Headlines

ਢਾਹਾਂ ਸਾਹਿਤ ਪੁਰਸਕਾਰਾਂ ਲਈ ਆਖਰੀ ਤਿੰਨ ਲੇਖਕਾਂ ਦੇ ਨਾਵਾਂ ਦਾ ਐਲਾਨ

ਪਹਿਲੇ ਇਨਾਮ ਜੇਤੂ ਦਾ ਐਲਾਨ 16 ਨਵੰਬਰ ਨੂੰ ਹੋਵੇਗਾ-
ਵੈਨਕੂਵਰ ( ਦੇ ਪ੍ਰ ਬਿ)- ਪੰਜਾਬੀ ਦੇ ਸਭ  ਤੋਂ ਵੱਡੀ ਇਨਾਮੀ ਰਾਸ਼ੀ ਵਾਲੇ ਢਾਹਾਂ ਸਾਹਿਤ ਪੁਰਸਕਾਰਾਂ ਲਈ ਸਾਲ 2023 ਦੇ ਤਿੰਨ ਫਾਈਨਲ ਲੇਖਕਾਂ ਤੇ ਰਚਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਬੀਤੇ ਦਿਨ ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਵੈਨਕੂਵਰ ਦੇ ਕਾਮਾਗਾਟਾਮਾਰੂ ਮਿਊਜਮ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਜਿਊਰੀ ਵਲੋਂ ਕੀਤੀ ਗਈ ਚੋਣ ਮੁਤਾਬਿਕ ਆਖਰੀ ਤਿੰਨ ਲੇਖਕਾਂ ਦਾ ਐਲਾਨ ਕੀਤਾ ਗਿਆ। ਇਹਨਾਂ ਤਿੰਨ ਇਨਾਮਾਂ ਵਿਚ ਪਹਿਲਾ ਇਨਾਮ 25000 ਹਜ਼ਾਰ ਡਾਲਰ ਅਤੇ ਦੋ ਇਨਾਮ 10-10 ਹਜ਼ਾਰ ਡਾਲਰ ਦੇ ਹਨ।
ਇਹਨਾਂ ਤਿੰਨ ਫਾਈਨਲਿਸਟਾਂ ਵਿਚ ਸ਼ਾਮਿਲ ਹਨ-
1 ਦੀਪਤੀ ਬਬੂਟਾ ਦੀ ਪੁਸਤਕ ”ਭੁੱਖ ਇਊਂ ਸਾਹ ਲੈਂਦੀ ਹੈ”
2. ਜਮੀਲ ਅਹਿਮਦ ਪਾਲ ਦੀ ਪੁਸਤਕ ”ਮੈਂਡਲ ਦਾ ਕਨੂੰਨ”
3. ਬਲੀਜੀਤ ਦੀ ਪੁਸਤਕ ”ਉਚੀਆਂ ਆਵਾਜ਼ਾਂ”
ਇਸ ਸਬੰਧੀ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਢਾਹਾਂ ਸਾਹਿਤ ਪੁਰਸਕਾਰ ਦੇ ਮੁੱਖ ਪ੍ਰਬੰਧਕ ਬਾਰਜ ਢਾਹਾਂ ਨੇ ਉਕਤ ਐਲਾਨ ਕਰਦਿਆਂ ਦੱਸਿਆ ਕਿ ਢਾਹਾਂ ਪੁਰਸਕਾਰ ਦੇ ਪਹਿਲੇ ਜੇਤੂ ਦਾ ਐਲਾਨ 16 ਨਵੰਬਰ 2023 ਨੂੰ 10ਵੇਂ ਇਨਾਮ ਵੰਡ ਸਮਾਗਮ ਦੌਰਾਨ ਕੀਤਾ ਜਾਵੇਗਾ। ਇਹ ਇਨਾਮ ਵੰਡ ਸਮਾਗਮ ਨਾਰਥਵਿਊ ਗੋਲਫ ਐਂਡ ਕੰਟਰੀ ਕਲੱਬ ਸਰੀ ਵਿਖੇ ਹੋਵੇਗਾ। ਇਸ ਮੌਕੇ ਗੀਤ ਸੰਗੀਤ ਪ੍ਰੋਗਰਾਮ ਦੇ ਨਾਲ  ਰਾਤ ਦਾ ਖਾਣਾ ਵੀ ਮਹਿਮਾਨਾਂ ਲਈ ਪਰੋਸਿਆ ਜਾਵੇਗਾ। ਕੈਨੇਡੀਅਨ ਜੰਮਪਲ ਆਰਟਿਸਟ  ਕੀਰਤ ਕੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰੇਗੀ।