Headlines

ਪ੍ਰਧਾਨ ਮੰਤਰੀ ਟਰੂਡੋ ਨੇ ਸਿੱਖ ਆਗੂ ਨਿੱਝਰ ਦੇ ਕਤਲ ਵਿਚ ਭਾਰਤੀ ਹੱਥ ਹੋਣ ਦੇ ਦੋਸ਼ ਲਗਾਏ

ਸੰਸਦ ਵਿਚ ਬਿਆਨ ਉਪਰੰਤ ਭਾਰਤੀ ਡਿਪਲੋਮੈਟ ਪੀ ਕੇ ਰਾਏ ਨੂੰ ਦੇਸ਼ ਛੱਡਣ ਦੇ ਹੁਕਮ-

ਕੈਨੇਡਾ-ਭਾਰਤ ਦੁਵੱਲੇ ਸਬੰਧ ਤਣਾਅਪੂਰਣ ਬਣੇ-

ਓਟਵਾ ( ਦੇ ਪ੍ਰ ਬਿ)- ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਨੂੰ ਸੰਬੋਧਨ ਹੁੰਦਿਆਂ ਭਾਰਤ ਸਰਕਾਰ ਉਪਰ ਇਸ ਜੂਨ ਮਹੀਨੇ ਕੈਨੇਡੀਅਨ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿਚ ਭਾਰਤੀ ਹੱਥ ਹੋਣ ਦੇ ਦੋਸ਼ ਲਗਾਏ ਹਨ। ਉਹਨਾਂ ਕਿਹਾ ਕਿ ਕੈਨੇਡੀਅਨ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਮੁਤਾਬਿਕ ਸਿੱਖ ਆਗੂ ਦੀ ਹੱਤਿਆ  ਨੂੰ “ਭਾਰਤ ਸਰਕਾਰ ਦੇ ਏਜੰਟਾਂ” ਵਲੋਂ ਅੰਜ਼ਾਮ ਦਿੱਤਾ ਗਿਆ ਸੀ।
ਹਾਊਸ ਆਫ਼ ਕਾਮਨਜ਼ ਵਿੱਚ ਬੋਲਦਿਆਂ, ਸ੍ਰੀ ਟਰੂਡੋ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਜੀ-20  ਸਿਖਰ ਸੰਮੇਲਨ ਦੌਰਾਨ ਵੀ  ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਇਹ ਮੁੱਦਾ ਉਠਾਇਆ ਸੀ ਜਿਸਦਾ ਉਹਨਾਂ ਕੋਈ ਜਵਾਬ ਨਹੀਂ ਦਿੱਤਾ।
ਟਰੂਡੋ ਨੇ ਸੰਸਦ ਮੈਂਬਰਾਂ ਨੂੰ ਕਿਹਾ, “ਕੈਨੇਡੀਅਨ ਧਰਤੀ ‘ਤੇ ਕੈਨੇਡੀਅਨ ਨਾਗਰਿਕ ਦੀ ਹੱਤਿਆ ਵਿੱਚ ਕਿਸੇ ਵਿਦੇਸ਼ੀ ਸਰਕਾਰ ਦੀ ਸ਼ਮੂਲੀਅਤ ਸਾਡੀ ਪ੍ਰਭੂਸੱਤਾ ਦੀ ਅਸਵੀਕਾਰਨਯੋਗ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਭਾਰਤ ਉਪਰ ਇਸ ਹੱਤਿਆ ਦੀ ਜਾਂਚ ‘ਚ ਸਹਿਯੋਗ ਲਈ ਦਬਾਅ ਬਣਾਏਗਾ।ਉਹਨਾਂ ਹੋਰ ਕਿਹਾ ਕਿ ਭਾਰਤੀ ਮੂਲ ਦੇ ਕੈਨੇਡੀਅਨਾਂ ਦਾ ਵੱਡਾ ਭਾਈਚਾਰਾ ਇਸ ਕਤਲ ਕਾਰਣ ਗੁੱਸੇ ਵਿੱਚ ਹੈ ਅਤੇ ਕੁਝ ਮਾਮਲਿਆਂ ਵਿੱਚ ਆਪਣੀ ਨਿੱਜੀ ਸੁਰੱਖਿਆ ਲਈ ਵੀ ਡਰਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਭਾਰਤੀ ਮੂਲ ਦੇ ਅੰਦਾਜ਼ਨ 14 ਲੱਖ ਤੋਂ 18 ਲੱਖ  ਲੋਕ ਵਸਦੇ ਹੈ ਜਿਹਨਾਂ  ਵਿੱਚੋਂ ਵੱਡੀ ਗਿਣਤੀ ਵਿਚ ਸਿੱਖ ਹਨ। ਫੈਡਰਲ ਨਿਊ ਡੈਮੋਕਰੇਟਿਕ ਪਾਰਟੀ ਦਾ ਆਗੂ ਜਗਮੀਤ ਸਿੰਘ ਵੀ ਸਿੱਖ ਭਾਈਚਾਰੇ ਨਾਲ ਸਬੰਧਿਤ ਹੈ , ਜੋ ਟਰੂਡੋ ਦੀ ਘੱਟ ਗਿਣਤੀ ਸਰਕਾਰ ਨੂੰ ਸਮਰਥਨ ਦੇ ਰਿਹਾ ਹੈ।

ਇਸੇ ਦੌਰਾਨ ਵਿਦੇਸ਼ ਮੰਤਰੀ ਮੈਲਨੀ ਜੋਲੀ  ਨੇ  ਘੋਸ਼ਣਾ ਕੀਤੀ ਹੈ  ਕਿ ਕੈਨੇਡਾ ਨੇ ਇੱਕ ਭਾਰਤੀ ਡਿਪਲੋਮੈਟ ਪੀ ਕੇ ਰਾਏ ਨੂੰ ਕੈਨੇਡਾ ਚੋ ਨਿਕਲਣ ਦੇ ਆਦੇਸ਼ ਦਿੱਤੇ ਹਨ। ਜਿਸਨੂੰ ਉਸਨੇ ਕੈਨੇਡਾ ਵਿੱਚ ਭਾਰਤੀ ਖੁਫੀਆ ਏਜੰਸੀ ਰਾਅ ਦਾ ਮੁਖੀ ਦੱਸਿਆ ਹੈ । ਇਹ ਇਸ ਸਮੇਂ ਓਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਦੇ ਦਫਤਰ ਵਿਚ ਤਾਇਨਾਤ ਸਨ। ਕੈਨੇਡਾ ਵਲੋਂ ਭਾਰਤੀ ਡਿਪਲੋਮੈਟ ਨੂੰ ਕੱਢਣ ਦੇ ਹੁਕਮਾਂ ਤੋ ਬਾਦ ਦੋਵਾਂ ਮੁਲਕਾਂ ਦੇ ਡਿਪਲੋਮੈਟਿਕ ਸਬੰਧਾਂ ਵਿਚ ਤਣਾਅ ਵਧਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਇਹਨਾਂ ਹੁਕਮਾਂ ਦੇ ਵਿਰੋਧ ਵਿਚ ਭਾਰਤ ਸਰਕਾਰ ਵੀ ਕੋਈ ਸਖਤ ਐਲਾਨ ਕਰ ਸਕਦੀ ਹੈ। ਪਿਛਲੇ ਹਫਤੇ ਕੈਨੇਡਾ ਦੇ ਭਾਰਤ ਜਾਣ ਵਾਲੇ ਟਰੇਡ ਮਿਸ਼ਨ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਦੋਵਾਂ ਮੁਲਕਾਂ ਵਿਚਾਲੇ ਪਿਛਲੇ ਚਾਰ ਮਹੀਨੇ ਤੋਂ ਵਪਾਰਕ ਵਾਧੇ ਲਈ ਗੱਲਬਾਤ ਚੱਲ ਰਹੀ ਸੀ, ਜੋ ਅਚਾਨਕ ਬੰਦ ਕਰ ਦਿੱਤੀ ਗਈ। ਸਸਕੈਚਵਨ ਦੇ ਪ੍ਰੀਮੀਅਰ ਨੇ ਫੈਡਰਲ ਸਰਕਾਰ ਉਪਰ ਉਹਨਾਂ ਦੇ ਵਪਾਰ ਨੂੰ ਨੁਕਸਾਨ ਪਹੁੰਚਾਉਣ ਦੇ ਵੀ ਦੋਸ਼ ਲਗਾਏ ਸਨ।