Headlines

ਅਸੀਂ ਯੁਨਾਈਟਡ ਇੰਡੀਆ ਦੇ ਸਮਰਥਕ ਪਰ ਹਰੇਕ ਨੂੰ ਆਪਣੀ ਗੱਲ ਸ਼ਾਂਤੀਪੂਰਵਕ ਕਹਿਣ ਦਾ ਵੀ ਹੱਕ-ਪੋਲੀਵਰ

ਬੀ ਸੀ ਪੰਜਾਬੀ ਪ੍ਰੈਸ ਕਲੱਬ  ਨਾਲ ਵਿਸ਼ੇਸ਼ ਮਿਲਣੀ-
ਸਰੀ ( ਦੇ ਪ੍ਰ ਬਿ )- ਬੀਤੇ ਦਿਨ ਬੀਸੀ ਪੰਜਾਬੀ ਪ੍ਰੈਸ ਕਲੱਬ ਵਲੋਂ ਕੈਨੇਡਾ ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵਰ ਨਾਲ ਇਕ ਵਿਸ਼ੇਸ਼ ਮਿਲਣੀ ਦੌਰਾਨ ਉਹਨਾਂ ਵਲੋਂ ਕੈਨੇਡਾ ਦੀ ਮੌਜੂਦਾ ਰਾਜਸੀ, ਆਰਥਿਕ ਅਤੇ ਸੰਕਟਮਈ  ਸਥਿਤੀ ਬਾਰੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਟਰੂਡੋ ਸਰਕਾਰ ਨੂੰ ਹਰ ਫਰੰਟ ਉਪਰ ਨਾਕਾਮ ਸਰਕਾਰ ਕਰਾਰ ਦਿੱਤਾ। ਉਹਨਾਂ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਮੁਲਕ ਸਾਹਮਣੇ ਦਰਪੇਸ਼ ਚੁਣੌਤੀਆਂ, ਲੋਕਾਂ ਨੂੰ ਪੈ ਰਹੀ ਮਹਿੰਗਾਈ ਦੀ ਮਾਰ, ਰਿਹਾਇਸ਼ੀ ਸੰਕਟ, ਬੈਂਕ ਵਿਆਜ਼ ਦਰਾਂ ਵਿਚ ਭਾਰੀ ਵਾਧਾ, ਮੌਰਟਗੇਜ਼ ਦਰਾਂ ਵਿਚ ਵਾਧਾ, ਕੌਮਾਂਤਰੀ ਵਪਾਰ ਵਿਚ ਮੰਦੀ, ਡਰੱਗ ਸਮੱਸਿਆ, ਹਿੰਸਾ, ਇਮੀਗ੍ਰੇਸ਼ਨ ਨੀਤੀ, ਕੌਮਾਂਤਰੀ ਵਿਦਿਆਰਥੀਆਂ  ਦੀ  ਆਮਦ, ਉਹਨਾਂ ਨਾਲ ਏਜੰਟਾਂ ਦੁਆਰਾ ਧੋਖਾਧੜੀ ਤੇ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਟਰੂਡੋ ਸਰਕਾਰ ਕੋਲ ਸਮਝ ਅਤੇ ਸਹੀ ਨੀਤੀਆਂ ਦੀ ਘਾਟ ਦੀ ਗੱਲ ਕਰਦਿਆਂ ਕੰਸਰਵੇਟਿਵ  ਵਲੋਂ ਕੈਨੇਡੀਅਨ ਲੋਕਾਂ ਨੂੰ ਸੰਕਟ ਚੋ ਕੱਢਣ ਲਈ ਆਪਣੀ ਯੋਜਨਾਬੰਦੀ ਦਾ ਖੁਲਾਸਾ ਕੀਤਾ। 
ਉਹਨਾਂ ਕਿਹਾ ਕਿ ਟਰੂਡੋ ਸਰਕਾਰ ਨੇ ਬਿਨਾਂ ਕਿਸੇ ਠੋਸ ਯੋਜਨਾਬੰਦੀ ਦੇ ਕਰੰਸੀ ਨੋਟ ਛਾਪਕੇ ਮੁਦਰਾ ਸਫੀਤੀ ਤੇ ਮਹਿੰਗਾਈ ਨੂੰ ਸੱਦਾ ਦਿੱਤਾ ਹੈ। ਬੈਂਕ ਵਿਆਜ਼ ਦਰਾਂ ਵਿਚ ਇਤਨਾ ਵਾਧਾ ਹੋ ਚੁੱਕਾ ਹੈ ਕਿ ਅੱਜ ਲੋਕਾਂ ਨੂੰ ਘਰਾਂ ਦੀ ਮੌਰਟਗੇਜ਼ ਅਦਾ ਕਰਨਾ ਮੁਸ਼ਕਲ ਹੋ ਗਿਆ ਹੈ। ਰਿਹਾਇਸ਼ੀ ਘਰਾਂ ਦੀ ਖਰੀਦ ਲੋਕਾਂ ਦੀ ਪੁਹੰਚ ਤੋ ਬਾਹਰ ਹੋ ਗਈ ਹੈ। ਘਰਾਂ ਦੀ ਕੀਮਤ ਇਤਨੀ ਵਧ ਗਈ ਹੈ ਕਿ ਟੋਰਾਂਟੋ ਦੇ ਕਿਚਨਰ ਏਰੀਏ ਵਿਚ ਦੋ ਬੈਡਰੂਮ ਦੇ ਇਕ ਸਧਾਰਣ ਘਰ ਦੀ ਕੀਮਤ ਦੇ ਬਰਾਬਰ ਯੂਰਪ ਦੇ ਸਵੀਡਨ ਵਰਗੇ ਮੁਲਕ ਵਿਚ ਵੱਡਾ ਮਹਿਲ ਨੁਮਾਂ ਘਰ ਖਰੀਦਿਆ ਜਾ ਸਕਦਾ ਹੈ। ਉਹਨਾਂ ਟਰੂਡੋ ਸਰਕਾਰ ਨੂੰ ਹਰ ਫਰੰਟ ਉਪਰ ਫੇਲ ਕਰਾਰ ਦਿੰਦਿਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੰਸਰਵੇਟਿਵ ਸਰਕਾਰ ਦੀ ਕਾਇਮੀ ਨੂੰ ਹੀ ਇਕੋ ਇਕ ਬਦਲ ਦੱਸਿਆ। ਉਹਨਾਂ ਇਮੀਗ੍ਰੇਸ਼ਨ ਨੀਤੀ ਨੂੰ ਦੋਸ਼ਪੂਰਣ ਕਰਾਰ ਦਿੰਦਿਆਂ ਕਿਹਾ ਕਿ ਅੱਜ ਲੱਖਾਂ ਦੀ ਗਿਣਤੀ ਵਿਚ ਪੁੱਜ ਰਹੇ ਕੌਮਾਂਤਰੀ ਵਿਦਿਆਰਥੀ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋ ਰਹੇ ਹਨ। ਇਥੇ ਕਾਲਜ, ਯੂਨੀਵਰਸਿਟੀਆਂ ਵਲੋਂ ਉਹਨਾਂ ਲਈ ਸਹੀ ਪ੍ਰਬੰਧ ਨਾ ਹੋਣ ਕਾਰਣ ਉਹਨਾਂ ਨੂੰ ਉਹਨਾਂ ਲਈ ਕਿਰਾਏ ਦੇ ਮਕਾਨ ਨਹੀ ਮਿਲ ਰਹੇ ਤੇ ਉਹ ਸੜਕਾਂ ਤੇ ਪੁਲਾਂ ਹੇਠ ਰਹਿਣ ਲਈ ਮਜ਼ਬੂਰ ਹਨ। ਉਹਨਾਂ ਪੰਜਾਬ ਤੋਂ ਪੁੱਜਣ ਵਾਲੇ ਵਿਦਿਆਰਥੀਆਂ ਦੇ ਪਿਛਲੇ ਸਮੇਂ ਵਿਚ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਣ ਦਾ ਵਿਸ਼ੇਸ਼ ਜ਼ਿਕਰ ਕੀਤਾ।
ਇਸ ਮੌਕੇ ਉਹਨਾਂ ਪੱਤਰਕਾਰਾਂ ਵਲੋਂ ਵੱਖ ਵੱਖ ਮੁਦਿਆਂ ਉਪਰ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ। ਇਹਨਾਂ ਜਵਾਬਾਂ ਤਹਿਤ ਹੀ ਉਹਨਾਂ ਕੈਨੇਡਾ ਵਿਚ ਖਾਲਿਸਤਾਨੀ ਮੁਹਿੰਮ, ਵਿਦੇਸ਼ੀ ਦਖਲਅਂਦਾਜ਼ੀ ਅਤੇ ਕਤਲ ਹਿੰਸਾ ਬਾਰੇ ਵੀ ਜਵਾਬ ਦਿਂਦਿਆਂ ਕਿਹਾ ਕਿ ਉਹ ਕੈਨੇਡਾ ਵਾਂਗ ਹੀ ਇਕ ਯੁਨਾਈਡਟ ਇੰਡੀਆਂ ਦਾ ਸਮਰਥਨ ਕਰਦੇ ਹਨ। ਜਿਥੋਂ ਤੱਕ ਖਾਲਿਸਤਾਨੀ ਮੁਹਿੰਮ ਦਾ ਸਵਾਲ ਹੈ, ਉਹ ਵਿਚਾਰਾਂ ਦੀ ਆਜ਼ਾਦੀ ਦੇ ਪ੍ਰਗਟਾਵੇ ਦਾ ਵੀ ਸਮਰਥਨ ਕਰਦੇ ਹਨ। ਸ਼ਾਂਤੀਪੂਰਨ ਢੰਗ ਨਾਲ ਕਿਸੇ ਨੂੰ ਵੀ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ। ਉਹਨਾਂ ਸਰੀ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਪ੍ਰਧਾਨ ਦੀ ਹੱਤਿਆ ਵਿਚ ਬਾਹਰੀ ਤਾਕਤਾਂ ਦੀ ਭੂਮਿਕਾ ਬਾਰੇ ਸਵਾਲ ਪੁੱਛੇ ਜਾਣ ਤੇ ਕਿਹਾ ਕਿ ਇਹ ਵੇਖਣਾ  ਸਰਕਾਰ ਦਾ ਕੰਮ ਹੈ। ਅਗਰ ਅਜਿਹੇ ਕੋਈ ਸਬੂਤ ਹਨ ਤਾਂ ਟਰੂਡੋ ਸਰਕਾਰ ਕਾਰਵਾਈ ਕਰੇ। ਉਹਨਾਂ ਸਿੱਖ ਨਸ਼ਲਕੁਸ਼ੀ ਬਾਰੇ ਕੰਸਰਵੇਟਿਵ ਦੀ ਪਹੁੰਚ ਬਾਰੇ ਪੁੱਛੇ ਜਾਣ ਤੇ ਕਿਹਾ ਕਿ ਉਹਨਾਂ ਦਾ ਸਰਕਾਰ ਬਣਨ ਤੇ ਇਸ ਸਬੰਧੀ ਕੋਈ ਵੀ ਮਤਾ ਲਿਆਉਣ ਦਾ ਕੋਈ ਵਿਚਾਰ ਨਹੀ ਪਰ ਉਹ ਵਿਸ਼ਵ ਭਰ ਵਿਚ ਮਾਨਵੀ ਹੱਕਾਂ ਦੀ ਉਲੰਘਣਾ ਦਾ ਹਰ ਸਮੇਂ ਵਿਰੋਧ ਕਰਦੇ ਹਨ। ਵਿਦੇਸ਼ੀ ਦਖਲ ਅੰਦਾਜੀ ਵਿਸ਼ੇਸ਼ ਕਰਕੇ ਭਾਰਤੀ ਦਖਲਅੰਦਾਜ਼ੀ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਉਹ ਕਿਸੇ ਇਕ ਵਿਸ਼ੇਸ਼ ਮੁਲਕ ਨਹੀ ਬਲਕਿ ਕਿਸੇ ਵੀ ਬਾਹਰੀ ਮੁਲਕ ਦੀ ਦਖਲਅੰਦਾਜ਼ੀ ਦਾ ਵਿਰੋਧ ਕਰਦੇ ਹਨ।
ਉਹਨਾਂ ਅੰਤਰਰਾਸ਼ਟਰੀ ਵਪਾਰ ਵਿਚ ਵੀ ਟਰੂਡੋ ਸਰਕਾਰ ਦੀ ਟੈਕਸ ਨੀਤੀ ਨੂੰ ਜ਼ਿੰਮੇਵਾਰ ਠਹਿਰਾਇਆ ਜੋ ਪਿਛਲੇ ਅੱਠ ਸਾਲ ਤੋਂ ਸੌਫਟ ਲੰਬਰ ਦੇ ਮਾਮਲੇ ਤੇ ਕੋਈ ਨਿਰਣਾ ਨਹੀ ਲੈ ਸਕੀ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਟਰੂਡੋ ਦੀ ਗੈਰਜਿੰਮੇਵਾਰਾਨਾ ਪਹੁੰਚ ਕਾਰਣ ਕੈਨੇਡਾ ਦੇ ਕੌਮਾਂਤਰੀ ਅਕਸ ਨੂੰ ਢਾਹ ਲੱਗੀ ਹੈ।
ਇਸ ਮੌਕੇ ਉਹਨਾਂ ਦੇ ਨਾਲ ਵਾਈਟ ਰੌਕ ਤੋਂ ਕੰਸਰਵੇਟਿਵ ਐਮ ਪੀ ਕੈਰੀ ਲਿਨ, ਮਿਸ਼ਨ ਤੋਂ ਐਮ ਪੀ ਬਰੈਡ ਵਿਸ ਤੇ ਕੈਪਲੂਪਸ ਤੋ  ਐਮ ਪੀ ਫਰੈਂਕ ਵੀ ਹਾਜ਼ਰ ਸਨ। ਪੰਜਾਬੀ ਪ੍ਰੈਸ ਕਲੱਬ ਵਲੋਂ ਕੰਸਰਵੇਟਿਵ ਲੀਡਰ ਪੋਲੀਵਰ ਤੇ ਐਮ ਪੀਜ਼ ਦਾ ਭਰਵਾਂ ਸਵਾਗਤ ਕੀਤਾ ਗਿਆ।
ਪੋਲੀਵਰ ਵਲੋਂ ਸਿੱਖ ਨਸਲਕੁਸ਼ੀ 1984 ਦੇ ਮੁੱਦੇ ਬਾਰੇ ਜਾਣਕਾਰੀ ਤੋਂ ਕੋਰਾ ਇਨਕਾਰ-
(ਡਾ. ਗੁਰਵਿੰਦਰ ਸਿੰਘ)-ਕੈਨੇਡਾ ਦੀ ਮੁੱਖ ਵਿਰੋਧੀ ਪਾਰਟੀ ਕੰਸਰਵੇਟਿਵ ਪਾਰਟੀ ਦੇ ਆਗੂ ਅਤੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਪੀਅਰ ਪੋਲੀਵਰ ਨੂੰ ਪੰਜਾਬੀ ਪ੍ਰੈੱਸ ਕਲੱਬ ਬੀਸੀ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਵਿੱਚ ਸਵਾਲ ਪੁੱਛਿਆ ਗਿਆ ਕਿ ਜਿਵੇਂ ਕੈਨੇਡਾ ਦੀ ਪਾਰਲੀਮੈਂਟ ਵਿੱਚ ਚੀਨ ਅੰਦਰ ਮੁਸਲਿਮ ਘੱਟ ਗਿਣਤੀ ਦੀ ਨਸਲਕੁਸ਼ੀ ਬਾਰੇ ਮਤਾ ਪਾਸ ਕੀਤਾ ਜਾ ਚੁੱਕਾ ਹੈ ਅਤੇ ਅਜਿਹੀਆਂ ਕਈ ਹੋਰ ਨਸਲਕੁਸ਼ੀਆਂ ਦੀ ਗੱਲ ਚੱਲੀ ਹੈ ਕੀ ਤੁਸੀਂ ਭਾਰਤ ਵਿੱਚ ਹੋਈ ਸਿੱਖਾਂ ਦੀ ਨਸਲਕੁਸ਼ੀ 1984 ਬਾਰੇ ਕਦੇ ਮਤਾ ਲਿਆਉਗੇ?” ਇਸ ਤੇ ਪੀਅਰ ਪੋਲੀਵਰ ਨੇ ਪੂਰੀ ਤਰ੍ਹਾਂ ਅਣਜਾਣਤਾ ਪ੍ਰਗਟਾਈ ਅਤੇ ਸਿੱਖ ਨਸਲਕੁਸ਼ੀ ਬਾਰੇ ਕੈਨੇਡਾ ਦੀ ਵਿਰੋਧੀ ਪਾਰਟੀ ਦੇ ਆਗੂ ਦੇ ਵਿਚਾਰ ਇਹ ਸਨ :’ਮੈਂ ਅਜਿਹਾ ਕੋਈ ਮਤਾ ਨਹੀਂ ਲਿਆਵਾਂਗਾ” ”ਮੈਨੂੰ ਪਤਾ ਨਹੀਂ ਇਸ ਬਾਰੇ, ਜਾਣਕਾਰੀ ਲਵਾਂਗੇ””ਅੱਜ ਤੱਕ ਕਿਸੇ ਪਾਰਟੀ ਵਲੋਂ ਅਜਿਹਾ ਪਾਰਲੀਮੈਂਟ ਵਿੱਚ ਪੇਸ਼ ਨਹੀਂ ਹੋਇਆ।
ਸਵਾਲੀ ਹੈ ਕਿ ”ਜੇ ਪਾਰਟੀ ਲੀਡਰ ਨੂੰ ਸੱਚਮੁੱਚ ਸਿੱਖ ਨਸਲਕੁਸ਼ੀ ਬਾਰੇ ਗਿਆਨ ਨਹੀਂ, ਤਾਂ ਇਹ ਬੌਧਿਕ ਦੀਵਾਲੀਏਪਨ ਦੀ ਤਸਵੀਰ ਹੈ। ਪਰ ਜੇਕਰ ਉਹ ਇਸ ਬਾਰੇ ਕੁਝ ਕਹਿਣਾ ਨਹੀਂ ਚਾਹੁੰਦੇ, ਤਾਂ ਇਹ ਬੌਧਿਕ ਬੇਈਮਾਨੀ ਦਾ ਪ੍ਰਤੀਕ ਹੈ।
         ਪਾਰਟੀ ਲੀਡਰ ਹੋਣ ਦੇ ਨਾਤੇ ਪੀਅਰ ਪੋਲੀਵਰ ਨੂੰ ਇਹ ਜਾਣਕਾਰੀ ਉਸਦੇ ਪਾਰਟੀ ਦੇ ਸਿੱਖ ਐਮ ਪੀਜ਼ ਵੱਲੋਂ ਦਿੱਤੀ ਜਾਣੀ ਚਾਹੀਦੀ ਸੀ ਕਿ ਅਜਿਹਾ ਸਿੱਖ ਨਸਲਕੁਸ਼ੀ ਦਾ ਮਤਾ ਪਾਰਲੀਮੈਂਟ ਵਿੱਚ ਲਿਆਂਦਾ ਜਾ ਚੁੱਕਾ ਹੈ, ਪਰ ਉਸ ਨੂੰ ਪ੍ਰਵਾਨ ਨਹੀਂ ਸੀ ਕੀਤਾ ਗਿਆ। ਇਹ ਕਹਿਣਾ ਗਲਤ ਹੈ ਕਿ ਅਜਿਹਾ ਪਾਰਲੀਮੈਂਟ ਕਦੇ ਨਹੀਂ ਆਇਆ। ਇਥੋਂ ਤੱਕ ਕਿ ਕੈਨੇਡਾ ਦੀ ਕੰਸਰਵੇਟਿਵ ਪਾਰਟੀ ਨਾਲ ਨੇੜਲੇ ਸਬੰਧ ਰੱਖਣ ਵਾਲੀ ਭਾਰਤ ਦੀ ਬੀਜੇਪੀ ਸਰਕਾਰ ਦੇ ਗ੍ਰਹਿ ਮੰਤਰੀ, ਰਾਜਨਾਥ ਸਿੰਘ ਵੀ ਇਹ ਮੰਨ ਚੁੱਕੇ ਹਨ ਕਿ 1984 ‘ਚ ਵਾਪਰਿਆ ਦੁੱਖਾਂਤ ਸਿੱਖ ਨਸਲਕੁਸ਼ੀ ਸੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਰਲੀਮੈਂਟ ਵਿੱਚ ਕਹਿ ਚੁੱਕੇ ਹਨ ਕਿ ਦਰਬਾਰ ਸਾਹਿਬ ਤੇ ਕੀਤਾ ਗਿਆ ਹਮਲਾ ਗਲਤ ਸੀ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਇਹ ਸਿੱਖ ਐਮ ਪੀਜ਼ ਆਪਣੇ ਲੀਡਰ ਨੂੰ ਲੈ ਕੇ ਟੋਰਾਂਟੋ ਦੇ ਇੱਕ ਅਜਿਹੇ ਸਮਾਗਮ ਵਿੱਚ ਤਾਂ ਜਾਂਦੇ ਹਨ, ਜਿੱਥੇ ਭਾਰਤ ਵਿੱਚ ਬੇਦੋਸ਼ਿਆਂ ਤੇ ਮੁਸਲਿਮ ਨਸਲਕੁਸ਼ੀ ਦੀਆਂ ਗੱਲਾਂ ਕਰਨ ਵਾਲੇ ਅਤੇ ਪੱਤਰਕਾਰਾ ਦੇ ਉੱਪਰ ਤਸ਼ੱਦਦ ਕਰਵਾਉਣ ਵਾਲੇ ਦੇਵਕੀਨੰਦਨ ਵਰਗੇ ਬਦਨਾਮ ਵਿਅਕਤੀ ਨੂੰ ਸਨਮਾਨ ਕੀਤਾ ਜਾਂਦਾ ਹੈ, ਪਰ ਇਹ ਨਹੀਂ ਦੱਸਦੇ ਕਿ ਸਿੱਖ ਨਸਲਕੁਸ਼ੀ ਵੀ ਕੋਈ ਹੈ। ਇਸ ਤੋਂ ਇਲਾਵਾ ਕੈਲਗਰੀ ਤੋਂ ਕੰਟਿਵ ਐਮਪੀ ਅਤੇ ਸਿੱਖ ਵਿਰੋਧੀ ਕੱਟੜਪੰਥੀ ਮਜੂਮਦਾਰ ਸਿੱਖਾਂ ਖ਼ਿਲਾਫ਼ ਜ਼ਹਿਰ ਉਗਲਦਾ ਹੈ, ਕੀ ਪਾਰਟੀ ਲੀਡਰ ਨੂੰ ਇਸ ਬਾਰੇ ਨਹੀਂ ਪਤਾ? ਇਹ ਰਾਜਨੀਤਕ ਮੌਕਾਪ੍ਰਸਤਾਂ ਦਾ ਕਿਰਦਾਰ ਹੈ ਕਿ ਉਹ ਗਿਰਗਟ ਵਾਂਗੂ ਰੰਗ ਬਦਲਦੇ ਹਨ। ਪਾਰਲੀਮੈਂਟ ਦੇ ਅੰਦਰ ਤਾਂ ਇਹ ਭਾਰਤੀ ਦਖਲ ਅੰਦਾਜ਼ੀ ਦੀ ਜਾਂਚ ਦੀ ਮੰਗ ਕਰਦੇ ਹਨ ਪਰ ਜਦੋਂ ਕੈਨੇਡਾ ਦਾ ਪ੍ਰਧਾਨ ਮੰਤਰੀ ਭਾਰਤ ਜਾ ਕੇ ਵਿਦੇਸ਼ੀ ਦਖਲ ਅੰਦਾਜ਼ੀ ਬਾਰੇ ਗੱਲ ਕਰਦਾ ਹੈ, ਤਾਂ ਉਸ ਦੀ ਤਿੱਖੀ ਨੁਕਤਾਚੀਨੀ ਕਰਦੇ ਹਨ। ਵੋਟਾਂ ਦੀ ਰਾਜਨੀਤੀ ਲਈ ਇਹ ”ਪੰਜਾਬੀ ਸੂਟ” ਵੀ ਪਾ ਲੈਂਦੇ ਹਨ, ਸਿਰਾਂ ‘ਤੇ ”ਪੱਗਾਂ” ਵੀ ਬੰਨ੍ਹ ਲੈਂਦੇ ਹਨ, ”ਫਤਿਹ” ਵੀ ਬੁਲਾ ਲੈਂਦੇ ਹਨ, ਪਰ ਜਦੋਂ ਗੱਲ ਮੁੱਦਿਆਂ ਦੀ ਆਉਂਦੀ ਹੈ, ਤਾਂ ਪੱਲਾ ਝਾੜ ਦਿੰਦੇ ਹਨ ਕਿ ਸਾਨੂੰ ਤਾਂ ਕੁਝ ਵੀ ਪਤਾ ਨਹੀਂ। ਇਹ ਮੌਕਾਪ੍ਰਸਤ ਰਾਜਨੀਤੀ ਹੈ।