Headlines

ਸੰਪਾਦਕੀ- ਨਸਲਵਾਦ ਤੇ ਸੰਵੇਦਨਹੀਣਤਾ ਦੇ ਦਰਮਿਆਨ

ਸਿਆਟਲ ਵਿਚ ਭਾਰਤੀ ਮੁਟਿਆਰ ਦੀ ਮੌਤ ਤੇ ਪੰਜਾਬੀ ਯੂਨੀਵਰਸਿਟੀ ਦੀ ਦੁਖਦਾਈ ਘਟਨਾ….

ਸੁਖਵਿੰਦਰ ਸਿੰਘ ਚੋਹਲਾ—————

ਵਿਦੇਸ਼ਾਂ ਅਤੇ ਖਾਸ ਕਰਕੇ ਪੱਛਮੀ ਤੇ ਅਮੀਰ ਮੁਲਕਾਂ ਵਿਚ ਨਸਲਵਾਦ ਦੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਨਸਲਵਾਦ ਦੇ ਖਿਲਾਫ ਇਹਨਾਂ ਮੁਲਕਾਂ ਦੀਆਂ ਸਰਕਾਰਾਂ ਵਲੋਂ ਭਾਵੇਂਕਿ ਸਖਤ ਕਨੂੰਨ ਵੀ ਬਣਾਏ ਗਏ ਹਨ ਪਰ ਇਸਦੇ ਬਾਵਜੂਦ ਨਸਲਵਾਦੀ ਲੋਕ ਆਪਣੀਆਂ ਹਰਕਤਾਂ ਤੋਂ ਬਾਜ ਨਹੀ ਆਉਂਦੇ। ਉਸ ਮੌਕੇ ਸਥਿਤੀ ਹੋਰ ਵੀ ਨਾਜੁਕ ਬਣ ਜਾਂਦੀ ਹੈ ਜਦੋਂ ਨਸਲਵਾਦ ਖਿਲਾਫ ਕਾਰਵਾਈ ਕਰਨ ਵਾਲੇ ਅਧਿਕਾਰੀ ਜਾਂ ਮੁਨਸਫ ਹੀ ਮਾਨਵਤਾ ਖਿਲਾਫ ਇਸ ਅਪਰਾਧ ਵਿਚ ਸ਼ਾਮਿਲ ਪਾਏ ਜਾਂਦੇ ਹਨ। ਅਮਰੀਕਾ ਦੇ ਸ਼ਹਿਰ ਸਿਆਟਲ ਦੀ ਪੁਲੀਸ ਨੇ ਆਪਣੇ ਇਕ ਅਧਿਕਾਰੀ ਡੈਨੀਅਲ ਆਡੇਰਰ ਖ਼ਿਲਾਫ਼ ਨਸਲਵਾਦੀ ਘਟਨਾ ਵਿਚ ਸ਼ਾਮਿਲ ਪਾਏ ਜਾਣ ਦੀ ਜਾਂਚ ਆਰੰਭ ਕੀਤੀ ਹੈ। ਇਸ ਅਧਿਕਾਰੀ ਨੇ ਜਨਵਰੀ 2023 ਵਿਚ ਕਾਰ ਹਾਦਸੇ ਵਿਚ ਮਾਰੀ ਗਈ ਇਕ ਭਾਰਤੀ ਵਿਦਿਆਰਥਣ ਜਾਹਨਵੀ ਕੁੰਡਲਾ ਦੀ ਮੌਤ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ ਅਤੇ ਉਸਦੀ ਮੌਤ ਦਾ ਮਖੌਲ ਉਡਾਇਆ। ਜਾਹਨਵੀ ਦੀ ਮੌਤ ਪੁਲੀਸ ਅਧਿਕਾਰੀ ਕੈਵਿਨ ਡੇਵ ਦੀ ਕਾਰ ਨਾਲ ਟਕਰਾਉਣ ਕਰਕੇ ਹੋਈ ਸੀ ਜੋ ਤੇਜ਼ ਗਤੀ ਨਾਲ ਕਾਰ ਚਲਾ ਰਿਹਾ ਸੀ। ਉਸ ਸਮੇਂ ਡੈਨੀਅਲ ਆਡੇਰਰ, ਜੋ ਸਿਆਟਲ ਪੁਲੀਸ ਆਫੀਸਰਜ਼ ਗਿਲਡ ਦਾ ਉਪ-ਪ੍ਰਧਾਨ ਵੀ ਹੈ, ਨੇ ਜਥੇਬੰਦੀ ਦੇ ਪ੍ਰਧਾਨ ਨਾਲ ਗੱਲਬਾਤ ਦੌਰਾਨ ਕਿਹਾ ਕਿ ਡੇਵ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਅਤੇ ਸਰਕਾਰ ਨੂੰ 11000 ਡਾਲਰ ਦਾ ਚੈਕ ਤਿਆਰ ਰੱਖਣਾ ਚਾਹੀਦਾ ਹੈ।  ਉਹਨੇ ਕਿਹਾ ਕਿ ਮ੍ਰਿਤਕਾ ਦੀ ਜ਼ਿੰਦਗੀ ਦੀ ਕੀਮਤ ਜਿਆਦਾ ਨਹੀਂ । ਇਸ ਗੱਲਬਾਤ ਦੌਰਾਨ ਉਸ ਨੂੰ 23 ਸਾਲਾਂ ਦੀ ਨੌਜਵਾਨ ਕੁੜੀ ਦੀ ਮੌਤ ਬਾਰੇ ਨਾ ਤਾਂ ਕੋਈ ਮਲਾਲ ਸੀ ਅਤੇ ਨਾ ਹੀ ਕੋਈ ਦੁੱਖ ਤੇ ਉਹ ਵਾਰ -ਵਾਰ ਹੱਸ ਰਿਹਾ ਸੀ। ਜਦ ਡੈਨੀਅਲ ਆਡੇਰਰ ਨੇ ਉਪਰੋਕਤ ਗੱਲਬਾਤ ਕੀਤੀ ਤਾਂ ਉਸ ਨੇ ਆਪਣੀ ਵਰਦੀ ਨਾਲ ਲੱਗੇ ਕੈਮਰੇ ਨੂੰ ਬੰਦ ਨਹੀਂ ਸੀ ਕੀਤਾ ਅਤੇ ਇਹ ਗੱਲਬਾਤ ਰਿਕਾਰਡ ਹੋ ਗਈ। ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਨਾਲ ਸਬੰਧ ਰੱਖਣ ਵਾਲੀ ਜਾਹਨਵੀ ਨਾਰਥ ਈਸਟਰਨ ਯੂਨੀਵਰਸਿਟੀ ਵਿਚ ਪੜ੍ਹ ਰਹੀ ਸੀ ਅਤੇ ਇਸ ਦਸੰਬਰ ਉਸ ਨੇ ਇੰਜੀਨੀਅਰ ਬਣ ਜਾਣਾ ਸੀ। ਉਹ ਆਪਣੀ ਮਾਂ ਦੀ ਇਕੱਲੀ ਧੀ ਸੀ। ਇਸ ਦੁਖਾਂਤ ਵਿਚ ਆਪਣੇ ਸਾਥੀ ਦੀ ਲਾਪਰਵਾਹੀ ’ਤੇ ਗੁੱਸੇ ਹੋਣ ਅਤੇ ਪੀੜਤ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੋਣ ਦੀ ਥਾਂ ’ਤੇ ਆਡੇਰਰ ਨੇ ਮ੍ਰਿਤਕਾ ਬਾਰੇ ਮਖੌਲਨੁਮਾ ਟਿੱਪਣੀਆਂ ਕਰ ਕੇ ਨਸਲਵਾਦੀ ਜਹਿਨੀਅਤ ਦਾ ਪ੍ਰਗਟਾਵਾ ਕੀਤਾ। ਸਿਆਟਲ ਪੁਲੀਸ ਨੂੰ ਕੁਝ ਦਿਨ ਪਹਿਲਾਂ ਆਡੇਰਰ ਦੇ ਇਸ ਰਵੱਈਏ ਬਾਰੇ ਜਾਣਕਾਰੀ ਮਿਲੀ। ਹੁਣ ਸਿਆਟਲ ਦਾ ‘ਪੁਲੀਸ ਜਵਾਬਦੇਹੀ ਵਿਭਾਗ ਇਸ ਘਟਨਾ ਦੀ ਤਫ਼ਤੀਸ਼ ਕਰ ਰਿਹਾ ਹੈ। ਅਮਰੀਕਾ ਵਿਚ ਭਾਰਤੀ ਸਫ਼ਾਰਤਖਾਨੇ ਨੇ ਮਾਮਲੇ ਵਿਚ ਦਖ਼ਲ ਦਿੰਦਿਆਂ ਇਸ ਨੂੰ ‘ਬੇਹੱਦ ਪਰੇਸ਼ਾਨੀ’ ਵਾਲੀ ਘਟਨਾ ਦੱਸਿਆ ਹੈ।

ਨਸਲਵਾਦ ਦੀ ਜ਼ਹਿਰੀਲੀ ਵਿਚਾਰਧਾਰਾ ਅਮਰੀਕਾ ਤੇ ਯੂਰੋਪ ਵਿਚ ਸਦੀਆਂ ਤੋਂ ਮੌਜੂਦ ਰਹੀ ਹੈ। ਇਹ ਸਿਰਫ਼ ਗ਼ੈਰ-ਗੋਰੇ ਲੋਕਾਂ ਵਿਰੁੱਧ ਘਿਰਣਾ ਅਤੇ ਨਫਰਤ ਹੀ ਨਹੀਂ ਪੈਦਾ ਕਰਦੀ ਸਗੋਂ ਗ਼ੈਰ-ਗੋਰੇ ਲੋਕਾਂ ’ਤੇ ਵੱਡੇ ਜਬਰਾਂ ਦਾ ਕਾਰਨ ਵੀ ਬਣੀ ਹੈ। ਇਹ ਵਿਚਾਰ ਸਦੀਆਂ ਤੋਂ ਪਨਪਦਾ ਰਿਹਾ ਹੈ ਕਿ ਗੋਰੀ ਚਮੜੀ ਵਾਲੇ ਲੋਕ ਹੋਰ ਰੰਗਾਂ ਵਾਲੇ ਲੋਕਾਂ ਤੋਂ ਜ਼ਿਆਦਾ ਬੁੱਧੀਮਾਨ ਤੇ ਸੂਝ-ਬੂਝ ਵਾਲੇ ਹਨ। ਇਸ ਤੋਂ ਇਹ ਵਿਚਾਰਧਾਰਾ ਪਨਪੀ ਕਿ ਗੋਰੀ ਨਸਲ ਸ੍ਰੇਸ਼ਟ ਨਸਲ ਹੈ ਅਤੇ ਦੂਸਰੀਆਂ ਨਸਲਾਂ ਉਸ ਦੇ ਮੁਕਾਬਲੇ ਘਟੀਆ ਹਨ। ਇਹੀ ਵਿਚਾਰਧਾਰਾ ਯੂਰੋਪ ਤੇ ਅਮਰੀਕਾ ਵਿਚ ਵੱਡੀ ਪੱਧਰ ’ਤੇ ਅਫਰੀਕੀ ਮੂਲ ਦੇ ਲੋਕਾਂ ਨੂੰ ਗ਼ੁਲਾਮ ਬਣਾਉਣ ਤੇ ਉਨ੍ਹਾਂ ’ਤੇ ਅਕਹਿ ਜ਼ੁਲਮ ਕਰਨ ਦਾ ਆਧਾਰ ਬਣੀ। ਇਕ ਹੋਰ ਦ੍ਰਿਸ਼ਟੀਕੋਣ ਤੋਂ ਦੇਖਿਆਂ ਭਾਰਤ ਦੇ ਵੱਖ- ਵੱਖ ਸਮਾਜਾਂ ਵਿਚ ਮੌਜੂਦ ਜਾਤੀਵਾਦ ਵੀ ਇਕ ਤਰ੍ਹਾਂ ਦਾ ਨਸਲਵਾਦ ਹੈ। ਜਾਤੀਵਾਦੀ ਵਿਚਾਰਧਾਰਾ ਤਹਿਤ ਤਥਾਕਥਿਤ ਉੱਚੀਆਂ ਜਾਤਾਂ ਦੇ ਲੋਕ ਆਪਣੇ ਆਪ ਨੂੰ ਬੁੱਧੀਮਾਨ ਅਤੇ ਉੱਚੇ ਸਮਾਜਿਕ ਦਰਜੇ ਦੇ ਸਮਝਦੇ ਹਨ ਜਦੋਂਕਿ ਤਥਾਕਥਿਤ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਤੁੱਛ ਅਤੇ ਘੱਟ ਸਮਾਜਿਕ ਦਰਜੇ ਵਾਲੇ ਸਮਝਿਆ ਜਾਂਦਾ ਹੈ। ਨਸਲਵਾਦ, ਜਾਤੀਵਾਦ ਤੇ ਇਸ ਤਰ੍ਹਾਂ ਦੀਆਂ ਹੋਰ ਵੰਡੀਆਂ ਮਨੁੱਖਤਾ ਦੇ ਨਾਂ ’ਤੇ ਕਲੰਕ ਹਨ। ਅਜਿਹੇ ਰੁਝਾਨਾਂ ਦਾ ਸਾਹਮਣਾ ਕਰਨ ਲਈ ਜਿੱਥੇ ਲਗਾਤਾਰ ਵਿਚਾਰਧਾਰਕ ਲੜਾਈ ਦੀ ਲੋੜ ਹੈ, ਉੱਥੇ ਜ਼ੁਲਮ-ਜਬਰ ਦੀ ਹਰ ਵਾਰਦਾਤ ਵਿਚ ਵੀ ਅਜਿਹੀਆਂ ਵਿਚਾਰਧਾਰਾਵਾਂ ਨੂੰ ਬੇਨਕਾਬ ਕਰਨਾ ਜ਼ਰੂਰੀ ਹੈ। ਸਿਆਟਲ ਦੀ ਘਟਨਾ ਨਸਲਵਾਦ ਦੀ ਕੋਝੀ ਉਦਾਹਰਨ ਹੈ ਜਿਸਦੀ ਹਰ ਪੱਧਰ ਦੀ ਨਿੰਦਾ ਕਰਨ ਦੇ ਨਾਲ ਦੋਸ਼ੀ ਪੁਲਿਸ ਅਫਸਰ ਖਿਲਾਫ ਕਾਰਵਾਈ ਤੇ ਪੀੜਤ ਪਰਿਵਾਰ ਨੂੰ ਨਿਆਂ ਦਿਵਾਉਣ ਦੀ ਲੋੜ ਹੈ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਘਟਨਾ-

