Headlines

ਵਿੰਨੀਪੈਗ ਵਿਚ ਪੰਜਾਬੀ ਨੌਜਵਾਨ ਦੀ ਗੋਲੀਆਂ ਨਾਲ ਛਲਣੀ ਲਾਸ਼ ਮਿਲੀ

ਵਿੰਨੀਪੈਗ ਪੁਲਿਸ ਨੇ ਮਾਰੇ ਗਏ ਨੌਜਵਾਨ ਦੀ ਪਛਾਣ ਸੁਖਦੂਲ ਸਿੰਘ ਗਿੱਲ ਦੱਸੀ-

ਵਿੰਨੀਪੈਗ (ਸ਼ਰਮਾ)-ਬੀਤੇ ਦਿਨ ਵਿੰਨੀਪੈਗ ਦੇ ਨਾਰਥ ਇੰਕਸਟਰ ਇੰਡਸਟਰੀਅਲ ਏਰੀਏ ਵਿਚ ਹੇਜ਼ਲਟਨ ਡਰਾਈਵ ਦੇ 200 ਬਲਾਕ ਵਿਚ ਸਥਿਤ ਇਕ ਘਰ ਵਿਚ ਮਾਰੇ ਗਏ ਨੌਜਵਾਨ ਦੀ ਪਛਾਣ ਵਿੰਨੀਪੈਗ ਪੁਲਿਸ ਨੇ ਸੁਖਦੂਲ ਸਿੰਘ ਗਿੱਲ ਵਜੋਂ ਕੀਤੀ ਹੈ। ਵਿਨੀਪੈਗ ਪੁਲਿਸ ਨੂੰ ਬੁੱਧਵਾਰ ਸਵੇਰੇ 10 ਵਜੇ ਉਕਤ ਥਾਂ ਤੇ ਗੋਲੀਬਾਰੀ ਦੀ ਘਟਨਾ ਦੀ ਸੂਚਨਾ ਮਿਲੀ ਸੀ।  ਪੁਲਿਸ ਮੁਤਾਬਿਕ ਮਾਰਿਆ ਗਿਆ ਨੌਜਵਾਨ 39 ਕੁ ਸਾਲ ਦਾ ਸੀ। ਉਸਦੀ ਲਾਸ਼ ਪੋਸਟ ਮਾਰਟਮ ਲਈ ਭੇਜੀ ਗਈ ਹੈ। ਪੁਲਿਸ ਨੇ ਇਸ ਘਟਨਾ ਨਾਲ ਸਬੰਧਿਤ ਕਿਸੇ ਕੋਲ ਵਧੇਰੇ ਜਾਣਕਾਰੀ ਹੋਣ ਦੀ ਸੂਰਤ ਵਿਚ ਪੁਲਿਸ ਕਰਾਈਮ ਯੂਨਿਟ ਦੇ ਫੋਨ ਨੰਬਰ 204-986-6508 ਤੇ ਸੰਪਰਕ ਕਰਨ ਲਈ ਕਿਹਾ ਹੈ।

ਭਾਰਤੀ ਮੀਡੀਆ ਰਿਪੋਰਟਾਂ ਮੁਤਾਬਿਕ ਸੁਖਦੂਲ ਸਿੰਘ ਉਰਫ ਸੁੱਖਾ ਦੁੱਨੇਕੇ  ਮੋਗਾ ਜਿਲੇ ਦੇ ਦਵਿੰਦਰ ਬੰਬੀਹਾ ਗੈਂਗ ਦਾ ਮੈਂਬਰ ਸੀ ਤੇ ਉਹ 2017 ਵਿੱਚ ਜਾਅਲੀ ਦਸਤਾਵੇਜ਼ਾਂ ‘ਤੇ ਭਾਰਤ ਤੋਂ ਕੈਨੇਡਾ ਆਇਆ ਸੀ। ਉਸ ਖਿਲਾਫ ਪੰਜਾਬ ਵਿਚ ਸੱਤ ਅਪਰਾਧਿਕ ਮਾਮਲੇ ਦਰਜ ਹਨ। ਹੋਰ ਜਾਣਕਾਰੀ ਮੁਤਾਬਿਕ ਪੰਜਾਬ ਅਤੇ ਆਲੇ-ਦੁਆਲੇ ਦੇ 29 ਦੇ ਕਰੀਬ ਅਜਿਹੇ ਗੈਂਗਸਟਰ ਹਨ ਜਿਹਨਾਂ ਨੇ ਇੰਡੀਆ ਤੋ ਭੱਜਕੇ ਕੈਨੇਡਾ ਵਿਚ ਪਨਾਹ ਲੈ ਰੱਖੀ ਹੈ। ਇਹਨਾਂ ਗੈਂਗਸਟਰਾਂ ਵਿਚ ਮੋਗਾ ਤੋਂ ਅਰਸ਼ਦੀਪ ਉਰਫ ਅਰਸ਼ ਡਾਲਾ, ਬਰਨਾਲਾ ਤੋਂ ਚਰਨਜੀਤ ਸਿੰਘ ਉਰਫ ਰਿੰਕੂ ਬੀਹਲਾ, ਲੁਧਿਆਣਾ ਤੋਂ ਗੁਰਪਿੰਦਰ ਸਿੰਘ ਉਰਫ ਬਾਬਾ ਡਾਲਾ ਅਤੇ ਤਰਨ ਤਾਰਨ ਤੋਂ ਲਖਬੀਰ ਸਿੰਘ ਉਰਫ ਲੰਡਾ ਮੁੱਖ ਰੂਪ ਵਿਚ ਸ਼ਾਮਿਲ ਹਨ।