Headlines

ਕੈਨੇਡੀਅਨ ਸੰਸਦ ਵਿਚ ਨਾਜ਼ੀ ਸੈਨਿਕ ਦੇ ਮੁੱਦੇ ਤੇ ਸਪੀਕਰ ਨੇ ਅਸਤੀਫਾ ਦਿੱਤਾ

ਓਟਵਾ-ਹਾਊਸ ਆਫ ਕਾਮਨ ਵਿਚ 98 ਸਾਲਾ ਯੂਕਰੇਨੀ ਤੇ ਨਾਜ਼ੀ ਯੂਨਿਟ ਨਾਲ ਕੰਮ ਕਰਨ ਵਾਲੇ ਯਾਰੋਸਲਾਵ ਹੰਕਾ ਨੂੰ ਸੱਦੇ ਜਾਣ ਅਤੇ ਸਨਮਾਨ ਦਿੱਤੇ ਜਾਣ ਲਈ ਆਪਣੀ ਗਲਤੀ ਨੂੰ ਸਵੀਕਾਰ ਕਰਦਿਆਂ ਸਪੀਕਰ ਐਂਥਨੀ ਰੋਟਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਬਜੁਰਗ ਸਾਬਕਾ ਸੈਨਿਕ ਨੂੰ ਯੂਕਰੇਨੀ ਰਾਸ਼ਟਰਪਤੀ  ਜ਼ੇਲੇਨਸਕੀ ਦੇ ਸਦਨ ਵਿਚ ਭਾਸ਼ਨ ਮੌਕੇ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ ਸੀ।
ਐਂਥਨੀ ਰੋਟਾ ਨੇ ਇਸ ਸਬੰਧੀ ਗਲਤੀ ਮੰਨਦਿਆਂ ਲਿਖਤੀ ਅਤੇ ਵਿਅਕਤੀਗਤ ਤੌਰ ‘ਤੇ ਮੁਆਫੀ ਮੰਗੀ ਹੈ।
ਮੰਗਲਵਾਰ ਨੂੰ, ਮਿਸਟਰ ਰੋਟਾ ਨੇ ਐਲਾਨ ਕੀਤਾ ਕਿ ਉਹ ਲਿਬਰਲ ਕੈਬਨਿਟ ਮੰਤਰੀਆਂ, ਕੰਜ਼ਰਵੇਟਿਵਜ਼, ਐਨਡੀਪੀ ਅਤੇ ਬਲਾਕ ਕਿਊਬੇਕੋਇਸ ਦੁਆਰਾ ਉਹਨਾਂ ਦੇ ਅਸਤੀਫੇ ਦੀ ਕੀਤੀ ਮੰਗ ਨੂੰ ਮੰਨਦਿਆਂ ਅਹੁਦਾ ਛੱਡ ਰਹੇ ਹਨ ।
ਉਹਨਾਂ ਨੇ ਪਿਛਲੇ ਸ਼ੁੱਕਰਵਾਰ ਨੂੰ ਸਦਨ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਰਾਸ਼ਟਰਪਤੀ ਜ਼ੇਲੇਨਸਕੀਦੀ ਹਾਜ਼ਰੀ ਵਿਚ  ਮਿਸਟਰ ਹੰਕਾ ਨੂੰ “ਇੱਕ ਯੂਕਰੇਨੀਅਨ ਹੀਰੋ ਅਤੇ ਇੱਕ ਕੈਨੇਡੀਅਨ ਹੀਰੋ” ਵਜੋਂ ਸੰਬੋਧਨ ਕੀਤਾ ਤੇ ਉਥੇ  ਮੌਜੂਦ ਲੋਕਾਂ ਵਲੋਂ ਉਹਨਾਂ ਦਾ ਖੜੇ ਹੋਕੇ ਸਵਾਗਤ ਕੀਤਾ ।
ਉਹਨਾਂ ਦੇ ਅਸਤੀਫੇ ਦੀ ਘੋਸ਼ਣਾ  ਤੋਂ ਪਹਿਲਾਂ, ਵਿਦੇਸ਼ ਮਾਮਲਿਆਂ ਦੀ ਮੰਤਰੀ ਮੇਲਾਨੀ ਜੋਲੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਜੋ ਹੋਇਆ ਉਸਨੂੰ ਕਦੇ ਵੀ ਸਵੀਕਾਰ ਨਹੀ ਕੀਤਾ ਜਾ ਸਕਦਾ।
“ਇਹ ਸਦਨ ਅਤੇ ਕੈਨੇਡੀਅਨਾਂ ਲਈ ਸ਼ਰਮ ਵਾਲੀ ਗੱਲ ਸੀ,” ਉਸਨੇ ਕਿਹਾ।
ਗਵਰਨਮੈਂਟ ਹਾਊਸ ਲੀਡਰ ਕਰੀਨਾ ਗੋਲਡ ਨੇ ਵੀ ਕਿਹਾ ਕਿ ਸ੍ਰੀ ਰੋਟਾ ਲਈ ਆਪਣੇ ਅਹੁਦੇ ਤੋਂ ਹਟਣ ਦਾ ਸਮਾਂ ਆ ਗਿਆ ਹੈ।
ਕੰਜ਼ਰਵੇਟਿਵ ਲੀਡਰ ਪੀਅਰ ਪੋਲੀਵਰ ਨੇ ਕਿਹਾ ਕਿ  ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਸਪੀਕਰ, ਜੋ ਕਿ ਇੱਕ ਲਿਬਰਲ ਐਮ ਪੀ ਹਨ ਨੇ ਇਕ ਨਾਜ਼ੀ ਸੈਨਿਕ ਨੂੰ ਸਨਮਾਨ ਦੇਕੇ ਕੈਨੇਡਾ ਨੂੰ  ਸ਼ਰਮਸ਼ਾਰ ਕੀਤਾ ਹੈ। ਇਸ ਗਲਤੀ ਲਈ  ਮਿਸਟਰ ਰੋਟਾ ਨੂੰ ਅਸਤੀਫਾ ਦੇਣਾ ਪਵੇਗਾ।
ਐਨਡੀਪੀ ਆਗੂ ਜਗਮੀਤ ਸਿੰਘ ਨੇ ਪਾਰਲੀਮੈਂਟ ਹਿੱਲ ’ਤੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਇਸ ਘਟਨਾ ਨਾਲ ਯਹੂਦੀ ਭਾਈਚਾਰੇ ਨੂੰ ਠੇਸ ਪਹੁੰਚੀ ਹੈ ਅਤੇ ਯੂਕਰੇਨ ਦੀਆਂ ਕੋਸ਼ਿਸ਼ਾਂ ਨੂੰ ਨੁਕਸਾਨ ਪਹੁੰਚਿਆ ਹੈ।
ਸਿੰਘ ਨੇ ਕਿਹਾ ਕਿ ਅਸਲ ਵਿੱਚ, ਇਸ ਘਟਨਾ ਨੂੰ ਪਹਿਲਾਂ ਹੀ ਰੂਸੀ ਪ੍ਰਚਾਰ ਦੁਆਰਾ ਵਰਤਿਆ ਜਾ ਰਿਹਾ ਹੈ।  ਸ੍ਰੀ ਸਿੰਘ ਨੇ ਕਿਹਾ ਕਿ ਇਸ ਨਾਲ ਕੈਨੇਡਾ ਦੀ ਅੰਤਰਰਾਸ਼ਟਰੀ ਸਾਖ ਨੂੰ ਵੀ ਠੇਸ ਪਹੁੰਚੀ ਹੈ।