ਪਿਛਲੇ ਚਾਰ-ਪੰਜ ਦਿਨਾਂ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਕ ਪ੍ਰੋਫੈਸਰ ਵਲੋਂ ਆਪਣੀ ਇਕ ਵਿਦਿਆਰਥਣ ਨਾਲ ਕਥਿਤ ਅਪਮਾਨਜਨਕ ਵਿਹਾਰ ਪਿਛੋਂ ਵਿਦਿਆਰਥਣ ਦੀ ਮੌਤ ਹੋ ਜਾਣ ਦੀ ਘਟਨਾ ਨੂੰ ਲੈਕੇ ਯੂਨੀਵਰਸਿਟੀ ਦੇ ਅੰਦਰ ਅਤੇ ਬਾਹਰ ਕਾਫੀ ਹੋ -ਹੱਲਾ ਮੱਚਿਆ ਹੋਇਆ ਹੈ। ਜਾਣਕਾਰੀ ਮੁਤਾਬਿਕ ਵਿਦਿਆਰਥਣ ਜਸ਼ਨਦੀਪ ਕੌਰ ਪਿਛਲੇ ਕੁਝ ਸਮੇਂ ਤੋ ਬੀਮਾਰ ਸੀ। ਉਹ ਕਲਾਸ ਵਿਚ ਆਈ ਤਾਂ ਅਧਿਆਪਕ ਕੋਲੋਂ ਛੁੱਟੀ ਦੀ ਮੰਗ ਕੀਤੀ। ਅਧਿਆਪਕ ਨੇ ਛੁੱਟੀ ਤਾਂ ਦਿੱਤੀ ਪਰ ਨਾਲ ਹੀ ਇਹ ਕਹਿ ਦਿੱਤਾ ਕਿ ਜੇ ਛੁੱਟੀ ਹੀ ਲੈਣੀ ਸੀ ਤਾਂ ਕਲਾਸ ਵਿਚ ਕਿਊਂ ਆਏ। ਇਹ ਟਿਪਣੀ ਇਤਨੀ ਅਪਮਾਨਜਨਕ ਤਾਂ ਨਹੀ ਪਰ ਇਕ ਅਧਿਆਪਕ ਲਈ ਅਮਾਨਵੀ ਵਿਹਾਰ ਜਰੂਰ ਹੈ ਜੋ ਆਪਣੇ ਵਿਦਿਆਰਥੀ ਨੂੰ ਬੀਮਾਰੀ ਦੀ ਹਾਲਤ ਵਿਚ ਆਰਾਮ ਕਰਨ ਜਾਂ ਡਾਕਟਰ ਕੋਲ ਜਾਣ ਦੀ ਸਲਾਹ ਦੇਣ ਦੀ ਥਾਂ ਉਸਨੂੰ ਕਲਾਸ ਦਾ ਅਨੁਸ਼ਾਸ਼ਨ ਸਿਖਾਉਣ ਦੀ ਸਖਤੀ ਕਰ ਰਿਹਾ ਸੀ। ਵਿਦਿਆਰਥਣ ਬਾਦ ਵਿਚ ਯੂਨੀਵਰਸਿਟੀ ਦੀ ਡਿਸਪੈਂਸਰੀ ਵਿਚ ਗਈ।ਦਵਾਈ ਲਈ ਤੇ ਫਿਰ ਮਾਪਿਆਂ ਦੇ ਆਉਣ ਉਪਰੰਤ ਪਿੰਡ ਚਲੀ ਗਈ। ਪਿੰਡ ਵਿਚ ਉਸਦੇ ਆਪਣੇ ਘਰ ਵਿਚ ਹੀ ਉਸਦੀ ਮੌਤ ਦੀ ਦੁਖਦਾਈ ਖਬਰ ਸਾਹਮਣੇ ਆਈ। ਇਹ ਖਬਰ ਯੂਨਵਰਸਿਟੀ ਵਿਚ ਪੁੱਜਦਿਆਂ ਵੱਡਾ ਹੰਗਾਮਾ ਹੋ ਗਿਆ ਤੇ ਸਾਰਾ ਦੋਸ਼ ਅਧਿਆਪਕ ਉਪਰ ਮੜਦਿਆਂ ਭੜਕੇ ਵਿਦਿਆਰਥੀਆਂ ਨੇ ਅਧਿਆਪਕ ਦੀ ਕੁੱਟਮਾਰ ਕਰਨ ਦਾ ਵੱਡਾ ਕਾਂਡ ਕਰ ਦਿੱਤਾ। ਜਿਵੇਂ ਕਿਵੇ ਯੂਨਵਰਸਿਟੀ ਸੁਰੱਖਿਆ ਕਰਮੀਆਂ ਨੇ ਅਧਿਆਪਕ ਨੂੰ ਭੀੜ ਤੋ ਬਚਾਇਆ ਤੇ ਹਸਪਤਾਲ ਪਹੁੰਚਾਇਆ। ਯੂਨਵਰਸਿਟੀ ਵਿਚ ਵਿਦਿਆਰਥੀਆਂ ਦੀ ਭੀੜ ਦਾ ਇਹ ਗੁੱਸਾ ਅਧਿਆਪਕ ਉਪਰ ਕਿਉਂ ਫੁੱਟਿਆ। ਵਿਦਿਆਰਥਣ ਦੀ ਮੌਤ ਯੂਨੀਵਰਸਿਟੀ ਹੋਟਲ ਵਿਚ ਕਿਸੇ ਸ਼ੱਕੀ ਹਾਲਤ ਹੋਈ ਹੁੰਦੀ ਤਾਂ ਅਜਿਹਾ ਰੋਹ ਫਟਣਾ ਸੁਭਾਵਿਕ ਹੋ ਸਕਦਾ ਸੀ ਪਰ ਇਤਨੀ ਜਲਦੀ ਇਹ ਹਾਲਤ  ਵਿਸਫੋਟਕ ਹੋਣ ਲਈ ਸਬੰਧਿਤ ਅਧਿਆਪਕ ਦਾ ਬੀਤੇ ਵਿਚ ਹੋਰ ਵਿਦਿਆਰਥੀਆਂ ਜਾਂ ਕਿਸੇ ਗਰੁੱਪ ਨਾਲ ਸਖਤ ਵਿਹਾਰ ਜ਼ਰੂਰ ਜਿੰਮੇਵਾਰ ਰਿਹਾ ਹੋਵੇਗਾ। ਯੂਨੀਵਰਸਿਟੀ ਦੇ ਵੀਸੀ ਵਲੋਂ ਇਸ ਸਾਰੇ ਮਾਮਲੇ ਦੀ ਇਕ ਸਿਟਿੰਗ ਜੱਜ ਨੂੰ ਜਾਂਚ ਸੌਂਪੀ ਗਈ ਹੈ ਪਰ ਮਰਹੂਮ ਵਿਦਿਆਰਥਣ ਦੇ ਮਾਪਿਆਂ ਨਾਲ ਖੜੇ ਕੁਝ ਜਥੇਬੰਦੀਆਂ ਦੇ ਆਗੂ ਅਧਿਆਪਕ ਖਿਲਾਫ ਕੇਸ ਦਰਜ ਕਰਨ ਅਤੇ ਉਸਦੀ ਗ੍ਰਿਫਤਾਰੀ ਦੇ ਨਾਲ ਪਰਿਵਾਰ ਲਈ ਮੁਆਵਜੇ ਦੇ ਰੂਪ ਵਿਚ ਪਰਿਵਾਰ ਦੇ ਇਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਮੰਗ ਰਹੇ ਹਨ। ਇਹ ਮੰਗਾਂ ਕਿਥੋ ਤੱਕ ਜਾਇਜ ਹਨ, ਇਸਦੇ ਵਿਸਥਾਰ ਵਿਚ ਜਾਣ ਦੀ ਬਿਜਾਏ ਅਧਿਆਪਕ ਖਿਲਾਫ ਬਾਹਾਂ ਟੁੰਗਕੇ ਖੜੇ ਉਹਨਾਂ ਲੋਕਾਂ ਬਾਰੇ ਕੀ ਕਿਹਾ ਜਾਵੇ ਜੋ ਅਧਿਆਪਕ ਨੂੰ ਇਸ ਕਰਕੇ ਟੰਗਿਆ ਵੇਖਣਾ ਚਾਹੁੰਦੇ ਹਨ ਕਿ ਉਹ ਮਾਰਕਸੀ ਵਿਚਾਰਧਾਰਾ ਵਾਲਾ ਵਿਦਵਾਨ ਹੈ। ਸੋਸ਼ਲ ਮੀਡੀਆ ਉਪਰ ਉਸਨੂੰ ਕਾਮਰੇਡ ਕਹਿਕੇ ਯੂਨਵਰਸਿਟੀਆਂ ਵਿਚ ਬੈਠੇ ਹੋਰ ਮਾਰਕਸੀ ਵਿਚਾਰਧਾਰਾ ਵਾਲੇ ਅਧਿਆਪਕਾਂ ਨੂੰ ਨਿਸ਼ਾਨਾ ਬਣਾਉਣ ਅਤੇ ਮਰਹੂਮ ਵਿਦਵਾਨ ਲੇਖਕ ਪ੍ਰੋਫੈਸਰਾਂ ਦੀਆਂ ਕਬਰਾਂ ਖੋਦਣ ਵਾਲੇ ਆਪਣੀ ਸੌੜੀ ਸੋਚ ਵਾਲੀ ਵਿਚਾਰਧਾਰਾ ਨੂੰ ਕਿਸ ਖਾਨੇ ਵਿਚ ਰੱਖਕੇ ਪੋਸਟਾਂ ਪਾ ਰਹੇ ਹਨ, ਸਮਝੋ ਬਾਹਰਾ ਹੈ। ਤਰਸਯੋਗ ਹੈ ਕਿ ਕਿਸੇ ਮਾਸੂਮ ਦੀ ਮੌਤ ਉਪਰ ਵੀ ਰਾਜਨੀਤੀ ਕੀਤੀ ਜਾ ਸਕਦੀ ਹੈ ਤੇ ਨਿੱਜੀ ਕਿੜਾਂ ਕੱਢਣ ਦਾ ਜਹਿਰ  ਘੋਲਿਆ ਜਾ ਸਕਦੈ। ਪ੍ਰੋਫੈਸਰਾਂ ਦੀਆਂ ਭਾਰੀ ਭਰਕਮ ਤਨਖਾਹਾਂ, ਉਹਨਾਂ ਦੀ ਜੀਵਨ ਸ਼ੈਲੀ, ਉਹਨਾਂ ਦੀ ਵਿਦਵਤਾ ਨੂੰ ਹੰਕਾਰ ਨਾਲ ਜੋੜਕੇ ਕੀਤੇ ਜਾ ਰਹੇ ਭੰਡੀ ਪ੍ਰਚਾਰ ਕਰਨ ਵਾਲੇ ਲੋਕ ਖੁਦ ਕੀ ਹਨ। ਸਾਡੇ ਸਮਾਜ ਦਾ ਉਹ ਹਿੱਸਾ ਜੋ ਰੌਲੇ ਰੱਪੇ ਦੀ ਅਗਵਾਈ ਕਰਦਿਆਂ ਖੁਦ ਉਹ ਥਾਵਾਂ ਮੱਲਣ ਵਿਚ ਦੇਰ ਨਹੀ ਲਗਾਉਂਦੇ ਜਿਸਦੀ ਉਹ ਕੁਝ ਸਮਾਂ ਪਹਿਲਾਂ ਹੀ ਆਲੋਚਨਾ ਕਰ ਰਹੇ ਹੁੰਦੇ ਹਨ। ਚਲੋ ਇਸ ਘੜੀ ਉਸ ਮਾਸੂਮ ਬੱਚੀ ਦੀ ਮੌਤ ਉਪਰ ਮਾਤਮ ਕਰੀਏ, ਪਰਿਵਾਰ ਨੂੰ ਹੌਸਲਾ ਦਈਏ ਤੇ ਸੰਵੇਦਨਹੀਣ ਲੋਕਾਂ ਨੂੰ  ਸੁਮੱਤ ਦੀ ਕਾਮਨਾ ਕਰੀਏ….