Headlines

ਗਿਆਨੀ ਕੇਵਲ ਸਿੰਘ ਨਿਰਦੋਸ਼ ਦਾ ਸਨਮਾਨ ਅਤੇ ਪੁਸਤਕ ਰਿਲੀਜ਼ ਸਮਾਰੋਹ

ਸਿੰਘ ਸਭਾ ਲਹਿਰ ਦੇ 150ਵੇਂ ਸਥਾਪਨਾ ਦਿਹਾੜੇ ਤੇ ਸ੍ਰੀ ਗੁਰੂ ਸਿੰਘ ਸਭਾ ਵਲੋਂ ਸਨਮਾਨ-
———————–
ਸਰੀ : (ਡਾ. ਗੁਰਵਿੰਦਰ ਸਿੰਘ ) ਪਹਿਲੀ ਅਕਤੂਬਰ 2023 ਨੂੰ ਸਿੰਘ ਸਭਾ ਲਹਿਰ ਦਾ ਜਿੱਥੇ 150ਵਾਂ ਸਥਾਪਨਾ ਦਿਹਾੜਾ ਸੀ, ਉੱਥੇ ਇਸ ਦਿਨ ‘ਤੇ ਹੀ ਅਹਿਮ ਸਮਾਗਮ ਹੋਏ, ਜਿਨਾਂ ਵਿੱਚ ਪੰਥਕ ਕਵੀ ਅਤੇ ਗੁਰਮਤਿ ਦੇ ਢਾਡੀ ਗਿਆਨੀ ਕੇਵਲ ਸਿੰਘ ਨਿਰਦੋਸ਼ ਦਾ ਸਨਮਾਨ ਕੀਤਾ ਗਿਆ ਅਤੇ ਉਹਨਾਂ ਦੀ ਪੁਸਤਕ ਰਿਲੀਜ਼ ਕੀਤੀ ਗਈ। ਸਿੱਖ ਪੰਥ ਦੇ ਲਿਖਾਰੀ ਅਤੇ ਉਸਤਾਦ ਢਾਡੀ ਗਿਆਨੀ ਕੇਵਲ ਸਿੰਘ ਨਿਰਦੋਸ਼ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ। ਪਿਛਲੇ ਕੁਝ ਅਰਸੇ ਤੋਂ ਗਿਆਨੀ ਨਿਰਦੋਸ਼ ਜੀ ਦੀ ਸਿਹਤ ਨਾਸਾਜ਼ ਚੱਲ ਰਹੀ ਹੈ, ਪਰ ਮਾਨਸਿਕ ਤੌਰ ਤੇ ਪੂਰੀ ਚੜ੍ਹਦੀ ਕਲਾ ਵਿੱਚ ਹਨ।
ਸਿੰਘ ਸਭਾ ਲਹਿਰ ਦੇ 150ਵੇਂ ਸਥਾਪਨਾ ਦਿਹਾੜੇ ‘ਤੇ ਸ੍ਰੀ ਗੁਰੂ ਸਿੰਘ ਸਭਾ ਸਰੀ ਦੀ ਸੰਗਤ ਤੇ ਪ੍ਰਬੰਧਕ ਸਾਹਿਬਾਨ ਵੱਲੋਂ ਗਿਆਨੀ ਕੇਵਲ ਸਿੰਘ ਨਿਰਦੋਸ਼ ਨੂੰ ਸਨਮਾਨ ਪੱਤਰ ਦੇ ਨਾਲ, ਇੱਕ ਹਜ਼ਾਰ ਡਾਲਰ ਦੇ ਕੇ ਭਰੀ ਸੰਗਤ ਵਿੱਚ ਸਨਮਾਨਿਆ ਗਿਆ। ਮਗਰੋਂ ਗਿਆਨੀ ਕੇਵਲ ਸਿੰਘ ਨਿਰਦੋਸ਼ ਦੀ ਕਿਤਾਬ ਸਲੋਕ ਵਾਰਾਂ ਤੇ ਵਧੀਕ ( ਭਾਵ ਅਰਥੀ ਕਾਵਿ ਵਿਆਖਿਆ ) ਦਾ ਲੋਕ ਅਰਪਣ ਸਮਾਗਮ ਖਾਲਸਾ ਲਾਇਬ੍ਰੇਰੀ, ਸਰੀ ਵਿਖੇ ਕੀਤਾ ਗਿਆ। ਇਸ ਮੌਕੇ ਪਰਮਜੀਤ ਸਿੰਘ ਦੂਲੇ ਤੇ ਪਰਮਿੰਦਰ ਸਿੰਘ ਕੰਗ ਦੇ ਢਾਡੀ ਜਥੇ ਨੇ ਗਿਆਨੀ ਕੇਵਲ ਸਿੰਘ ਨਿਰਦੋਸ਼ ਰਚਿਤ ਦੋ ਰਚਨਾਵਾਂ ਦਾ ਗਾਇਨ ਕੀਤਾ।
ਉਪਰੰਤ ਗਿਆਨੀ ਨਿਰਦੋਸ਼ ਨੇ ਸਿਹਤ ਚੁਣੌਤੀਆਂ ਦੇ ਬਾਵਜੂਦ ਲਿਖਣ ਸੰਘਰਸ਼ ਬਾਰੇ ਰੋਸ਼ਨੀ ਪਾਈ ਅਤੇ ਆਪਣੀ ਪੁਸਤਕ ਸਲੋਕ ਵਾਰਾਂ ਤੇ ਵਧੀਕ ( ਭਾਵ ਅਰਥੀ ਕਾਵਿ ਵਿਆਖਿਆ ) ਬਾਰੇ ਵਿਚਾਰ ਚਰਚਾ ਕੀਤੀ। ਇਸ ਮੌਕੇ ‘ਤੇ ਬੁਲਾਰਿਆਂ ਵਿਚ ਗਿਆਨੀ ਜਸਬੀਰ ਸਿੰਘ ਅਕਾਲੀ ਸਿੰਘ ਗੁਰਦੁਆਰਾ ਸਾਹਿਬ ਦੇ ਹੈਡ ਗਰੰਥੀ, ਡਾ. ਗੁਰਵਿੰਦਰ ਸਿੰਘ, ਅਮਰੀਕ ਸਿੰਘ ਪਲਾਹੀ, ਮੋਹਨ ਸਿੰਘ ਗਿੱਲ, ਜਰਨੈਲ ਸਿੰਘ ਸੇਖਾ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਸ਼ਾਮਲ ਸਨ।
ਹਾਜ਼ਰ ਸਰੋਤਿਆਂ ਵਿਚ ਜਰਨੈਲ ਸਿੰਘ ਚਿੱਤਰਕਾਰ, ਵਕੀਲ ਅਮਰਜੀਤ ਸਿੰਘ ਚੀਮਾ ਤੇ ਉਹਨਾਂ ਦੇ ਸੁਪਤਨੀ, ਪਰਮਜੀਤ ਸਿੰਘ, ਗਿਆਨੀ ਹਰਬੰਸ ਸਿੰਘ ,ਦਸ਼ਮੇਸ਼ ਦਰਬਾਰ ਸਰੀ ਦੇ ਹੈਡ ਗਰੰਥੀ, ਡਾ: ਪ੍ਰਿਥੀਪਾਲ ਸਿੰਘ ਸੋਹੀ, ਕਵਿੰਦਰ ਚਾਂਦ, ਗੁਰਚਰਨ ਸਿੰਘ ਸੇਖੋਂ ਅਤੇ ਕਈ ਹੋਰ ਸਾਹਿਤ ਪ੍ਰੇਮੀ ਪਰਿਵਾਰਾਂ ਸਮੇਤ ਆਏ। ਇੱਥੇ ਜ਼ਿਕਰਯੋਗ ਹੈ ਕਿ ਸਲੋਕ ਵਾਰਾਂ ਤੇ ਵਧੀਕ ਦੀ ਛਪਾਈ ਤੇ ਸ਼ਿਪਿੰਗ ਦਾ ਸਾਰਾ ਖਰਚ ਗੁਰਸਿੱਖ ਜੋੜੀ ਅਵਤਾਰ ਸਿੰਘ ਔਜਲਾ ਤੇ ਬੀਬੀ ਮਨਜੀਤ ਕੌਰ ਔਜਲਾ ਨੇ ਕੀਤਾ। ਸਮਾਗਮ ਦਾ ਪ੍ਰਬੰਧ ਲਖਜੀਤ ਸਿੰਘ ਸਾਰੰਗ ਨੇ ਕੀਤਾ। ਸਮਾਗਮ ਦਾ ਸੰਚਾਲਨ ਡਾ: ਰਮਿੰਦਰਪਾਲ ਸਿੰਘ ਕੰਗ ਨੇ ਬਾਖ਼ੂਬੀ ਨਿਭਾਇਆ।