Headlines

ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਡਾ ਗੋਪਾਲ ਸਿੰਘ ਬੁੱਟਰ ਦਾ ਵਿਸ਼ੇਸ਼ ਲੈਕਚਰ ਕਰਵਾਇਆ

ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਦੀ ਜਨਮ ਸ਼ਤਾਬਦੀ ਸਬੰਧੀ ਸਮਾਗਮ-

ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- ਪਰਵਾਸੀ ਭਾਈਚਾਰੇ ਵਲੋਂ ਕੈਨੇਡਾ ਵਿਚ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਦੀ 100 ਸਾਲਾ ਸ਼ਤਾਬਦੀ ਮਨਾਈ ਜਾ ਰਹੀ ਹੈ। ਪਿਛਲੇ ਹਫਤੇ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਲੋਂ ਇਸ ਸਬੰਧੀ ਵਿਸ਼ੇਸ਼ ਸ਼ਤਾਬਦੀ ਸਮਾਰੋਹ ਮਨਾਏ ਗਏ। ਇਸੇ ਤਹਿਤ ਗੁਰਦੁਆਰਾ ਅਕਾਲੀ ਸਿੰਘ ਵੈਨਕੂਵਰ ਗੁਰੂ ਘਰ ਵਲੋਂ ਵੀ ਸ਼ਰਧਾਂਜਲੀ ਸਮਾਗਮ ਕਰਵਾਏ ਗਏ ਤੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਹਫਤੇ 10 ਸਤੰਬਰ ਐਤਵਾਰ ਨੂੰ ਖਾਲਸਾ ਦੀਵਾਨ ਸੁਸਾਇਟੀ ਦੇ ਮੁਖ ਸੇਵਾਦਾਰ ਭਾਈ ਕੁਲਦੀਪ ਸਿੰਘ ਥਾਂਦੀ ਤੇ ਸਮੁੱਚੀ ਪ੍ਰਬੰਧਕ ਟੀਮ ਵਲੋਂ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਦੇ ਸਬੰਧ ਵਿਚ ਇਕ ਲੈਕਚਰ ਕਰਵਾਇਆ ਗਿਆ। ਇਸ ਵਿਚ ਪੰਜਾਬ ਤੋਂ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ ਗੋਪਾਲ ਸਿੰਘ ਬੁੱਟਰ ਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ। ਉਹਨਾਂ ਨੇ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਦੀ ਜ਼ਿੰਦਗੀ ਤੇ ਕੁਰਬਾਨੀ ਬਾਰੇ ਖੁਲਕੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਉਹਨਾਂ ਆਪਣੇ ਲੈਕਚਰ ਵਿਚ ਬਬਰ ਅਕਾਲੀਆਂ ਦਾ ਦੇਸ਼ ਦੀ ਆਜ਼ਾਦੀ ਦੀ ਜੰਗ ਵਿਚ ਯੋਗਦਾਨ ਦਾ ਜ਼ਿਕਰ ਕਰਦਿਆਂ ਭਾਈ ਕਰਮ ਸਿੰਘ ਦੌਲਤਪੁਰ ਦੇ ਜੀਵਨ ਤੇ ਸੰਘਰਸ਼ ਬਾਰੇ ਵਿਸ਼ੇਸ਼ ਚਾਨਣਾ ਪਾਇਆ। ਉਹਨਾਂ ਦੱਸਿਆ ਕਿ ਭਾਈ ਕਰਮ ਸਿੰਘ ਦੌਲਤਪੁਰ  ਕੈਨੇਡਾ ਤੋ ਦੇਸ਼ ਨੂੰ ਜਾਣ ਤੋਂ ਪਹਿਲਾਂ 4 ਏਕੜ ਜ਼ਮੀਨ ਐਬਸਫੋਰਡ ਦੇ ਮੌਜੂਦਾ ਗੁਰਦੁਆਰਾ ਸਾਹਿਬ ਨੂੰ ਬਣਾਉਣ ਲਈ ਵਸੀਅਤ ਕਰਕੇ ਗਏ ਸਨ। 1 ਸਤੰਬਰ 1923 ਨੂੰ ਬਬੇਲੀ ਪਿੰਡ ਵਿਚ ਪੁਲਿਸ ਦਾ ਘੇਰਾ ਪੈਣ ਤੇ ਮੁਕਾਬਲਾ ਕਰਦਿਆਂ ਸ਼ਹੀਦ ਹੋ ਗਏ ਸਨ। ਉਹਨਾ ਦੇ ਤਿੰਨ ਹੋਰ ਸਾਥੀਆਂ ਨੇ ਵੀ ਸ਼ਹੀਦੀ ਜਾਮ ਪੀਤਾ। ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਪ੍ਰਬੰਧਕ ਕਮੇਟੀ ਤੇ ਸੰਗਤਾਂ ਉਹਨਾਂ ਦੇ ਵਿਚਾਰਾਂ ਤੋ ਬਹੁਤ ਪ੍ਰਭਾਵਿਤ ਹੋਈਆਂ। ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਡਾ ਬੁੱਟਰ ਨੂੰ ਸਨਮਾਨ ਚਿੰਨ ਦੇਕੇ ਨਿਵਾਜਿਆ ਗਿਆ। ਐਬਸਫੋਰਡ ਤੋਂ ਦਰਸ਼ਨ ਸਿੰਘ ਮਾਹਲ ਨੂੰ ਵੀ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਡਾ ਬੁਟਰ ਨੂੰ ਕਾਮਾਗਾਟਮਾਰੂ ਮਿਊਜਮ ਵੀ ਦਿਖਾਇਆ ਗਿਆ,  ਉਹਨਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਪ੍ਰਬੰਧਕਾਂ ਦੇ ਇਸ ਉਦਮ ਦੀ ਭਰਪੂਰ ਸ਼ਲਾਘਾ ਕੀਤੀ।