Headlines

ਸਰੀ ਵਿਚ “ਭੋਟੂ ਸ਼ਾਹ ਦਾ ਰੇਡਿਉ” ਲਾਈਵ ਸ਼ੋਅ ਯਾਦਗਾਰੀ ਹੋ ਨਿਬੜਿਆ

ਲੀਓ ਫੋਕ ਮੀਡੀਆ ਤੇ ਐਸ ਐਮ ਆਰ ਇੰਟਰਟੇਨਮੈਂਟ ਕੈਨੇਡਾ ਦੀ ਸ਼ਾਨਦਾਰ ਪੇਸ਼ਕਸ਼-
ਸਰੀ ( ਮਹੇਸ਼ਇੰਦਰ ਸਿੰਘ ਮਾਂਗਟ)- ਲੀਓ ਫੋਕ ਮੀਡੀਆ ਅਤੇ ਐਸ ਐਮ ਆਰ ਇੰਟਰਟੇਨਮੈਟ ਕੈਨੇਡਾ ਵੱਲੋਂ ਕਰਵਾਏ ਗਏ ਸੁਪਰਹਿੱਟ ਲਾਈਵ ਕਮੇਡੀ ਸ਼ੋਅ “ ਭੋਟੂ ਦਾ ਰੇਡੀਓ” ਦੇ ਚਰਚੇ ਹਰ ਪਾਸੇ ਹੋ ਰਹੇ ਹਨ । ਹਾਸਰਸ ਨਾਲ ਭਰਪੂਰ ਇਸ ਸ਼ੋਅ ਨੂੰ ਗੀਤਕਾਰ  ਸੁੱਖੂ ਨੰਗਲ ਅਤੇ ਪੱਪੂ ਜੋਗਰ ਵੱਲੋਂ ਸੈਂਟਰ ਸਟੇਜ ਸਰ੍ਹੀ ਸਿਟੀ ਹਾਲ , ਸਰ੍ਹੀ ਬੀ. ਸੀ (ਕਨੇਡਾ) ਦੇ ਆਡੀਟੋਰੀਅਮ ਵਿੱਖੇ ਬਹੁਤ ਵਧੀਆ ਤਰੀਕੇ ਨਾਲ ਦਰਸ਼ਕਾਂ ਦੇ ਰੁਬਰੂ ਕੀਤਾ ਗਿਆ । ਇਸ ਕਮੇਡੀ ਪਲੇਅ ਵਿੱਚ ਪੰਜਾਬੀਆਂ ਦੇ ਦਿਲਾਂ ਤੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਰਾਜ ਕਰ ਰਹੇ ਕਮੇਡੀ ਕਿੰਗ ਭੋਟੂ ਸ਼ਾਹ ਦੀ ਟੀਮ ਨੇ ਦੋ ਘੰਟੇ ਤੋਂ ਵੀ ਵੱਧ ਸਮੇਂ ਤੱਕ ਥੀਏਟਰ ਅੰਦਰ ਮੌਜੂਦ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਈ ਰੱਖੀਆਂ ਤੇ ਸਾਰਾ ਸਮਾਂ ਹਾਲ ਦਰਸ਼ਕਾਂ ਦੀਆਂ ਤਾੜੀਆਂ ਤੇ ਠਹਾਕਿਆਂ ਨਾਲ ਗੂੰਜਦਾ ਰਿਹਾ । ਕਮੇਡੀ ਕਿੰਗ ਭੋਟੂ ਸ਼ਾਹ ਦੇ ਨਾਲ ਬਹੁਪੱਖੀ ਅਦਾਕਾਰਾ ਕਵਿਤਾ ਭੱਲਾ ਅਤੇ ਨਿਵੇਕਲੀ ਸ਼ਖਸ਼ੀਅਤ ਦੇ ਮਾਲਕ ਅਦਾਕਾਰ ਵਿਕਾਸ ਨੇਬ ਨੇ ਵੀ ਵੱਖੋ ਵੱਖਰੇ ਕਿਰਦਾਰਾਂ ਨਾਲ ਦਰਸ਼ਕਾਂ ਖੂਬ ਮੰਨੋਰੰਜਨ ਕੀਤਾ। ਬਹੁਪੱਖੀ ਕਲਾ ਦੇ ਮਾਲਕ ਕਮੇਡੀ ਕਿੰਗ ਭੋਟੂ ਸ਼ਾਹ ਨੇ ਆਪਣੇ ਬਹੁਚਰਚਿਤ ਰਹੇ ਭਈਆਂ ਦੇ ਕਿਰਦਾਰ ਦੇ ਨਾਲ ਨਾਲ ਰਾਜਨੀਤਕ ਨੇਤਾਵਾਂ ਤੇ ਖੁੱਲ ਕੇ ਸਟਾਇਰ ਕੀਤਾ  ਤੇ ਭੋਟੂ ਸ਼ਾਹ ਹੋਰਾਂ ਵੱਲੋਂ ਨਿਭਾਏ ਗਏ ਹਰ ਨਿਵੇਕਲੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਤਾੜੀਆਂ ਦੀ ਗੂੰਜ ਨਾਲ ਖੂਬ ਸਰਾਹਿਆ ਗਿਆ । ਦਰਸ਼ਕ ਸ਼ੋਅ ਦੀ ਸ਼ੁਰੂਆਤ ਤੋ ਲੈ ਕੇ ਅੰਤ ਤੱਕ ਸ਼ੋਅ ਦਾ ਆਨੰਦ ਮਾਣਦੇ ਰਹੇ। ਜਿੱਥੇ ਇਹ ਸ਼ੋਅ ਹਾਸਰਸ ਨਾਲ ਭਰਪੂਰ ਸੀ ਉੱਥੇ ਦਰਸ਼ਕਾਂ ਦੇ ਮੰਨੋਰੰਜਨ ਲਈ “ ਫੁਕਰੇ” ਗੀਤ ਨਾਲ ਚਰਚਾ ਵਿੱਚ ਆਏ ਗਾਇਕ ਰਾਜ ਇੰਦਰ ਅਤੇ ਗਾਇਕ ਪੱਪੂ ਜੋਗਰ ਨੇ ਵੀ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਖੂਬ ਮੰਨੋਰੰਜਨ ਕੀਤਾ । ਇਸ ਦੇ ਨਾਲ ਹੀ ਇਸ ਸ਼ੋਅ ਨੂੰ ਮਾਡਲ ਤੇ ਡਾਂਸਰ “ ਰੋਜੀ ਆਰੋੜਾ “ ਨੇ ਆਪਣੀਆਂ ਮਨਮੋਹਕ ਡਾਂਸ ