Headlines

3 ਨਵੰਬਰ ਨੂੰ ਰੀਲੀਜ਼ ਹੋਵੇਗੀ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਤੇ ਅਧਾਰਿਤ ਫਿਲਮ-ਸਰਾਭਾ

-ਸਰਾਭਾ ਅਤੇ ਗ਼ਦਰ ਲਹਿਰ ਦਾ ਇਤਿਹਾਸਕ ਦਸਤਾਵੇਜ ਹੈ ‘ਸਰਾਭਾ’ ਫਿਲਮ – ਕਵੀ ਰਾਜ-

ਸਰੀ, 4 ਅਕਤੂਬਰ (ਹਰਦਮ ਮਾਨ)-‘ਸਰਾਭਾ’ ਇਕ ਅਜਿਹੀ ਫਿਲਮ ਹੈ ਜਿਸ ਵਿਚ ਦਰਸ਼ਕਾਂ ਨੂੰ ਕਰਤਾਰ ਸਿੰਘ ਸਰਾਭਾ ਅਤੇ ਗ਼ਦਰ ਲਹਿਰ ਦੇ ਸਹੀ ਇਤਿਹਾਸ ਨੂੰ ਵੇਖਣ, ਸਮਝਣ ਦਾ ਮੌਕਾ ਮਿਲੇਗਾ। ਇਹ ਸ਼ਬਦ ‘ਸਰਾਭਾ’ ਫਿਲਮ ਦੇ ਪ੍ਰੋਡਿਊਸਰ, ਡਾਇਰੈਕਟਰ ਅਤੇ ਲੇਖਕ ਕਵੀ ਰਾਜ ਨੇ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਦੱਸਿਆ ਕਿ ਉਹ ਖ਼ੁਦ ਗ਼ਦਰ ਲਹਿਰ ਨਾਲ ਲੰਮੇਂ ਸਮੇਂ ਤੋਂ ਜੁੜੇ ਹੋਏ ਹਨ ਅਤੇ ਗ਼ਦਰ ਲਹਿਰ ਦੇ ਸਰਗਰਮ ਕਾਮੇ ਕੇਸਰ ਸਿੰਘ ਢਿੱਲੋਂ, ਹਜ਼ਾਰਾ ਸਿੰਘ ਜੰਡਾ ਸਮੇਤ ਇਸ ਲਹਿਰ ਦੇ ਕਈ ਮੈਂਬਰਾਂ ਨੂੰ ਮਿਲ ਕੇ ਇਸ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਇਸ ਲਹਿਰ ਬਾਰੇ ਬਹੁਤ ਕੁਝ ਪੜ੍ਹਨ ਤੋਂ ਬਾਅਦ ਹੀ ਇਸ ਨੂੰ ਫਿਲਮ ਰਾਹੀਂ ਪੇਸ਼ ਕਰਨ ਦਾ ਯਤਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਗ਼ਦਰੀ ਬਾਬਿਆਂ ਬਾਰੇ ਲੋਕਾਂ ਵਿਚ ਕਈ ਗ਼ਲਤ ਧਾਰਨਾਵਾਂ ਹਨ ਕਿ ਉਹ ਕਮਿਊਨਿਸਟ ਸਨ, ਸੋਸ਼ਲਲਿਸਟ ਸਨ ਪਰ ਗ਼ਦਰ ਲਹਿਰ ਵਿਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲੇ ਜਵਾਲਾ ਸਿੰਘ, ਵਿਸਾਖਾ ਸਿੰਘ 1912 ਵਿਚ ਅਮਰੀਕਾ ਵਿਚ ਗੁਰਦੁਆਰਾ ਸਟਾਕਟਨ ਬਣਾਉਣ ਵਾਲੇ ਬਾਨੀਆਂ ਵਿੱਚੋਂ ਸਨ। ਅਸਲ ਵਿਚ ਗ਼ਦਰੀ ਬਾਬੇ ਰੱਬ ਨੂੰ ਮੰਨਣ ਵਾਲੇ ਸਿੱਖ ਸਰਦਾਰ ਸਨ। ਇਹ ਫਿਲਮ ਸਹੀ ਇਤਿਹਾਸਕ ਤੱਥਾਂ ਨੂੰ ਉਭਾਰਨ ਦਾ ਹੀ ਇਕ ਯਤਨ ਹੈ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿਚ ਕਵੀ ਰਾਜ ਨੇ ਕਿਹਾ ਕਿ ਗ਼ਦਰ ਲਹਿਰ ਬੜੀ ਐਕਸ਼ਨ ਭਰਪੂਰ ਸੀ ਅਤੇ ਉਸ ਵਿਚ ਆਜ਼ਾਦੀ ਪ੍ਰਤੀ ਬੇਹੱਦ ਰੁਮਾਂਸ ਸੀ, ਇਸ ਕਰ ਕੇ ਫਿਲਮ ਬਣਾਉਣ ਸਮੇਂ ਕੋਈ ਵਾਧੂ ਡਰਾਮਾ ਸਿਰਜਣ ਦੀ ਲੋੜ ਨਹੀਂ ਪਈ। ਉਨ੍ਹਾਂ ਪੱਤਰਕਾਰਾਂ ਤੋਂ ਸਹਿਯੋਗ ਦੀ ਮੰਗ ਕੀਤੀ ਅਤੇ 3 ਨਵੰਬਰ 2023 ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਬਾਰੇ ਵੱਧ ਤੋਂ ਵੱਧ ਲੋਕਾਂ ਤੱਕ ਜਾਣਕਾਰੀ ਪੁਚਾਉਣ ਦੀ ਅਪੀਲ ਕੀਤੀ।

ਇਸ ਫਿਲਮ ਦੇ ਸਹਾਇਕ ਪ੍ਰੋਡਿਊਸਰ ਜਤਿੰਦਰ ਜੇ ਮਿਨਹਾਸ ਨੇ ਕਿਹਾ ਕਿ ਸਰਾਭਾ ਇਕ ਸਪੈਸ਼ਲ ਫਿਲਮ ਹੈ ਅਤੇ ਇਸ ਦੀ ਬਹੁਤੀ ਸ਼ੂਟਿੰਗ ਬੀ.ਸੀ. ਵਿਚ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਹਲਕੀਆਂ ਫੁਲਕੀਆਂ ਹਾਸੇ ਮਜ਼ਾਕ ਵਾਲੀਆਂ ਫਿਲਮਾਂ ਦੀ ਬਜਾਏ ਅਜਿਹੀਆਂ ਮਹੱਤਵਪੂਰਨ ਅਤੇ ਸੰਜੀਦਾ ਫਿਲਮਾਂ ਨੂੰ ਤਰਜੀਹ ਦੇਈਏ। ਫਿਲਮ ਦੇ ਸਹਾਇਕ ਪ੍ਰੋਡਿਊਸਰ ਅੰਮ੍ਰਿਤ ਸਰਾਭਾ ਨੇ ਵੀ ਫਿਲਮ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਮੀਡੀਆ ਕਰਮੀ ਗੁਰਸ਼ਰਨ ਮਾਨ ਨੇ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਕਵੀ ਰਾਜ ਬਾਰੇ ਦੱਸਿਆ ਕਿ ਉਹ ਹੌਲੀਵੁੱਡ ਦੇ ਨਾਮਵਰ ਨਿਰਮਾਤਾ ਅਤੇ ਐਕਟਰ ਹਨ।