Headlines

ਗਲੈਡੀਏਟਰ ਸੰਦੀਪ ਨੰਗਲ ਅੰਬੀਆਂ ਕਬੱਡੀ ਕੱਪ ਵੈਨਕੂਵਰ ਕਬੱਡੀ ਕਲੱਬ ਨੇ ਜਿੱਤਿਆ

ਐਬਸਫੋਰਡ ਵਿਚ ਖੇਡੇ ਆਖਰੀ ਮੈਚ ਨਾਲ ਬੀ ਸੀ ਕਬੱਡੀ ਸੀਜ਼ਨ ਦੀ ਸਮਾਪਤੀ-

ਐਬਸਫੋਰਡ (ਮਹੇਸ਼ਇੰਦਰ ਸਿੰਘ ਮਾਂਗਟ)-ਬੀ ਸੀ ਵਿੱਚ ਸ਼ੁਰੂ ਹੋਏ ਕਬੱਡੀ ਸੀਜ਼ਨ ਜੋ ਕਿ ਬੀ ਸੀ ਯੂਨਾਈਟਡ ਕਬੱਡੀ ਫੈਡਰੇਸ਼ਨ ਦੀ ਦੇਖ ਰੇਖ ਹੇਠ ਕਰਵਾਇਆ ਗਿਆ ,ਉਸ ਦੀ ਸਮਾਪਤੀ ਬੀਤੇ ਐਤਵਾਰ ਸੀਜ਼ਨ ਦੇ ਐਬੋਟਸਫ਼ੋਰਡ ਵਿਖੇ ਹੋਏ ਕੱਪ ਨੂੰ ਗਲੈਡੀਏਟਰ ਸੰਦੀਪ ਨੰਗਲ ਅੰਬੀਆਂ ਵੈਨਕੁਵਰ ਕਬੱਡੀ ਕਲੱਬ ਦੇ ਗੱਭਰੂਆਂ ਨੇ ਜਿੱਤਕੇ ਇਸ ਕਬੱਡੀ ਸੀਜ਼ਨ ਦੀ ਸਮਾਪਤੀ ਕੀਤੀ l ਗਲੈਡੀਏਟਰ ਸੰਦੀਪ ਨੰਗਲ ਅੰਬੀਆਂ ਵੈਨਕੁਵਰ ਕਬੱਡੀ ਕਲੱਬ ਨੇ ਇਹ ਸੀਜ਼ਨ ਦਾ ਦੂਜਾ ਕੱਪ ਆਪਣੇ ਨਾਂ ਕੀਤਾ ।ਸਾਰੇ ਮੈਚ ਬਹੁਤ ਵਧੀਆ ਤੇ ਦਿਲਚਸਪ ਹੋਏ।  ਫਾਈਨਲ ਮੈਚ ਸੰਦੀਪ ਨੰਗਲ ਅੰਬੀਆਂ ਵੈਨਕੁਵਰ ਕਬੱਡੀ ਕਲੱਬ ਅਤੇ ਰਿਚਮੰਡ ਐਬੋਟਸਫ਼ੋਰਡ ਕਬੱਡੀ ਕਲੱਬ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ l ਪਹਿਲੇ ਦਸ ਬਾਰਾਂ ਕੁ ਮਿੰਟ ਤਾਂ ਜਾਪਦਾ ਸੀ ਕਿ ਮੈਚ ਫਸੂਗਾ ਪਰ ਫੇਰ ਤਾਂ ਵੈਨਕੁਵਰ ਦੇ ਗਭਰੂਆਂ ਨੇ ਦੂਜੀ ਟੀਮ ਨੂੰ ਰਲਣ ਨੀ ਦਿੱਤਾ ਅਤੇ ਅੰਕਾਂ ਦੇ ਵੱਡੇ ਫਰਕ ਨਾਲ ਇਹ ਮੈਚ ਜਿੱਤ ਲਿਆ। ਸੁਲਤਾਨ ਸਮਸਪੁਰ ਨੇ ਬਿਨਾਂ ਰੁਕੇ ਕਬੱਡੀਆਂ ਪਾਕੇ ਬੈਸਟ ਰੇਡਰ  ਹੋਣ ਦਾ ਮਾਣ ਆਪਣੇ ਨਾਂ ਕੀਤਾ  l ਅੰਮ੍ਰਿਤ ਛੰਨਾ ਵਾਲਾ ਅਤੇ ਵਾਹਿਗੁਰੂ ਸੀਚੇਵਾਲ ਬੈਸਟ ਜਾਫੀ ਰਹੇ l ਵੈਨਕੁਵਰ ਦੀ ਟੀਮ ਪੂਰੇ ਤਾਲਮੇਲ ਨਾਲ ਖੇਡੀ ਅਤੇ ਅੱਧੇ ਸਮੇਂ ਤੋਂ ਵੀ ਵੱਧ ਸੁਲਤਾਨ ਅਤੇ ਕਮਲ ਨਵੇਂ ਪਿੰਡ ਨੇ ਦੋਨਾਂ ਨੇ ਇਕੱਲਿਆਂ ਹੀ ਰੇਡਾਂ ਪਾਕੇ ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਮਜ਼ਬੂਰ ਕੀਤਾ l ਇਸ ਦੌਰਾਨ ਜਸਬੀਰ ਸਿੰਘ ਬਨਵੈਤ ਤੇ ਨੈਕਾ ਨਕੋਦਰੀਆ ਨੇ ਇਕ-ਇਕ ਰੇਡ ਉਪਰ ਡਾਲਰਾਂ ਦਾ ਮੀਂਹ ਵਰਾਇਆ।

ਕਬੱਡੀ ਪ੍ਰੇਮੀਆਂ ਨੇ ਇਸ ਫਾਈਨਲ ਮੈਚ ਦਾ  ਖੂਬ ਆਨੰਦ ਮਾਣਿਆ l ਦਰਸ਼ਕਾਂ ਦਾ ਇਕੱਠ ਵੇਖਣ ਵੀ ਵਾਲਾ ਸੀ । ਇਸ ਕਬੱਡੀ ਕੱਪ ‘ਚ 9 ਤੋਂ 10 ਹਜ਼ਾਰ ਦੇ ਕਰੀਬ ਦਰਸ਼ਕ ਪੁੱਜੇ ਸਨ l ਕਈ ਖਿਡਾਰੀਆਂ ਦੇ ਮਾਣ ਸਨਮਾਨ ਵੀ ਹੋਏ l ਖੁਸ਼ੀ ਦੁੱਗਾਂ ਵਾਲਾ ਸੀਜ਼ਨ ਦਾ ਬੈਸਟ ਜਾਫੀ ਬਣਿਆ । ਭੂਰੀ ਛੰਨਾ ਵਾਲਾ ਬੈਸਟ ਧਾਵੀ ਅਤੇ ਕੈਲਗਰੀ ਦੀ ਟੀਮ ਸੀਜ਼ਨ ਦੀ ਬੈਸਟ ਟੀਮ ਰਹੀ l ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਬੀ ਸੀ ਯੂਨਾਈਟਿਡ ਦੇ ਆਗੂ ਕੇਵਿਨ ਫਾਲਕਿਨ, ਕੈਬਨਿਟ ਮੰਤਰੀ ਹੈਰੀ ਬੈਂਸ,ਕੌਂਸਲਰ ਦੇਵ ਸਿੱਧੂ ਆਦਿ ਪਹੁੰਚੇ ਹੋਏ ਸਨ। ਕਲੱਬ ਦੇ ਪ੍ਰਬੰਧਕਾਂ ਵੱਲੋ ਕਬੱਡੀ ਕੱਪ ਦੇ ਵੱਡੇ ਇਕੱਠ ਨੂੰ ਕੰਟਰੋਲ ਕਰਨ ਲਈ ਹਿਲਟਨ ਸਕਿਉਰਟੀ ਦੇ ਮੁੱਖ ਪ੍ਰਬੰਧਕ ਗੁਰਜੰਟ ਸਿੰਘ ਸੰਧੂ ਦੀ ਦੇਖ ਰੇਖ ਹੇਠ ਪੁੱਖਤਾ ਪ੍ਰਬੰਧ ਕੀਤੇ ਗਏ ਸਨ।