤੇ ਆਪਣੇ ਨਿੱਜੀ ਤੇ ਸੌੜੇ ਹਿੱਤਾਂ ਦੀ ਤਰਜੀਹਾਂ ਤਹਿਤ ਇਖਲਾਕੀ ਜਿੰਮੇਵਾਰੀਆਂ ਦੀਆਂ ਹੱਦਾਂ ਪਾਰ ਕਰ ਜਾਂਦਾ ਹੈ। ਸੌੜੇ ਹਿੱਤਾਂ ਤੋ ਪ੍ਰੇਰਿਤ ਮੀਡੀਆ ਦਾ ਅਜਿਹਾ ਵਰਗ ਲੋਕਾਂ ਨੂੰ ਗੁੰਮਰਾਹ ਕਰਨ ਦੇ ਨਾਲ ਸਮਾਜਿਕ ਤੇ ਭਾਈਚਾਰਕਾ ਸਾਂਝਾ ਨੂੰ ਤੋੜਨ ਤੇ ਫਿਰਕੂ ਨਫਰਤ ਫੈਲਾਉਣ ਦਾ ਵੀ ਭਾਗੀ ਬਣਦਾ ਹੈ। ਮੀਡੀਆ ਦੇ ਅਜਿਹੇ ਵਰਗ ਵਿਚ ਕੁਝ ਮੀਡੀਆ ਕਰਮੀ ਅਜਿਹੇ ਵੀ ਹੁੰਦੇ ਹਨ ਜੋ ਖੁਦ ਨੂੰ ਦੱਸਦੇ ਤਾਂ ਸਮਾਜਿਕ ਹਿੱਤਾਂ ਦੇ ਪਹਿਰੇਦਾਰ ਹਨ ਪਰ ਕਿਸੇ ਇਕ ਵਿਸ਼ੇਸ਼ ਗਰੁੱਪ ਜਾਂ ਫਿਰਕੇ ਦਾ ਪੱਖ ਪੂਰਦਿਆਂ ਇਸ ਹੱਦ ਤੱਕ ਚਲੇ ਜਾਂਦੇ ਹਨ, ਜੋ ਸਮਾਜਿਕ ਕਦਰਾਂ ਕੀਮਤਾਂ ਨੂੰ ਮਲੀਨ ਕਰਨ ਦੇ ਨਾਲ ਸਮਾਜਿਕ ਨਫਰਤ ਤੇ ਵੰਡੀਆਂ ਵਧਾਉਣ ਦਾ ਸਬੱਬ ਬਣਦੇ ਹਨ।

ਬੀਤੇ ਦਿਨ ਪੰਜਾਬੀ ਪ੍ਰੈਸ ਕਲੱਬ ਬੀ ਸੀ ਵਲੋਂ ਮੀਡੀਆ ਵਿਚ ਸਰਗਰਮ ਅਜਿਹੇ ਤੱਤਾਂ ਦੀ ਨਿਸ਼ਾਨਦੇਹੀ ਕਰਨ ਅਤੇ ਸਮਾਜਿਕ ਜਾਗਰੁਕਤਾ ਲਈ  ਉਦਮ ਕਰਦਿਆਂ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸਦਾ ਵਿਸ਼ਾ ਸੀ ‘’ਸਟੌਪ ਬੁਲਿੰਗ ਬਾਇ ਮੀਡੀਆ’’ ( ਮੀਡੀਆ ਦੀ ਧੌਂਸ ਨੂੰ ਰੋਕਣਾ)

ਇਸ ਸੈਮੀਨਾਰ ਦੌਰਾਨ ਪੰਜਾਬ ਤੋਂ ਆਏ ਵਿਦਵਾਨ ਸੱਜਣਾਂ ਲਈ ਇਹ ਵਿਸ਼ਾ ਹੈਰਾਨੀਜਨਕ ਸੀ। ਉਹਨਾਂ ਨੂੰ ਮੀਡੀਆ ਸਾਹਵੇਂ ਦਰਪੇਸ਼ ਚੁਣੌਤੀਆਂ ਦੀ ਗੱਲ ਸਮਝ ਵਿਚ ਆਉਂਦੀ ਹੈ ਪਰ ਮੀਡੀਆ ਦੀ ਧੌਂਸ ਬਾਰੇ ਗੱਲ ਕਰਨਾ ਆਪਣੀ ਪੀੜੀ ਹੇਠ ਸੋਟਾ ਫੇਰਨ ਦੇ ਯਤਨ ਵਾਂਗ ਲੱਗਾ। ਵਿਦਵਾਨ ਸੱਜਣਾਂ ਨੇ ਇਸ ਵਿਸ਼ੇ ਉਪਰ ਗੱਲ ਕਰਨ ਲਈ ਪੰਜਾਬੀ ਪ੍ਰੈਸ ਕਲੱਬ ਦੇ ਆਯੋਜਕਾਂ ਨੂੰ ਵਧਾਈ ਦਿੱਤੀ ਤੇ ਇੰਡੀਆ ਤੇ ਕੈਨੇਡਾ ਦੇ ਸਮਾਜਿਕ ਸਰੋਕਾਰਾਂ ਤੇ ਮੀਡੀਆ ਦੀ ਭੂਮਿਕਾ ਬਾਰੇ ਚਰਚਾ ਕੀਤੀ। ਭਾਰਤ ਵਰਗੇ ਮੁਲਕ ਵਿਚ ਜਿਥੇ ਸੱਤਾਧਾਰੀ ਪਾਰਟੀਆਂ, ਹਾਕਮ ਤੇ ਬਿਓਰੋਕਰੇਸੀ ਦੀ ਮੀਡੀਆ ਉਪਰ ਧੌਂਸ ਆਮ ਵੇਖੀ ਜਾਂਦੀ ਹੈ ਤੇ ਮੀਡੀਆ ਕਰਮੀਆਂ ਨੂੰ ਸੱਚ ਬੋਲਣ ਲਈ ਕੀ ਕੁਝ ਸਹਿਣ ਕਰਨਾ ਪੈਂਦਾ ਹੈ। ਜਿਥੇ ਮੀਡੀਆ ਅਦਾਰੇ ਖਰੀਦ ਲਏ ਜਾਂਦੇ ਹਨ ਤੇ ਇਕ ਆਮ ਪੱਤਰਕਾਰ ਦੀ ਹੈਸੀਅਤ ਕਠਪੁੱਤਲੀ ਤੋਂ ਵੱਧ ਨਹੀ ਹੁੰਦੀ ਤੇ ਜ਼ਮੀਰ ਵਾਲੇ ਪੱਤਰਕਾਰਾਂ ਨੂੰ ਨੌਕਰੀ ਗਵਾਉਣ ਜਾਂ ਜ਼ਲੀਲ ਹੋਣ ਲਈ ਹਰ ਸਮੇਂ ਤਿਆਰ ਰਹਿਣਾ ਪੈਂਦਾ ਹੈ। ਵਿਦਵਾਨ ਸੱਜਣਾਂ ਨੂੰ ਇਹ ਸਮਝ ਨਹੀ ਆਈ ਕਿ ਕੈਨੇਡਾ ਵਿਚ ਜਿਥੇ ਪੰਜਾਬੀ ਮੀਡੀਆ ਮੇਨ ਸਟਰੀਮ ਮੀਡੀਆ ਨਾਲ ਬਰਾਬਰ ਦਾ ਮਾਣ ਸਨਮਾਨ ਪਾ ਰਿਹਾ ਹੈ, ਸਰਕਾਰ ਤੇ ਪ੍ਰਸਾਸ਼ਨ ਵਲੋਂ ਉਸ ਉਪਰ ਕੋਈ ਪ੍ਰਤੱਖ ਦਬਾਅ ਨਹੀ। ਉਸਨੂੰ ਖਰੀਦੇ ਜਾਣ ਦੀ ਕੋਈ ਸ਼ੰਕਾ ਨਹੀ। ਉਸਦੇ ਆਮਦਨ ਸਰੋਤਾਂ ਨੂੰ ਕੋਈ ਖਤਰਾ ਨਹੀ। ਫਿਰ ਇਹ ਮੀਡੀਆ ਧੌਂਸ ਦਾ ਸਵਾਲ ਕਿਉਂ। ਪੰਜਾਬ ਤੋਂ ਆਉਣ ਵਾਲਾ ਕੋਈ ਵੀ ਪੱਤਰਕਾਰ ਜਾਂ ਮੀਡੀਆ ਨਾਲ ਸਰੋਕਾਰ ਰੱਖਣ ਵਾਲਾ ਕੋਈ ਵੀ ਵਿਅਕਤੀ ਕੈਨੇਡਾ ਵਿਚ ਮੀਡੀਆ ਦੀ ਇਸ ਧੌਂਸ ਬਾਰੇ ਹੈਰਾਨੀ ਪ੍ਰਗਟ ਜਰੂਰ ਕਰੇਗਾ। ਕਿਉਂਕਿ ਉਹ ਨਹੀ ਜਾਣਦੇ ਹਨ ਕਿ ਕੈਨੇਡਾ ਦੇ ਪੰਜਾਬੀ ਭਾਈਚਾਰੇ ਵਿਚ ਸਥਾਪਿਤ ਇਕ ਵਰਗ ਅਜਿਹਾ ਹੈ ਜਿਥੇ ਵਿਪਰੀਤ ਵਿਚਾਰਾਂ ਵਾਲੇ ਕਿਸੇ ਮੀਡੀਆ ਕਰਮੀ ਜਾਂ ਆਮ ਵਿਅਕਤੀ ਲਈ ਕੋਈ ਥਾਂ ਨਹੀ। ਜਿਥੇ ਕਿਸੇ ਰੇਡੀਓ ਹੋਸਟ ਦਾ ਬਾਈਕਾਟ ਤੇ ਦਫਤਰ ਮੂਹਰੇ ਧਰਨਾ ਲਗਾਉਣ ਦਾ ਐਲਾਨ ਵੀ ਹੋ ਸਕਦਾ ਹੈ। ਕਿਸੇ ਅਖਬਾਰ ਦੇ ਬੰਡਲ ਨੂੰ ਕਿਸੇ ਸਰਬ ਸਾਂਝੀ ਸੰਸਥਾ ਦੇ ਦਰਾਂ ਤੋਂ ਗਾਰਬੇਜ਼ ਬਿਨ ਵਿਚ ਸੁੱਟੇ ਜਾਣ ਦੀ ਸਜਾ ਵੀ ਦਿੱਤੀ ਜਾ ਸਕਦੀ ਹੈ। ਜਿਥੇ ਦੂਸਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਨਹੀ। ਉਹਨਾਂ ਲਈ ਸੱਚ ਕੇਵਲ ਉਹੀ ਹੈ ਜੋ ਉਹਨਾਂ ਦਾ ਆਪਣਾ ਹੈ। ਅਗਰ ਕੋਈ ਉਹਨਾਂ ਦੇ ਸੱਚ ਨੂੰ ਝੂਠ ਦੱਸਣ ਦੀ ਕੋਸ਼ਿਸ ਕਰੇਗਾ ਤਾਂ ਉਸਦਾ ਸਮਾਜਿਕ ਬਾਈਕਾਟ ਸੰਭਵ ਹੈ। ਉਸ ਉਪਰ ਏਜੰਸੀਆਂ ਦਾ ਏਜੰਟ ਹੋਣ ਦਾ ਠੱਪਾ ਲਗਾਇਆ ਜਾ ਸਕਦਾ ਹੈ। ਹੈਰਾਨਕੁੰਨ ਹੈ ਉਹਨਾਂ ਦੀ ਪਹੁੰਚ ਕਿ ਉਹਨਾਂ ਲਈ ਇੰਡੀਆ ਕੋਈ ਵਤਨ ਨਹੀ, ਦੁਸ਼ਮਣ ਦੇਸ਼ ਹੈ।

ਕਿਹਾ ਜਾ ਸਕਦਾ ਹੈ ਕਿ ਪੰਜਾਬੀ ਭਾਈਚਾਰੇ ਵਿਚ ਸਥਾਪਿਤ ਇਸ ਵਰਗ ਦੀਆਂ ਆਪਣੇ ਭਾਈਚਾਰੇ ਦੇ ਵੱਕਾਰ ਅਤੇ ਸਨਮਾਨ ਲਈ ਵੀ ਕੋਈ ਭਾਵਨਾਵਾਂ ਹਨ। ਵਿਪਰੀਤ ਵਿਚਾਰਾਂ ਵਾਲੇ ਨੂੰ ਉਹਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਬਣਦਾ ਹੈ। ਪਰ ਇਹ ਭਾਵਨਾਵਾਂ ਦਾ ਸਤਿਕਾਰ ਇਕ ਪਾਸੜ ਹੀ ਕਿਉਂ? ਕੈਨੇਡਾ ਵਿਚ ਪੰਜਾਬੀ ਮੀਡੀਆ ਵਿਚ ਸਭ ਤੋਂ ਸੱਸ਼ਕਤ ਮੀਡੀਆ ਰੇਡੀਓ ਦਾ ਮਾਧਿਅਮ ਹੈ। ਸੈਮੀਨਾਰ ਦੇ ਮੁੱਖ ਮਹਿਮਾਨ ਦਾ ਵਿਚਾਰ ਸੀ ਕਿ ਇਸ ਮਾਧਿਅਮ ਉਪਰ ਸੀ ਆਰ ਸੀ ਟੀ ਦਾ ਕੋਈ ਕੰਟਰੋਲ ਨਹੀ ਹੈ। ਨਿੱਜੀ ਤੌਰ ਤੇ ਚੈਨਲ ਚਲਾਉਣ ਵਾਲੇ ਲੋਕ ਆਪਣੀ ਮਰਜੀ ਲੋਕਾਂ ਉਪਰ ਥੋਪਣ ਦਾ ਯਤਨ ਕਰਦੇ ਹਨ। ਵਿਅਕਤੀਗਰਤ ਰਾਇ ਲਈ ਕੋਈ ਸਨਮਾਨ ਜਾਂ ਥਾਂ ਨਹੀ ਹੈ। ਕਈ ਰੇਡੀਓ ਹੋਸਟ ਮਾਣ ਮਰਿਯਾਦਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਹਨ। ਉਹਨਾਂ ਦੇ ਨਿੱਜੀ ਵਿਚਾਰ ਹੋਣ ਜਾਂ ਉਹਨਾਂ ਦੇ ਪਿੱਛੇ ਬੈਠੀ ਕਿਸੇ ਤਾਕਤ ਦਾ ਕੋਈ ਸੰਕੇਤ। ਅਜਿਹੀ ਸਥਿਤੀ ਵਿਚ ਭਾਈਚਾਰਕ ਸਾਂਝਾ ਨੂੰ ਆਂਚ ਤਾਂ ਆਉਂਦੀ ਹੈ, ਭਾਈਚਾਰੇ ਦਾ ਵੱਕਾਰ ਵੀ ਦਾਅ ਉਪਰ ਲੱਗ ਜਾਂਦਾ ਹੈ। ਅਜਿਹੀ ਸਥਿਤੀ ਦੀ ਹੀ ਦੇਣ ਹੈ ਕਿ ਬਹੁਗਿਣਤੀ ਕੈਨੇਡੀਅਨ ਪੰਜਾਬੀ ਬੱਚੇ ਪੰਜਾਬੀ ਮੀਡੀਆ ਨਾਲ ਨੇੜਲਾ ਸੰਪਰਕ ਰੱਖਣ ਤੋ ਗੁਰੇਜ਼ ਕਰਦੇ ਹਨ।  ਇਕ ਵਿਦਵਾਨ ਸੱਜਣ ਦਾ ਵਿਚਾਰ ਸੀ ਕਿ ਕੈਨੇਡਾ ਵਿਚ ਪੰਜਾਬੀ ਮੀਡੀਆ ਦੀ ਧੌਂਸ ਦਾ ਇਕ ਉਹ ਦੌਰ ਵੀ ਸੀ ਜਦੋਂ ਕਿਸੇ ਅਖਬਾਰ ਦੀ ਅਪਮਾਨਜਨਕ ਸੁਰਖੀ ਕਿਸੇ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰ ਦੇਵੇ। ਅਜਿਹਾ ਮੀਡੀਆ ਕਰਮੀ ਜਾਂ ਅਦਾਰਾ ਕਿਸੇ ਹੱਦ ਤੱਕ ਪੱਤਰਕਾਰੀ ਦੀ ਮਰਿਯਾਦਾ ਤੋੜਨ ਲਈ ਜਿੰਮੇਵਾਰ ਹੋ ਸਕਦਾ ਹੈ ਪਰ ਕਿਸੇ ਅਦਾਲਤੀ ਪ੍ਰਕਿਰਿਆ ਦਾ ਸਹਾਰਾ ਲੈਣ ਦੀ ਥਾਂ ਮੀਡੀਆ ਦੀ ਜੁਬਾਨਬੰਦੀ ਲਈ ਕਿਸੇ ਨੂੰ ਕਤਲ ਕਰ ਦੇਣਾ ਵੀ ਕਿਥੋਂ ਦੀ ਇਨਸਾਨੀਅਤ ਹੈ।

ਇਕ ਵਿਦਵਾਨ ਸੱਜਣ ਵਲੋਂ  ਕੈਨੇਡੀਅਨ ਪੰਜਾਬੀ ਮੀਡੀਆ ਵਲੋਂ ਪੰਜਾਬੀ ਜੁਬਾਨ ਦੀ ਤਰੱਕੀ ਦੇ ਨਾਲ ਵਿਰਸੇ ਦੀ ਸਾਂਭ ਸੰਭਾਲ ਵਾਸਤੇ ਉਦਮ, ਪੰਜਾਬ ਦੇ ਮੀਡੀਆ ਕਰਮੀਆਂ ਦੀਆਂ ਸੇਵਾਵਾਂ ਲੈਣ, ਉਹਨਾਂ ਲਈ ਰੋਜ਼ਗਾਰ ਦੇ ਵਸੀਲੇ ਪੈਦਾ ਕਰਨ ਅਤੇ ਪੰਜਾਬ ਤੋਂ ਬਾਹਰ ਵਸਦੇ ਪੰਜਾਬ ਦੀ ਪਿਤਰੀ ਪੰਜਾਬ ਨਾਲ ਸਾਂਝ ਦੀ ਮਜ਼ਬੂਤੀ ਲਈ ਭੂਮਿਕਾ ਦੀ ਸ਼ਲਾਘਾ ਕਰਦਿਆਂ ਪੰਜਾਬੀ ਮੀਡੀਆ ਦੀ ਹੋਰ ਬੁੰਲਦੀ ਦੀ ਕਾਮਨਾ ਕੀਤੀ ਗਈ ਪਰ ਸਹੀ ਮਾਅਨਿਆਂ ਵਿਚ ਇਸ ਕਾਮਨਾ ਦੀ ਪੂਰਤੀ ਤਾਂ ਹੀ ਸੰਭਵ ਹੈ ਅਗਰ ਇਕ ਦੂਸਰੇ ਉਪਰ ਆਪਣੀ ਰਾਇ ਜਾਂ ਵਿਚਾਰਾਂ ਨੂੰ ਥੋਪਣ ਦੀ ਬਿਜਾਏ, ਭਾਵਨਾਵਾਂ ਦੇ ਸਤਿਕਾਰ ਨੂੰ ਪਹਿਲ ਮਿਲੇ ਤੇ ਇਕ ਚੰਗੇ ਸਮਾਜ ਦੇ ਨਿਰਮਾਣ ਲਈ ਸੁਹਿਰਦ ਯਤਨ ਹੋਣ। ਕੈਨੇਡੀਅਨ ਪੰਜਾਬੀ ਮੀਡੀਆ ਵਲੋਂ ਹਰ ਸਮੇਂ ਇੰਡੀਆ.. ਇੰਡੀਆ, ਪੰਜਾਬ…ਪੰਜਾਬ ਤੇ ਪੰਜਾਬ ਦੀ ਸਿਆਸਤ ਤੋ ਬਿਨਾਂ ਆਪਣੇ ਅਪਣਾਏ ਮੁਲਕ ਦੀਆਂ ਪ੍ਰਾਪਤੀਆਂ, ਸਮੱਸਿਆਵਾਂ ਤੇ ਉਲਝਣਾਂ ਨੂੰ ਵੀ ਗੱਲਬਾਤ ਦਾ ਹਿੱਸਾ ਬਣਾ ਲਿਆ ਜਾਵੇ ਤਾਂ ਸ਼ਾਇਦ ਮਾਨਸਿਕ ਤੌਰ ਤੇ ਪੰਜਾਬ ਵਿਚ ਵਸਦੀ ਕੈਨੇਡੀਅਨ ਪੰਜਾਬੀ ਵਸੋਂ ਦਾ ਸੋਹਣੇ ਦੇਸ਼ ਕੈਨੇਡਾ ਵਿਚ ਵੀ ਬੇਹਤਰ ਤੇ ਸੁਖਦਾਈ ਵਸੇਬਾ ਸੰਭਵ ਬਣ ਜਾਏ।