Headlines

ਐਡਮਿੰਟਨ ਸ਼ੇਰਵੁੱਡ ਪਾਰਕ ਵਿਚ ਵਰਲਡ ਫਾਈਨੈਂਸ਼ੀਅਲ ਗਰੁੱਪ ਦੇ ਵੱਡੇ ਤੇ ਸ਼ਾਨਦਾਰ ਦਫਤਰ ਦਾ ਉਦਘਾਟਨ

ਐਗਜੈਕਟਿਵ ਚੇਅਰਮੈਨ ਰਾਜਾ ਧਾਲੀਵਾਲ ਨੇ ਕੀਤਾ ਉਦਘਾਟਨ-

ਗੁਰਭਲਿੰਦਰ ਸਿੰਘ ਸੰਧੂ ਤੇ ਜਸਵਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਟੀਮ ਲਈ ਖੋਹਲਿਆਂ ਨਵਾਂ ਦਫਤਰ-

-ਮੇਅਰ ਅਮਰਜੀਤ ਸੋਹੀ, ਮੇਅਰ ਰੌਡ ਫਰੈਂਕ, ਐਮ ਪੀ ਟਿਮ ਉਪਲ, ਜਸਵੀਰ ਦਿਓਲ, ਨਰੇਸ਼ ਭਾਰਦਵਾਜ, ਜੋਅ ਸੂਨਰ, ਡਾ ਪ੍ਰੇਮ ਸਿੰਘਮਾਰ ਤੇ ਕਈ ਹੋਰ ਸ਼ਖਸੀਅਤਾਂ ਪੁੱਜੀਆਂ-

ਐਡਮਿੰਟਨ ( ਦੇ ਪ੍ਰ ਬਿ)-ਬੀਤੇ ਦਿਨ 14 ਸੀਓਕਸ ਰੋਡ ਸ਼ੇਰਵੁੱਡ ਪਾਰਕ ਐਡਮਿੰਟਨ ਵਿਖੇ ਵਰਲਡ ਫਾਈਨੈਂਸ਼ੀਅਲ ਗਰੁੱਪ  ਦੇ ਨਵੇਂ ਦਫਤਰ ਦੀ ਗਰੈਂਡ ਓਪਨਿੰਗ ਧੂਮ ਧੜੱਕੇ ਨਾਲ ਕੀਤੀ ਗਈ। ਕੰਪਨੀ ਦੇ ਐਗਜੈਕਟਿਵ ਵਾਈਸ ਚੇਅਰਮੈਨ ਗੁਰਭਲਿੰਦਰ ਸਿੰਘ ਸੰਧੂ, ਐਗਜੈਕਟਿਵ ਵਾਈਸ ਚੇਅਰਮੈਨ ਜਸਵਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਕੰਮ ਕਰਨ ਵਾਲੀ ਟੀਮ ਲਈ  ਲਗਪਗ 10 ਹਜ਼ਾਰ ਵਰਗ ਫੁੱਟ ਵਿਚ ਨਵੀਂ ਤਕਨੀਕ ਨਾਲ ਬਣੇ ਇਸ ਦਫਤਰ ਦਾ ਉਦਘਾਟਨ ਡਬਲਿਊ ਐਫ ਜੀ ਦੇ ਐਗਜੈਕਟਿਵ ਚੇਅਰਮੈਨ ਰਾਜਾ ਧਾਲੀਵਾਲ ਵਲੋਂ ਕੀਤਾ ਗਿਆ। ਇਸ ਮੌਕੇ ਉਹਨਾਂ ਦਾ ਸਾਥ  ਐਡਮਿੰਟਨ ਦੇ ਮੇਅਰ ਸ੍ਰੀ ਅਮਰਜੀਤ ਸੋਹੀ, ਸਟਰੈਥਕੋਨਾ ਕਾਊਂਟੀ ਦੇ ਮੇਅਰ ਰੌਡ ਫਰੈਂਕ , ਐਮ ਪੀ ਟਿਮ ਉਪਲ, ਐਮ ਐਲ ਏ ਜਸਵੀਰ ਦਿਓਲ, ਸਾਬਕਾ ਐਮ ਐਲ ਏ ਨਰੇਸ਼ ਭਾਰਦਵਾਜ, ਉਘੇ ਬਿਜਨਸਮੈਨ ਜੋਅ ਸੂਨਰ, ਡਾ ਪ੍ਰੇਮ ਸਿੰਘਮਾਰ, ਸ ਗੁਰਦੀਪ ਸਿੰਘ ਧਾਲੀਵਾਲ ਤੇ ਹੋਰ ਕਈ ਧਾਰਮਿਕ, ਰਾਜਸੀ ਤੇ ਸਮਾਜਿਕ ਸ਼ਖਸੀਅਤਾਂ ਹਾਜ਼ਰ ਸਨ।

ਇਸ ਮੌਕੇ ਈ ਵੀ ਸੀ ਗੁਰਭਲਿੰਦਰ ਸਿੰਘ ਸੰਧੂ ਨੇ ਮੁੱਖ ਮਹਿਮਾਨ ਡਬਲਿਊ ਐਫ ਜੀ ਦੇ ਐਗਜੈਕਟਿਵ ਚੇਅਰਮੈਨ ਰਾਜਾ ਧਾਲੀਵਾਲ ਤੇ ਹੋਰ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ। ਉਹਨਾਂ ਡਬਲਿਊ ਐਫ ਜੀ ਵਲੋਂ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੀ ਜ਼ਿੰਦਗੀ ਨੂੰ ਬੇਹਤਰ ਬਣਾਉਣ ਲਈ ਯੋਗ ਵਿੱਤੀ ਸਲਾਹ ਅਤੇ ਉਜਵਲ ਭਵਿਖ ਲਈ ਕੰਮ ਕਰਨ ਅਤੇ ਮਕਸਦ ਨੂੰ ਅੱਗੇ ਵਧਾਉਣ ਦੀ ਗੱਲ ਕਰਦਿਆਂ ਆਪਣੀ ਟੀਮ ਵਿਚ ਕੰਮ ਕਰਨ ਵਾਲੇ ਸਹਿਯੋਗੀਆਂ ਦੀ ਮਿਹਨਤ ਅਤੇ ਲੋਕਾਂ ਵਲੋਂ ਮਿਲ ਰਹੇ ਸਹਿਯੋਗ ਲਈ ਧੰਨਵਾਦ ਕੀਤਾ।

ਇਸ ਮੌਕੇ ਮੇਅਰ ਅਮਰਜੀਤ ਸੋਹੀ ਨੇ ਡਬਲਿਊ ਐਫ ਜੀ ਦੇ ਅਹੁਦੇਦਾਰਾਂ ਅਤੇ ਸਟਾਫ ਵਲੋਂ ਫਾਈਨੈਂਸ਼ੀਅਲ ਖੇਤਰ ਵਿਚ ਕੀਤੇ ਜਾ ਰਹੇ ਕੰਮਾਂ ਅਤੇ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਉਹਨਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਐਡਮਿੰਟਨ ਸ਼ਹਿਰ ਨੂੰ ਵਿੱਤੀ ਖੇਤਰ ਵਿਚ ਵੀ ਇਕ ਪਛਾਣ ਮਿਲੀ ਹੈ। ਉਹਨਾਂ ਗੁਰਭਲਿੰਦਰ ਸਿੰਘ ਸੰਧੂ ਨਾਲ ਆਪਣੀ ਲੰਬੇ ਸਮੇਂ ਤੋਂ ਨੇੜਤਾ ਦਾ ਜ਼ਿਕਰ ਕਰਦਿਆਂ ਉਹਨਾਂ ਵਲੋਂ ਆਪਣੇ ਕਾਰੋਬਾਰ ਦੇ ਨਾਲ ਸਮਾਜਿਕ ਖੇਤਰ ਵਿਚ ਪਾਏ ਯੋਗਦਾਨ ਦੀ ਵੀ ਸ਼ਲਾਘਾ ਕੀਤੀ।

ਉਦਘਾਟਨੀ ਸਮਾਰੋਹ ਦੇ ਲਗਪਗ 5 ਘੰਟਿਆਂ ਦੇ ਸਮੇਂ ਦੌਰਾਨ 2000 ਤੋਂ ਉਪਰ ਲੋਕਾਂ ਨੇ ਸ਼ਮੂਲੀਅਤ ਕੀਤੀ ਤੇ ਵਰਲਡ ਫਾਈਨੈਂਸ਼ੀਅਲ ਗਰੁੱਪ ਦੇ ਲੀਡਰਾਂ ਤੇ ਅਹੁਦੇਦਾਰਾਂ ਨੂੰ ਵਧਾਈਆਂ ਦਿੰਦਿਆਂ ਕਾਰੋਬਾਰ ਵਿਚ ਵਾਧੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਮਹਿਮਾਨਾਂ ਲਈ ਚਾਹ-ਪਾਣੀ ਤੇ ਸਨੈਕਸ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਸੀ।