Headlines

ਸੰਪਾਦਕੀ- ਮਾਮਲਾ ਸਾਬਕਾ ਨਾਜ਼ੀ ਸੈਨਿਕ ਦੇ ਸਨਮਾਨ ਦਾ -ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਤੇ ਇਤਿਹਾਸਕ ਦਾਗ…..

-ਸੁਖਵਿੰਦਰ ਸਿੰਘ ਚੋਹਲਾ—–

ਕੈਨੇਡਾ -ਭਾਰਤ ਦੁਵੱਲੇ ਸਬੰਧਾਂ ਵਿਚ ਆਏ ਤਣਾਅ ਦੌਰਾਨ ਰਾਹਤ ਭਰੀ ਖਬਰ ਹੈ ਕਿ ਪਿਛਲੇ ਦਿਨੀਂ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਵਲੋਂ ਯੂ ਐਨ ਓ ਤੇ ਅਮਰੀਕਾ ਦੌਰੇ ਦੌਰਾਨ ਜਿਥੇ ਭਾਰਤੀ ਪੱਖ ਰੱਖਿਆ ਉਥੇ ਉਹਨਾਂ ਦੋਵਾਂ ਮੁਲਕਾਂ ਵਿਚਾਲੇ ਗੱਲਬਾਤ ਦੀ ਟੇਬਲ ਉਪਰ ਆਉਣ ਦੀ ਗੱਲ ਵੀ ਕੀਤੀ ਹੈ। ਇਸਤੋਂ ਪਹਿਲਾਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਸਿੱਖ ਆਗੂ ਤੇ ਕੈਨੇਡੀਅਨ ਸ਼ਹਿਰੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿਚ ਭਾਰਤੀ ਹੱਥ ਹੋਣ ਦੇ ਦੋਸ਼ਾਂ ਦੀ ਸੂਹ ਫਾਈਵ ਆਈ ਮੁਲਕਾਂ ਤੋਂ ਪ੍ਰਾਪਤ ਹੋਣ ਬਾਰੇ ਕੀਤੇ ਗਏ ਖੁਲਾਸੇ ਨਾਲ ਇਹ ਗੱਲ ਹੁਣ ਲੁਕੀ ਛੁਪੀ ਨਹੀ ਰਹੀ ਕਿ ਕੈਨੇਡਾ ਨੂੰ ਇਹ ਜਾਣਕਾਰੀ ਅਮਰੀਕਾ ਨੇ ਹੀ ਮੁਹੱਈਆ ਕਰਵਾਈ ਹੈ। ਗਲੋਬਲ ਰਾਜਨੀਤੀ ਨੂੰ ਸਮਝਣ ਵਾਲੇ ਲੋਕ ਜਾਣਦੇ ਹਨ ਕਿ ਵਿਸ਼ਵ ਸ਼ਕਤੀਆਂ, ਵਿਕਾਸਸ਼ੀਲ ਤੇ ਤੀਸਰੀ ਦੁਨੀਆ ਦੇ ਮੁਲਕਾਂ ਨੂੰ ਕਿਵੇਂ ਚਲਾਉਂਦੀਆਂ ਤੇ ਆਪਣੇ ਹਿੱਤਾਂ ਦੀ ਸਿੱਧੀ ਲਈ ਉਲਝਾਉਂਦੀਆਂ ਹਨ। ਤੇ ਇਸ ਗਲੋਬਲ ਰਾਜਨੀਤੀ ਵਿਚ ਸੁਪਰ ਕੌਪ ਵਜੋਂ ਜਾਣੇ ਜਾਂਦੇ ਅਮਰੀਕਾ ਦੀ ਹੁਣ ਤੱਕ ਭੁਮਿਕਾ ਕੀ ਰਹੀ ਹੈ। ਇਹ ਵੀ ਗੂੱਝਾ ਨਹੀ।

ਜੋ ਵੀ ਹੈ ਕੈਨੇਡਾ ਦੀ ਮਾਨਵੀ ਹੱਕਾਂ ਦੇ ਅਲੰਬਰਦਾਰ ਵਜੋਂ ਆਪਣੀ ਇਕ ਪਛਾਣ ਅਤੇ ਇਤਿਹਾਸ ਹੈ। ਪਰ ਇਸ ਗੌਰਵਮਈ ਇਤਿਹਾਸ ਵਿਚ ਸਭ ਅੱਛਾ ਨਹੀ ਹੈ।  ਬੀਤੇ ਦਿਨੀਂ ਯੂਕਰੇਨ ਦੇ ਰਾਸ਼ਟਰਪਤੀ ਜੈਲੈਂਸਕੀ ਦੀ ਕੈਨੇਡਾ ਫੇਰੀ ਦੌਰਾਨ ਜੋ ਕੁਝ ਸਾਹਮਣੇ ਆਇਆ ਉਸਨੇ ਕੈਨੇਡੀਅਨ ਇਮੀਗ੍ਰੇਸ਼ਨ ਨੀਤੀ ਉਪਰ ਹੁਣ ਤੱਕ ਉਠਦੇ ਰਹੇ ਸਵਾਲਾਂ ਨੂੰ ਮੁੜ ਚਰਚਾ ਵਿਚ ਲੈਂ ਆਂਦਾ ਹੈ । ਰਾਸਟਰਪਤੀ ਜੈਲੈਂਸਕੀ ਦੀ ਹਾਜ਼ਰੀ ਵਿਚ ਹਾਊਸ ਆਫ ਕਾਮਨਜ਼ ਵਿਚ ਇਕ ਸਾਬਕਾ ਨਾਜ਼ੀ ਸੈਨਿਕ ਨੂੰ ਵਿਸ਼ੇਸ਼ ਸੱਦਾ ਦੇਣਾ ਤੇ ਫਿਰ ਉਸਨੂੰ ਯੂਕਰੇਨੀ ਹੀਰੋ ਤੇ ਕੈਨੇਡੀਅਨ ਹੀਰੋ ਵਜੋਂ ਤਾੜੀਆਂ ਦੀ ਗੂੰਜ ਵਿਚ ਸਨਮਾਨ ਦੇਣਾ, ਵਿਸ਼ਵ ਸਿਆਸਤ ਵਿਚ ਕੈਨੇਡੀਅਨ ਭੂਮਿਕਾ ਲਈ ਬਹੁਤ ਹੀ ਨਾਖੁਸ਼ਗਵਾਰ ਗੁਜ਼ਰਿਆ। ਸਾਬਕਾ ਨਾਜ਼ੀ ਸੈਨਿਕ ਯਾਰੋਸਲਵ ਹੁੰਕਾ ਦੇ ਪਿਛੋਕੜ ਅਤੇ ਅਸਲੀਅਤ ਬਾਰੇ ਜਾਣਦਿਆਂ ਸੱਤਾਧਾਰੀ ਲਿਬਰਲ ਪਾਰਟੀ ਦੇ ਮੈਂਬਰਾਂ ਨੇ ਵੀ ਪਾਰਟੀ ਪੱਧਰ ਤੋ ਉਪਰ ਉਠਦਿਆਂ ਇਸ ਘਟਨਾ ਦੀ ਨਿੰਦਾ ਕੀਤੀ। ਸਪੀਕਰ ਐਂਥਨੀ ਰੋਟਾ ਨੇ ਇਸ ਸਾਰੇ ਘਟਨਾਕ੍ਰਮ ਲਈ ਖੁਦ ਜ਼ਿੰਮੇਵਾਰੀ ਲੈਂਦਿਆਂ ਮੁਆਫੀ ਮੰਗੀ ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ । ਵਿਰੋਧੀ ਧਿਰਾਂ ਦੀ ਇਸਤੇ ਵੀ ਤਸੱਲੀ ਨਹੀ ਹੋਈ ਤਾਂ ਪ੍ਰਧਾਨ ਮੰਤਰੀ ਨੂੰ ਖੁਦ ਇਸ ਮੁੱਦੇ ਤੇ ਮੁਆਫੀ ਮੰਗਣੀ ਪਈ।

ਕੈਨੇਡੀਅਨ ਸੰਸਦ ਵਿਚ ਇਕ ਸਾਬਕਾ ਨਾਜ਼ੀ ਸੈਨਿਕ ਨੂੰ ਸਨਮਾਨ ਦੇਣ ਦਾ ਮੁੱਦਾ ਕੋਈ ਛੋਟੀ ਜਿਹੀ ਭੁੱਲ ਨਹੀ ਹੈ। ਭਾਵੇਂਕਿ ਇਹ ਭੁੱਲ ਪ੍ਰਧਾਨ ਮੰਤਰੀ ਦਫਤਰ ਜਾਂ ਸਪੀਕਰ ਦੇ ਸਟਾਫ ਵਲੋਂ ਕੀਤੀ ਗਈ ਹੋ ਸਕਦੀ ਹੈ ਪਰ ਇਸ ਭੁੱਲ ਨੇ ਉਹ ਕੁਝ ਉਜਾਗਰ ਕਰ ਦਿੱਤਾ ਹੈ ਜੋ ਹੁਣ ਤੱਕ ਇਮੀਗ੍ਰੇਸ਼ਨ ਦੀਆਂ ਫਾਈਲਾਂ ਵਿਚ ਗੁੰਮ ਸੀ। ਕੈਨੇਡਾ ਉਪਰ ਬੜੇ ਲੰਬੇ ਸਮੇਂ ਤੋ ਇਹ ਦੋਸ਼ ਲਗਦੇ ਰਹੇ ਹਨ ਕਿ ਨੁਕਸਦਾਰ ਇਮੀਗ੍ਰੇਸ਼ਨ ਨੀਤੀਆਂ ਕਾਰਣ ਕੈਨੇਡਾ ਅੰਡਰ ਵਰਲਡ ਤੇ ਜੰਗੀ ਅਪਰਾਧੀਆਂ ਦਾ ਸਵਰਗ ਬਣਿਆ ਰਿਹਾ ਹੈ। ਇਸ ਭੁੱਲ ਨੇ ਇਹ ਦੱਸ ਦਿੱਤਾ ਹੈ ਕਿ ਕੈਨੇਡਾ ਵਿਚ ਸਾਬਕਾ ਨਾਜ਼ੀ ਸੈਨਿਕ ਹੁੰਕਾ ਇਕੱਲਾ ਨਹੀ ਬਲਿਕ ਉਸਦੇ 600 ਦੇ ਕਰੀਬ ਹੋਰ ਅਜਿਹੇ ਸਾਥੀ ਹਨ ਜਿਹਨਾਂ ਨੇ ਦੂਸਰੀ ਵਿਸ਼ਵ ਜੰਗ ਦੀ ਸਮਾਪਤੀ ਉਪਰੰਤ ਕੈਨੇਡਾ ਦੀ ਇਮੀਗ੍ਰੇਸ਼ਨ ਹਾਸਲ ਕੀਤੀ। ਇਕ ਹੋਰ ਰਿਪੋਰਟ ਮੁਤਾਬਿਕ ਕੈਨੇਡਾ ਵਿਚ 2000 ਦੇ ਕਰੀਬ ਅਜਿਹੇ ਜੰਗੀ ਅਪਰਾਧੀਆਂ ਨੇ ਗਲਤ ਤਰੀਕੇ ਨਾਲ  ਜਾਂ ਅਸਲੀਅਤ ਛੁਪਾਕੇ ਇਮੀਗ੍ਰੇਸ਼ਨ ਹਾਸਲ ਕੀਤੀ। ਖਬਰਾਂ ਇਹ ਵੀ ਹਨ ਕਿ ਅਜਿਹੇ ਜੰਗੀ ਅਪਰਾਧੀਆਂ ਨੂੰ ਇਕ ਵਿਸ਼ੇਸ਼ ਨੀਤੀ ਤਹਿਤ ਕੈਨੇਡਾ ਵਿਚ ਪਨਾਹ ਦਿੱਤੀ ਗਈ। ਇਸ ਵਿਸ਼ੇਸ਼ ਨੀਤੀ ਦੇ ਪਿੱਛੇ ਕੋਈ ਹੋਰ ਨਹੀ ਬਲਿਕ ਅਮਰੀਕੀ ਖੁਫੀਆ ਏਜੰਸੀ ਦੀ ਅਹਿਮ ਭੂਮਿਕਾ  ਦਾ ਜ਼ਿਕਰ ਹੈ।

ਜ਼ਿਕਰਯੋਗ ਹੈ ਕਿ ਦੂਸਰੀ ਵਿਸ਼ਵ ਜੰਗ ਦੌਰਾਨ ਜਰਮਨੀ ਦੀ ਅਗਵਾਈ ਵਿਚ ਐਕਸਿਸ ਫੌਜਾਂ ( ਜਰਮਨੀ, ਇਟਲੀ, ਜਾਪਾਨ ਤੇ ਮਿੱਤਰ ਮੁਲਕ) ਦੇ ਵਿਚ ਸ਼ਾਮਿਲ ਨਾਜ਼ੀ ਸੈਨਿਕਾਂ ਨੇ ਅਲਾਇਡ ਫੌਜਾਂ ( ਬਰਤਾਨੀਆ, ਅਮਰੀਕਾ, ਰੂਸ ਤੇ ਮਿੱਤਰ ਮੁਲਕ) ਖਿਲਾਫ ਲੜਦਿਆਂ ਜਰਮਨੀ, ਪੋਲੈਂਡ ਤੇ ਯੂਕਰੇਨ ਵਿਚ ਲੱਖਾਂ ਯਹੂਦੀਆਂ ਨੂੰ ਮਾਰ ਮੁਕਾਇਆ ਸੀ। ਜਰਮਨੀ ਦੀ ਅਗਵਾਈ ਹੇਠ ਗਠਿਤ ਵਿਸ਼ੇਸ਼ ਦਸਤਾ 14 ਵੈਫਨ ਐਸ ਐਸ ਉਹ ਯੂਨਿਟ ਸੀ ਜਿਸ ਵਿਚ ਸਾਬਕਾ ਨਾਜ਼ੀ ਸੈਨਿਕ ਹੁੰਕਾ ਬਾਕਾਇਦਾ ਸ਼ਾਮਿਲ ਸੀ। ਇਸ ਦਸਤੇ ਉਪਰ ਯੂਕਰੇਨ ਦੇ ਇਕ ਪਿੰਡ ਵਿਚ ਹਮਲਾ ਕਰਕੇ ਹਜ਼ਾਰਾਂ ਯਹੂਦੀਆਂ ਨੂੰ ਕਤਲ ਕੀਤੇ ਜਾਣ ਦੇ ਦੋਸ਼ ਸਨ। ਇਤਿਹਾਸ ਗਵਾਹ ਹੈ ਕਿ ਨਾਜ਼ੀ ਫੌਜਾਂ ਨੇ ਦੂਸਰੀ ਵਿਸ਼ਵ ਜੰਗ ਦੌਰਾਨ 60 ਲੱਖ ਤੋ ਉਪਰ ਯਹੂਦੀਆਂ ਨੂੰ ਅਤਿ ਘਿਨਾਉਣੇ ਤਸੀਹੇ ਦਿੰਦਿਆਂ ਮਾਰ ਮੁਕਾਇਆ ਸੀ।

ਇਤਿਹਾਸ ਦਾ ਦੁਖਦਾਈ ਪਹਿਲੂ ਇਹ ਹੈ ਕਿ ਅਜਿਹੇ ਜੰਗੀ ਅਪਰਾਧੀਆਂ ਨੂੰ ਕੈਨੇਡਾ ਵਰਗੇ ਸ਼ਾਂਤੀ ਪਸੰਦ ਤੇ ਮਾਨਵੀ ਹੱਕਾਂ ਦੇ ਰਾਖੇ ਵਜੋਂ ਜਾਣੇ ਜਾਂਦੇ ਮੁਲਕ ਵਿਚ ਪਨਾਹ ਦਿੱਤੀ ਗਈ। ਇਹ ਜੰਗੀ ਅਪਰਾਧੀ 1944 ਦੇ ਨੇੜੇ ਤੇੜੇ ਕੈਨੇਡਾ ਵਿਚ ਪੁੱਜੇ। ਕੈਨੇਡਾ ਵਿਚ ਇਸ ਸਮੇਂ ਯੂਕਰੇਨੀ ਮੂਲ ਦੇ ਲਗਪਗ 20 ਲੱਖ ਲੋਕ ਹਨ। ਇਹਨਾਂ ਵਿਚ ਹਜ਼ਾਰਾਂ ਉਹ ਹਨ ਜਿਹਨਾਂ ਦਾ ਪਿਛੋਕੜ ਹੁੰਕਾ ਵਰਗੇ ਨਾਜ਼ੀ ਸੈਨਿਕਾਂ ਜਾਂ ਸਮਰਥਕਾਂ ਨਾਲ ਜੁੜਦਾ ਹੈ। ਕੁਝ ਅਖਬਾਰੀ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਕ ਸੀਨੀਅਰ ਕੈਬਨਿਟ ਮਨਿਸਟਰ ਦਾ ਦਾਦਾ ਵੀ ਇਕ ਨਾਜ਼ੀ-ਯੂਕਰੇਨੀ ਨੈਸ਼ਨਲਿਸਟ ਸੀ ਜੋ ਇਕ ਨਾਜ਼ੀ ਪੱਖੀ ਅਖਬਾਰ ਦਾ ਐਡੀਟਰ ਸੀ ਤੇ 1944 ਵਿਚ ਪਰਿਵਾਰ ਸਮੇਤ ਕੈਨੇਡਾ ਪੁੱਜਾ ਸੀ।

ਦੂਸਰੀ ਵਿਸ਼ਵ ਜੰਗ ਵਿਚ ਜਰਮਨੀ ਤੇ ਨਾਜ਼ੀ ਸੈਨਿਕਾਂ ਦੇ ਜੁਲਮਾਂ ਦਾ ਸ਼ਿਕਾਰ ਹੋਏ ਯਹੂਦੀਆਂ ਵਲੋਂ ਕੈਨੇਡਾ ਵਿਚ ਸਾਬਕਾ ਨਾਜ਼ੀ ਸੈਨਿਕਾਂ ਤੇ ਸਮਰਥਕਾਂ ਨੂੰ ਇਮੀਗ੍ਰੇਸ਼ਨ ਦਿੱਤੇ ਜਾਣ ਖਿਲਾਫ ਪਹਿਲਾਂ ਵੀ ਇਤਰਾਜ਼ ਪ੍ਰਗਟਾਏ ਗਏ ਸਨ। ਇਤਿਹਾਸ ਵਿਚ ਦਰਜ ਹੈ ਕਿ ਤਤਕਾਲੀ ਪ੍ਰਧਾਨ ਮੰਤਰੀ ਬਰਾਇਨ ਮਲਰੋਨੀ ਦੀ ਕੰਸਰਵੇਟਿਵ ਸਰਕਾਰ ਵਲੋਂ ਇਸਦੀ ਪੜਤਾਲ ਲਈ ਇਕ ਕਮਿਸ਼ਨ ਦਾ ਗਠਨ ਵੀ ਕੀਤਾ ਗਿਆ ਸੀ ਜਿਸਨੇ 1985 ਵਿਚ ਆਪਣੀ ਰਿਪੋਰਟ ਵਿਚ ਵਿਅਕਤੀਗਤ ਰੂਪ ਵਿਚ ਕਿਸੇ ਮਾਨਵੀ ਅਪਰਾਧ ਵਿਚ ਸ਼ਾਮਿਲ ਨਾ ਹੋਣ ਵਾਲੇ ਸਾਬਕਾ ਸੈਨਿਕਾਂ ਨੂੰ ਰਾਹਤ ਦਿੱਤੀ ਸੀ। ਪਰ ਕਿਹਾ ਜਾਂਦਾ ਹੈ ਕਿ ਕੈਨੇਡਾ ਵਿਚ ਪਨਾਹ ਲੈਣ ਵਾਲੇ ਸਾਬਕਾ ਨਾਜ਼ੀ ਸੈਨਿਕਾਂ ਨੇ ਇਮੀਗ੍ਰੇਸ਼ਨ ਅਰਜੀਆਂ ਵਿਚ ਆਪਣੀ ਅਸਲੀਅਤ ਨਹੀ ਦੱਸੀ।

ਤਾਜ਼ਾ ਖਬਰ ਹੈ ਕਿ ਪੋਲੈਂਡ ਦੇ ਇਕ ਮੰਤਰੀ ਨੇ ਸਾਬਕਾ ਨਾਜ਼ੀ ਸੈਨਿਕ ਹੁੰਕਾ ਦੀ ਸਪੁਰਦੀ ਲਈ ਅਪੀਲ ਦਾਇਰ ਕੀਤੀ ਹੈ। ਉਹਨਾਂ ਦਾ ਦੋਸ਼ ਹੈ ਕਿ ਹੁੰਕਾ ਉਸ ਨਾਜ਼ੀ ਯੂਨਿਟ ਦਾ ਮੈਂਬਰ ਸੀ ਜਿਸਨੇ ਪੋਲੈਂਡ ਵਿਚ ਹਜ਼ਾਰਾਂ ਯਹੂਦੀਆਂ ਦਾ ਕਤਲ ਕੀਤਾ। ਅਖਬਾਰੀ ਜਾਂ ਮੀਡੀਆ ਚਰਚਾ ਜਾਰੀ ਰੱਖਣ ਲਈ ਇਸ ਅਪੀਲ ਦੀ ਸੁਣਵਾਈ ਬਾਰੇ ਕੁਝ ਕਹਿਣਾ ਮੁਸ਼ਕਲ ਹੈ ਪਰ ਸੱਚਾਈ ਜੋ ਹੁਣ ਤੱਕ ਸਾਹਮਣੇ ਹੈ ਕਿ ਇਸ ਅਤਿ ਗੰਭੀਰ ਤੇ ਸੰਵੇਦਨਸ਼ੀਲ ਮੁੱਦੇ ਉਪਰ ਕੈਨੇਡੀਅਨ ਸਪੀਕਰ ਨੂੰ ਅਸਤੀਫਾ ਦੇਣਾ ਪਿਆ ਤੇ ਪ੍ਰਧਾਨ ਮੰਤਰੀ ਨੂੰ ਮੁਆਫੀ ਮੰਗਣੀ ਪਈ ਹੈ। ਇਸ ਮੁੱਦੇ ਨਾਲ ਯੂਕਰੇਨ ਦੇ ਰਾਸ਼ਟਰਪਤੀ ਜੈਲੈਂਸਕੀ ਦਾ ਕੈਨਡਾ ਦੌਰਾ ਕੁਝ ਹਾਸਲ ਕਰਨ ਦੀ ਥਾਂ ਬਦਨਾਮੀ ਵਧੇਰੇ ਖੱਟ ਗਿਆ। ਜੈਲੈਂਸਕੀ ਜੋ ਖੁਦ ਇਕ ਯਹੂਦੀ ਹਨ, ਨੂੰ ਮਹਾਂਸ਼ਕਤੀਆਂ ਦੀ ਮਦਦ ਦੇ ਭਰੋਸੇ ਨਾਲ ਆਪਣੇ ਲੋਕਾਂ ਦਾ ਭਰੋਸਾ ਜਿੱਤਣ ਵਿਚ ਵੀ ਕਈ ਉਲਝਣਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸਦੇ ਨਾਲ ਕੈਨੇਡਾ ਨੂੰ ਅਪਰਾਧੀਆਂ ਦਾ ਸਵਰਗ ਬਣਨ ਦੇ ਦੋਸ਼ਾਂ ਤੋ ਮੁਕਤ ਹੋਣ ਲਈ ਕੀ ਕਰਨਾ ਪਵੇਗਾ, ਕੁਝ ਕਹਿਣਾ ਮੁਸ਼ਕਲ ਹੈ ਪਰ ਇਮੀਗ੍ਰੇਸ਼ਨ ਇਤਿਹਾਸ ਉਪਰ ਲੱਗੇ  ਦਾਗ ਕੇਵਲ ਅਸਤੀਫਾ ਦੇਣ ਜਾਂ ਮੁਆਫੀ ਮੰਗਣ ਨਾਲ ਕਦੇ ਸਾਫ ਹੋਣ ਵਾਲੇ ਨਹੀਂ।