Headlines

ਕੈਨੇਡਾ ਦਾ ਇੰਡੀਆ ਜਾਣ ਵਾਲਾ ਟਰੇਡ ਮਿਸ਼ਨ ਮੁਲਤਵੀ

ਓਟਵਾ-ਕੈਨੇਡਾ ਨੇ ਭਾਰਤ ਨੂੰ ਜਾਣ ਦੀ ਤਿਆਰੀ ਕਰੀ ਬੈਠੇ ਇਕ ਵਪਾਰਕ ਮਿਸ਼ਨ ਨੂੰ ਮੁਲਤਵੀ ਕਰਨਾ ਦਾ ਫੈਸਲਾ ਕੀਤਾ ਹੈ। ਉਹ ਵਪਾਰਕ ਮਿਸ਼ਨ ਜਿਸ ਲਈ ਕੈਨੇਡਾ ਦੀ ਕੌਮਾਂਤਰੀ ਵਪਾਰ ਮੰਤਰੀ ਮੈਰੀ  ਐਂਗ ਨੇ ਪਿਛਲੇ ਚਾਰ ਮਹੀਨੇ ਤੋਂ ਲਗਾਤਾਰ ਤਿਆਰੀ ਆਰੰਭ ਰੱਖੀ ਸੀ ਤੇ ਸਰਕਾਰ ਵਲੋਂ ਇਸਨੂੰ ਇੰਡੋ-ਪੈਸੀਫਿਕ ਰਣਨੀਤੀ ਦੀ ਕੁੰਜੀ ਵਜੋ ਪ੍ਰਚਾਰਿਆ ਜਾ ਰਿਹਾ ਸੀ।
ਵਪਾਰ ਮੰਤਰੀ ਦੇ ਇਕ ਬੁਲਾਰੇ ਨੇ ਜਾਰੀ ਇਕ ਬਿਆਨ ਵਿਚ  ਕਿਹਾ ਹੈ ਕਿ “ਇਸ ਸਮੇਂ, ਅਸੀਂ ਭਾਰਤ ਜਾਣ ਵਾਲੇ  ਵਪਾਰਕ ਮਿਸ਼ਨ ਨੂੰ ਮੁਲਤਵੀ ਕਰ ਰਹੇ ਹਾਂ।
ਵਪਾਰ ਮੰਤਰੀ ਟੀਮ ਕੈਨੇਡਾ ਨਾਲ  9 ਅਕਤੂਬਰ ਭਾਰਤ ਦੇ ਪੰਜ ਦਿਨਾਂ ਦੌਰੇ ਤੇ ਜਾ ਰਹੀ ਸੀ ਤੇ ਉਹਨਾਂ ਨੇ ਮੁੰਬਈ ਵਿਚ ਇਕ ਉਚ ਪੱਧਰੀ ਗੱਲਬਾਤ ਕਰਨੀ ਸੀ। ਵਪਾਰ ਮੰਤਰੀ ਦੇ ਦਫਤਰ ਨੇ ਮਿਸ਼ਨ ਦੇ ਮੁਲਤਵੀ ਕੀਤੇ ਜਾਣ ਦਾ ਕਾਰਣ ਨਹੀ ਦੱਸਿਆ ਪਰ ਜਾਣਕਾਰ ਸੂਤਰਾਂ ਮੁਤਾਬਿਕ ਇਸਦਾ ਮੁੱਖ ਕਾਰਣ ਦੋਵਾਂ ਮੁਲਕਾਂ ਦੇ ਸਬੰਧਾਂ ਵਿਚ ਆਏ ਤਣਾਅ ਕਾਰਣ ਹੈ।
ਬੀਤੇ ਦਿਨੀ ਜੀ-20 ਸਿਖਰ ਸੰਮੇਲਨ ਦੌਰਾਨ  ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਨਵੀਂ ਦਿੱਲੀ ਵਿੱਚ ਉਨ੍ਹਾਂ ਦੇ ਹਮਰੁਤਬਾ ਵਿਚਾਲੇ ਮੁਲਾਕਾਤ  ਹੋਈ ਸੀ ਜਿਸ ਵਿਚ ਭਾਰਤੀ ਪ੍ਰਧਾਨ ਮੰਤਰੀ ਨੇ ਕੈਨੇਡਾ ਵਿਚ ਖਾਲਿਸਤਾਨੀ ਤੱਤਾਂ ਨੂੰ ਸ਼ਹਿ ਦੇਣ ਅਤੇ ਭਾਰਤੀ ਡਿਪਲੋਮੈਂਟਾਂ ਦੀ ਸੁਰੱਖਿਆ ਨੂੰ ਲੈਕੇ ਚਿੰਤਾ ਜ਼ਾਹਰ ਕੀਤੀ ਸੀ।
ਇਸਤੋਂ ਪਹਿਲਾਂ ਟਰੂਡੋ ਨੇ ਭਾਰਤ ਪਹੁੰਚਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ ਸੀ  ਕਿ ਉਹ ਕੈਨੇਡਾ ਵਿੱਚ ਭਾਰਤ ਦੀ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਚਿੰਤਾ ਜ਼ਾਹਰ ਕਰਨਗੇ।
ਕੈਨੇਡਾ ਵਿੱਚ ਭਾਰਤ ਦੇ ਰਾਜਦੂਤ ਨੇ ਦੋ ਹਫ਼ਤੇ ਪਹਿਲਾਂ ਖੁਲਾਸਾ ਕੀਤਾ ਸੀ ਕਿ ਓਟਵਾ ਨੇ ਵਪਾਰਕ ਵਾਰਤਾ ਨੂੰ ਰੋਕ ਦਿੱਤਾ ਹੈ ਪਰ ਅੱਜ ਤੱਕ ਕਿਸੇ ਵੀ ਦੇਸ਼ ਨੇ ਵਿਸਤ੍ਰਿਤ ਸਪੱਸ਼ਟੀਕਰਨ ਨਹੀਂ ਦਿੱਤਾ ਹੈ।