Headlines

ਕੈਨੇਡਾ-ਭਾਰਤ ਭਾਈਵਾਲੀ ਦੋਵਾਂ ਮੁਲਕਾਂ ਲਈ ਅਹਿਮ-ਟਰੂਡੋ

ਭਾਰਤ ਨੇ ਖਾਲਿਸਤਾਨੀ ਸਰਗਰਮੀਆਂ ਤੇ ਚਿੰਤਾ ਜ਼ਾਹਰ ਕੀਤੀ-

ਦਿੱਲੀ ( ਦਿਓਲ)- ਰਾਜਧਾਨੀ ਦਿੱਲ ਵਿਚ ਜੀ-20 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਗੱਲਬਾਤ ਦੌਰਾਨ ਕੈਨੇਡਾ ਵਿਚ ਕੱਟੜਪੰਥੀਆਂ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਉਪਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਉਹ ਵੱਖਵਾਦ ਨੂੰ ਬੜਾਵਾ ਦੇਣ ਦੇ ਨਾਲ ਭਾਰਤੀ ਡਿਪਲੋਮੈਟਾਂ ਵਿਰੁੱਧ ਹਿੰਸਾ ਭੜਕਾਉਣ, ਕੂਟਨੀਤਕ ਇਮਾਰਤਾਂ ਨੂੰ ਨੁਕਸਾਨ ਪਹੁੰਚਾਉਣ ਅਤੇ  ਕੈਨੇਡਾ ਵਿੱਚ ਭਾਰਤੀ ਭਾਈਚਾਰੇ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
“ਸੰਗਠਿਤ ਅਪਰਾਧ, ਡਰੱਗ ਸਿੰਡੀਕੇਟ ਅਤੇ ਮਨੁੱਖੀ ਤਸਕਰੀ ਨਾਲ ਅਜਿਹੀਆਂ ਤਾਕਤਾਂ ਦਾ ਗਠਜੋੜ ਕੈਨੇਡਾ ਲਈ ਵੀ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਦੋਵਾਂ ਦੇਸ਼ਾਂ ਲਈ ਅਜਿਹੇ ਖਤਰਿਆਂ ਨਾਲ ਨਜਿੱਠਣ ਲਈ ਸਹਿਯੋਗ ਕਰਨਾ ਜ਼ਰੂਰੀ ਹੈ।
ਟਰੂਡੋ ਨਾਲ ਮੁਲਾਕਾਤ ਤੋਂ ਬਾਅਦ, ਮੋਦੀ ਨੇ ਟਵੀਟ ਕੀਤਾ ਕਿ ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਭਾਰਤ-ਕੈਨੇਡਾ ਸਬੰਧਾਂ  ਬਾਰੇ ਵਿਸਥਾਰਤ ਚਰਚਾ ਕੀਤੀ ਹੈ।
ਭਾਰਤ-ਕੈਨੇਡਾ ਸਬੰਧ ਖਾਲਿਸਤਾਨ ਪੱਖੀ ਸਮੂਹਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਤਣਾਅਪੂਰਨ ਹਨ। ਜੁਲਾਈ ਵਿੱਚ, ਭਾਰਤ ਨੇ ਆਪਣੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕੈਨੇਡੀਅਨ ਰਾਜਦੂਤ ਨੂੰ ਤਲਬ ਵੀ ਕੀਤਾ ਸੀ।
ਭਾਰਤ ਦੀਆਂ ਚਿੰਤਾਵਾਂ ਬਾਰੇ ਪੁੱਛੇ ਜਾਣ ‘ਤੇ, ਟਰੂਡੋ ਨੇ ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ “ਕੈਨੇਡਾ ਹਮੇਸ਼ਾ ਪ੍ਰਗਟਾਵੇ ਦੀ ਆਜ਼ਾਦੀ ਅਤੇ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਦੀ ਆਜ਼ਾਦੀ ਦੀ ਰੱਖਿਆ ਕਰਦਾ ਹੈ ਅਤੇ ਇਹ ਸਾਡੇ ਲਈ ਬਹੁਤ ਮਹੱਤਵਪੂਰਨ ਹੈ।  ਇਸ ਦੇ ਨਾਲ ਹੀ, ਅਸੀਂ ਹਮੇਸ਼ਾ  ਹਿੰਸਾ ਨੂੰ ਰੋਕਣ ਅਤੇ ਨਫ਼ਰਤ ਨੂੰ ਪਛਾੜਨ ਲਈ ਕੰਮ ਕਰਦੇ ਹਾਂ। ਉਹਨਾਂ ਸਪੱਸ਼ਟ ਕੀਤਾ ਕਿ ਮੇਰੇ ਖਿਆਲ ਵਿੱਚ, ਕਮਿਊਨਿਟੀ ਦੇ ਮੁੱਦੇ ‘ਤੇ, ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਕੁਝ ਲੋਕਾਂ ਦੀਆਂ ਕਾਰਵਾਈਆਂ ਸਮੁੱਚੇ ਭਾਈਚਾਰੇ ਜਾਂ ਕੈਨੇਡਾ ਦੀ ਪ੍ਰਤੀਨਿਧਤਾ ਨਹੀਂ ਕਰਦੀਆਂ । ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦਾ ਇਕ ਅਹਿਮ ਅਰਥਚਾਰਾ ਤੇ ਵਾਤਾਵਰਣ ਤਬਦੀਲੀ ਨਾਲ ਨਜਿੱਠਣ ਤੋਂ ਲੈ ਕੇ ਨਾਗਰਿਕਾਂ ਦੇ ਵਿਕਾਸ ਤੇ ਖੁਸ਼ਹਾਲੀ ਲਈ ਕੈਨੇਡਾ ਦਾ ਅਹਿਮ ਭਾਈਵਾਲ ਹੈ। ਦੋਵੇਂ ਧਿਰਾਂ ਮੌਜੂਦਾ ਸਹਿਯੋਗ ਵਧਾਉਣਾ ਜਾਰੀ ਰੱਖਣਗੀਆਂ।

ਟਰੂਡੋ ਦੀ ਵਾਪਸੀ ਵਿਚ ਦੇਰੀ- ਪ੍ਰਧਾਨ ਮੰਤਰੀ ਟਰੂਡੋ ਨੇ ਆਪਣੇ ਵਫਦ ਸਮੇਤ ਐਤਵਾਰ ਦੀ ਰਾਤ ਨੂੰ ਕੈਨੇੇਡਾ ਲਈ ਵਾਪਸੀ ਉਡਾਣ ਭਰਨੀ ਸੀ ਪਰ ਆਖਰੀ ਮੌਕੇ ਉਹਨਾਂ ਦੇ ਜਹਾਜ਼ ਵਿਚ ਤਕਨੀਕੀ ਨੁਕਸ ਪੈਣ ਕਾਰਣ , ਉਡਾਣ ਮੁਲਤਵੀ ਕਰਨੀ ਪਈ।