Headlines

ਪੰਜਾਬੀ ਲੇਖਕ ਮੰਚ ਵੈਨਕੂਵਰ ਦੀ 50ਵੀਂ ਵਰੇਗੰਢ ਧੂਮਧਾਮ ਨਾਲ ਮਨਾਈ

ਸਰੀ ( ਦੇ ਪ੍ਰ ਬਿ)- ਬੀਤੇ ਦਿਨੀ ਪੰਜਾਬੀ  ਲੇਖਕ ਮੰਚ ਵੈਨਕੂਵਰ ਦੀ 50ਵੀਂ ਵਰੇਗੰਢ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ  ਪੰਜਾਬ ਬੈਂਕੁਇਟ ਹਾਲ ਸਰੀ ਵਿਖੇ 22, 23 ਅਤੇ 24 ਸਤੰਬਰ ਨੂੰ ਕਰਵਾਏ ਗਏ ਤਿੰਨ ਦਿਨਾਂ ਸਮਾਗਮਾਂ ਦੌਰਾਨ ਉਘੇ ਸਾਹਿਤਕਾਰਾਂ, ਲੇਖਕਾਂ ਤੇ ਪੰਜਾਬੀ ਪਿਆਰਿਆਂ ਨੇ ਭਰਵੀਂ ਸ਼ਮੂਲੀਅਤ ਕੀਤੀ।

22 ਸਤੰਬਰ ਸ਼ੁਕਰਵਾਰ ਨੂੰ ਸਵੇਰੇ ਸ਼ੁਰੂ ਹੋਏ ਸਮਾਗਮ ਦੇ ਪਹਿਲੇ ਦਿਨ ਉਘੇ ਲੇਖਕ ਤੇ ਕਵੀ ਅਜਮੇਰ ਰੋਡੇ ਨੇ ਆਏ ਮਹਿਮਾਨਾਂ ਤੇ ਪੰਜਾਬੀ ਪਿਆਰਿਆਂ ਨੂੰ ਜੀ ਆਇਆ ਕਿਹਾ ਤੇ ਲੇਖਕ ਮੰਚ ਦੇ ਮਾਣਮੱਤੇ ਸਫਰ ਦੀ ਜਾਣਕਾਰੀ ਸਾਂਝੀ ਕੀਤੀ। ਪਹਿਲੇ ਦਿਨ ਦੇ ਪਹਿਲੇ ਸੈਸ਼ਨ ਦਾ ਮੰਚ ਸੰਚਾਲਨ ਸੁਖਵੰਤ ਹੁੰਦਲ ਵਲੋਂ ਕੀਤਾ ਗਿਆ। ਇਸ ਦੌਰਾਨ ਡਾ ਸਾਧੂ ਬਿਨਿੰਗ ਵਲੋਂ ਮੰਚ ਦਾ ਇਤਿਹਾਸ ਅਤੇ ਗਤੀਵਿਧੀਆਂ ਬਾਰੇ ਵਿਚਾਰ ਸਾਂਝੇ ਕੀਤੇ। ਉਘੇ ਲੇਖਕ ਤੇ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਸਾਹਿਤ ਬੋਲੀ ਤੇ ਸਭਿਆਚਾਰ ਬਾਰੇ ਪਰਚਾ ਪੜਿਆ। ਮੰਚ ਦੀ ਸਮਾਜਿਕ ਦੇਣ ਬਾਰੇ ਸੁਰਜੀਤ ਕਲਸੀ ਨੇ ਵਿਚਾਰ ਸਾਂਝੇ ਕੀਤੇ। ਬਾਦ ਦੁਪਹਿਰ ਦੇ ਸੈਸ਼ਨ ਵਿਚ ਸੁਖਵੰਤ ਹੁੰਦਲ ਵਲੋਂ ਡਿਜਟਾਈਜੇਸ਼ਨ ਤੇ ਡਾਟਾ ਸੰਭਾਲ ਬਾਰੇ ਪਰਚਾ ਪੜਿਆ। ਜਰਨੈਲ ਸਿੰਘ ਆਰਟਿਸਟ ਨੇ ਆਨਲਾਈਨ ਪ੍ਰਕਾਸ਼ਨਾ ਬਾਰੇ ਵਿਚਾਰ ਸਾਂਝੇ ਕੀਤੇ। ਅਜਮੇਰ ਰੋਡੇ ਵਲੋਂ ਸਾਹਿਤ ਸਿਰਜਣਾ ਤੇ ਆਰਟੀਫਿਸ਼ਲ ਇੰਟੈਲੀਜੈਂਸ਼ੀ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ। ਇਸ ਸੈਸ਼ਨ ਦੇ ਮੰਚ ਸੰਚਾਲਕ ਦੀ ਜਿੰਮੇਵਾਰੀ ਜਗਜੀਤ ਸੰਧੂ ਨੇ ਨਿਭਾਈ।

