Headlines

ਗ਼ਜ਼ਲ ਮੰਚ ਸਰੀ ਵੱਲੋਂ ਪੰਜਾਬੀ ਸ਼ਾਇਰ ਸੰਤੋਖ ਮਿਨਹਾਸ ਨਾਲ ਸਾਹਿਤਕ ਮਿਲਣੀ

ਸਰੀ, 19 ਸਤੰਬਰ (ਹਰਦਮ ਮਾਨ)-ਗ਼ਜ਼ਲ ਮੰਚ ਸਰੀ ਵੱਲੋਂ ਬੀਤੇ ਦਿਨੀਂ ਅਮਰੀਕਾ ਵਸਦੇ ਪੰਜਾਬੀ ਸ਼ਾਇਰ ਸੰਤੋਖ ਮਿਨਹਾਸ ਨਾਲ ਸਾਹਿਤਕ ਮਿਲਣੀ ਕੀਤੀ ਗਈ। ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਸੰਤੋਖ ਮਿਨਹਾਸ ਨੂੰ ਜੀ ਆਇਆਂ ਕਿਹਾ। ਹਰਦਮ ਸਿੰਘ ਮਾਨ ਨੇ ਸੰਤੋਖ ਮਿਨਹਾਸ ਨਾਲ ਲੰਮੇਂ ਸਮੇਂ ਤੋਂ ਚੱਲੀ ਆ ਰਹੀ ਦੋਸਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੰਤੋਖ ਮਿਨਹਾਸ ਮੂਲ ਰੂਪ ਵਿਚ ਕਵੀ ਹੈ, ਉਸ ਦੀਆਂ ਦੋ ਕਾਵਿ ਪੁਸਤਕਾਂ (‘ਅੱਖਾਂ ‘ਚ ਬਲਦੇ ਸੂਰਜ’ ਅਤੇ ‘ਫੁੱਲ, ਤਿਤਲੀ ਤੇ ਉਹ’) ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਇਕ ਬਹੁਤ ਹੀ ਖੂਬਸੂਰਤ ਨਿਬੰਧਾਂ ਦੀ ਪੁਸਤਕ ‘ਉਕਾਬ ਵਾਲਾ ਪਾਸਪੋਰਟ’ ਛਪ ਚੁੱਕੀ ਹੈ। ਦੂਰਦਰਸ਼ਨ ਜਲੰਧਰ ਤੋਂ ਉਨ੍ਹਾਂ ਦਾ ਇਕ ਸੀਰੀਅਲ ‘ਗੂੰਜ’ ਵੀ 25 ਕਿਸ਼ਤਾਂ ਵਿਚ ਟੈਲੀਕਾਸਟ ਹੋਇਆ ਹੈ। ਉਹ ਸਾਹਿਤਕ ਮੈਗਜ਼ੀਨ ‘ਜ਼ਫ਼ਰ’ ਵੀ ਕੱਢਦੇ ਰਹੇ ਹਨ।

ਸੰਤੋਖ ਮਿਨਹਾਸ ਨੇ ਆਪਣੇ ਵਿਦਿਅਕ ਜੀਵਨ, ਅਧਿਆਪਨ ਸੇਵਾ ਅਤੇ ਸਾਹਿਤਕ ਸਫ਼ਰ ਬਾਰੇ ਵਿਸਥਾਰ ਵਿਚ ਦੱਸਿਆ ਅਤੇ ਕੋਟਕਪੂਰਾ ਤੋਂ ਚੱਲ ਕੇ ਅਮਰੀਕਾ ਵਿਚ ਆਉਣ, ਸੈਟਲ ਹੋਣ ਅਤੇ ਰੇਡੀਓ ਹੋਸਟ ਬਣਨ ਦੀ ਗਾਥਾ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਆਪਣੀਆਂ ਦੋ ਚਰਚਿਤ ਨਜ਼ਮਾਂ (ਅੱਜ ਦੀ ਮੀਰਾ, ਵਾਈਟ ਹਾਊਸ ਦਾ ਬਸ਼ਿੰਦਾ) ਸੁਣਾਈਆਂ।

ਗ਼ਜ਼ਲ ਮੰਚ ਦੇ ਪ੍ਰਧਾਨ ਅਤੇ ਨਾਮਵਰ ਸ਼ਾਇਰ ਜਸਵਿੰਦਰ ਨੇ ਸੰਤੋਖ ਮਿਨਹਾਸ ਨਾਲ ਆਪਣੀ ਪੁਰਾਣੀ ਸਾਂਝ ਬਾਰੇ ਦੱਸਿਆ ਅਤੇ ਗ਼ਜ਼ਲ ਮੰਚ ਸਰੀ ਨਾਲ ਕੁਝ ਪਲ ਬਿਤਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਾਜਵੰਤ ਰਾਜ, ਦਵਿੰਦਰ ਗੌਤਮ, ਪ੍ਰੀਤ ਮਨਪ੍ਰੀਤ, ਹਰਦਮ ਮਾਨ ਅਤੇ ਜਸਵਿੰਦਰ ਨੇ ਆਪਣੀਆਂ ਗ਼ਜ਼ਲਾਂ ਰਾਹੀਂ ਸੰਤੋਖ ਮਿਨਹਾਸ ਨਾਲ ਸਾਂਝ ਪਾਈ। ਰਾਜਵੰਤ ਰਾਜ ਨੇ ਆਪਣਾ ਨਾਵਲ ‘ਵਰੋਲੇ ਦੀ ਜੂਨ’ ਅਤੇ ਦਵਿੰਦਰ ਗੌਤਮ ਨੇ ਆਪਣਾ ਗ਼ਜ਼ਲ ਸੰਗ੍ਰਹਿ ‘ਸੁਪਨੇ ਸੌਣ ਨਾ ਦਿੰਦੇ’ ਸੰਤੋਖ ਮਿਨਹਾਸ ਨੂੰ ਭੇਂਟ ਕੀਤਾ।