Headlines

ਸਾਡਾ ਰਿਸ਼ਤਾ ਇਨਸਾਨੀਅਤ ਦਾ ਰਿਸ਼ਤਾ ਹੈ , ਇਹ ਟੁੱਟਣ ਵਾਲਾ ਨਹੀਂ – ਅਖ਼ਤਰ ਹੁਸੈਨ ਸੰਧੂ

ਸਰੀ, 2 ਅਕਤੂਬਰ (ਹਰਦਮ ਮਾਨ)-‘ਸਾਡਾ ਰਿਸ਼ਤਾ ਇਨਸਾਨੀਅਤ ਦਾ ਰਿਸ਼ਤਾ ਹੈ, ਅਸੀਂ ਪੰਜਾਬ ਦੇ ਪੁੱਤਰ/ਧੀਆਂ ਹਾਂ, ਪੰਜਾਬ ਦੀ ਧਰਤੀ ਅਤੇ ਪੰਜਾਬੀ ਬੋਲੀ ਸਾਡੀ ਮਾਂਵਾਂ ਹਨ। ਇਹ ਬਹੁਤ ਹੀ ਗਹਿਰਾ ਰਿਸ਼ਤਾ ਟੁੱਟਣ ਵਾਲਾ ਨਹੀਂ’। ਇਹ ਲਫ਼ਜ਼ ਲਹਿੰਦੇ ਪੰਜਾਬ ਦੇ ਨਾਮਵਰ ਵਿਦਵਾਨ ਅਤੇ ਇਤਿਹਾਸਕਾਰ ਡਾ. ਅਖ਼ਤਰ ਹੁਸੈਨ ਸੰਧੂ ਨੇ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਉਨ੍ਹਾਂ ਦੇ ਮਾਣ ਵਿਚ ਕਰਵਾਏ ਇਕ ਸਮਾਗਮ ਵਿਚ ਬੋਲਦਿਆਂ ਕਹੇ। ਉਨ੍ਹਾਂ ਕਿਹਾ ਕਿ 1947 ਦਾ ਦੁਖਾਂਤ ਵਾਪਰਿਆ, ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗਾਂ ਵੀ ਹੋਈਆਂ ਪਰ ਪੰਜਾਬੀਆਂ ਦਾ ਰਿਸ਼ਤਾ ਫਿੱਕਾ ਨਹੀਂ ਪਿਆ। 76 ਸਾਲਾਂ ਤੋਂ ਵਿਛੜੇ ਪੰਜਾਬੀਆਂ ਦਾ ਅੱਜ ਵੀ ਕਰਤਾਰਪੁਰ ਦੇ ਲਾਂਘੇ ਰਾਹੀਂ ਮਿਲਾਪ ਹੋ ਰਿਹਾ ਹੈ। ਕਰਤਾਰਪੁਰ ਦੇ ਲਾਂਘੇ ਬਾਰੇ ਉਨ੍ਹਾਂ ਕਿਹਾ ਕਿ ਅਸਲ ਵਿਚ ਇਹ ਸਭ ਗੁਰੂ ਨਾਨਕ ਦੇਵ ਜੀ ਦੇ ਪੈਗ਼ਾਮ ਸਦਕਾ ਹੀ ਸੰਭਵ ਹੋ ਸਕਿਆ ਹੈ ਅਤੇ ਰਾਜਨੀਤੀ ਨੂੰ ਮਾਤ ਪਈ ਹੈ।

ਡਾ. ਅਖ਼ਤਰ ਹੁਸੈਨ ਸੰਧੂ ਨੇ ਕਿਹਾ ਕਿ ਗੁਰਦੁਆਰੇ ਅਸਲ ਵਿਚ ਕਮਿਊਨਿਟੀ ਸੈਂਟਰ ਹਨ ਅਤੇ ਇਨ੍ਹਾਂ ਦੇ ਬੂਹੇ ਸਭਨਾਂ ਲਈ ਖੁੱਲ੍ਹੇ ਹਨ, ਲੰਗਰ ਦੀ ਮਹਾਨ ਪਰੰਪਰਾ ਸਦਕਾ ਇਹ ਇਨਸਾਨੀਅਤ ਦਾ ਕੇਂਦਰ ਬਣ ਗਏ ਹਨ। ਏਸੇ ਕਰਕੇ ਹੀ ਪੰਜਾਬ ਚੋਂ ਇਨਸਾਨੀਅਤ ਦੀ ਉੱਠਣ ਵਾਲੀ ਆਵਾਜ਼ ਅੱਜ ਦੁਨੀਆਂ ਭਰ ਵਿਚ ਗੂੰਜ ਰਹੀ ਹੈ। ਉਨ੍ਹਾਂ ਕਿਹਾ ਕਿ ਮੁਹੱਬਤਾਂ ਵੰਡਣਾ ਮਨੁੱਖਤਾ ਦਾ ਕਾਰਜ ਹੈ ਅਤੇ ਆਉਣ ਵਾਲੀ ਪੀੜ੍ਹੀ ਤੱਕ ਸਾਡੀ ਬੋਲੀ, ਸਾਡੇ ਸੱਭਿਆਚਾਰ ਅਤੇ ਇਨਸਾਨੀਅਤ ਦਾ ਪਾਸਾਰ ਕਰਨਾ ਅਤੇ ਗੁਰੂਆਂ ਵੱਲੋਂ ਜਾਤ ਪਾਤ ਅਤੇ ਜ਼ੁਲਮ ਦੇ ਖ਼ਿਲਾਫ਼ ਦਿੱਤੇ ਪੈਗ਼ਾਮ ਨੂੰ ਲੈ ਕੇ ਅੱਗੇ ਚੱਲਣਾ ਏਹੀ ਸਾਡੀ ਰੀਤ ਹੈ।

ਚੜ੍ਹਦੇ ਪੰਜਾਬ ਤੋਂ ਆਈ ਵਿਦਵਾਨ ਡਾ. ਪਰਮਜੀਤ ਕੌਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਵਿਦੇਸ਼ਾਂ ਵਿਚ ਵਸਦੇ ਸਿੱਖ ਭਾਈਚਾਰੇ ਵਿਚਲੀ ਨਿਮਰਤਾ ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਆਪਸ ਵਿਚ ਜੁੜ ਕੇ ਰਹਿਣ ਦੀ ਕਾਮਨਾ ਕੀਤੀ। ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਇਸ ਮੌਕੇ ਦੋਹਾਂ ਵਿਦਵਾਨਾਂ ਦਾ ਸਨਮਾਨ ਕੀਤਾ ਗਿਆ। ਸੁਸਾਇਟੀ ਦੇ ਪਬਲਿਕ ਰਿਲੇਸ਼ਨ ਸਕੱਤਰ ਸੁਰਿੰਦਰ ਸਿੰਘ ਜੱਬਲ ਅਤੇ ਨਾਮਵਰ ਸਿੱਖ ਚਿੰਤਕ ਜੈਤੇਗ ਸਿੰਘ ਅਨੰਤ ਨੇ ਦੋਹਾਂ ਵਿਦਵਾਨਾਂ ਸ਼ਖ਼ਸੀਅਤਾਂ ਬਾਰੇ ਸੰਖੇਪ ਜਾਣ ਪਛਾਣ ਕਰਵਾਈ।