ਸਮਾਗਮ ਦੇ ਦੂਸਰੇ ਦਿਨ 23 ਸਤੰਬਰ ਦਿਨ ਸ਼ਨੀਵਾਰ ਨੂੰ ਪ੍ਰੀਤ ਮਨਪ੍ਰੀਤ ਦੀ ਮੰਚ ਸੰਚਾਲਨਾ ਹੇਠ ਨੌਜਵਾਨ ਲੇਖਕਾਂ ਦੇ ਸਾਹਿਤ ਰਚਨਾ ਬਾਰੇ ਅਨੁਭਵ ਵਿਸ਼ੇ ਉਪਰ ਚਰਚਾ ਕੀਤੀ ਗਈ। ਦੁਪਹਿਰ ਦੇ ਸੈਸ਼ਨ ਵਿਚ ਦ੍ਰਿਸ਼ ਕਲਾ ਦੇ ਵਿਸ਼ੇ ਉਪਰ ਜਰਨੈਲ ਸਿੰਘ ਆਰਟਿਸਟ, ਬਿੰਦੂ ਮਠਾੜੂ ਤੇ ਰੁਪਿੰਦਰ ਔਲਖ ਵਲੋਂ ਵਿਚਾਰ ਸਾਂਝੇ ਕੀਤੇ ਗਏ। ਮੰਚ ਸੰਚਾਲਕ ਦੀ ਜਿੰਮੇਵਾਰੀ ਚਰਨਜੀਤ ਜੈਤੋ ਨੇ ਨਿਭਾਈ। ਸਮਾਗਮ ਦੇ ਆਖਰੀ ਦਿਨ 24 ਸਤੰਬਰ ਐਤਵਾਰ ਨੂੰ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵੱਖ-ਵੱਖ ਉਚ ਕੋਟੀ ਦੇ ਕਵੀਆਂ ਨੇ ਆਪਣੀਆਂ ਰਚਨਾਵਾਂ ਦੇ ਕਾਵਿ ਰੰਗ ਬਿਖੇਰੇ। ਮੰਚ ਸੰਚਾਲਨ ਦੀ ਜਿੰਮੇਵਾਰੀ ਸਾਂਝੇ ਰੂਪ ਵਿਚ ਸੁਰਜੀਤ ਕਲਸੀ ਤੇ ਅਮਨ ਸੀ ਸਿੰਘ ਨੇ ਬਾਖੂਬੀ ਨਿਭਾਈ। ਅਖੀਰ ਵਿਚ  ਅਜਮੇਰ ਰੋਡੇ ਤੇ ਸਾਧੂ ਬਿਨਿੰਗ ਨੇ ਸਮਾਗਮ ਦੀ ਸਫਲਤਾ ਲਈ ਸਭ ਦਾ ਧੰਨਵਾਦ ਕੀਤਾ। ਸਮਾਗਮ ਦੇ ਤਿੰਨ ਦਿਨ ਮੰਚ ਦੇ ਮੈਂਬਰਾਂ ਦੀਆਂ ਪੁਸਤਕਾਂ ਅਤੇ ਚਿਤਰਾਂ ਦੀ ਪ੍ਰਦਰਸ਼ਨੀ ਲਗਾਈ ਗਈ।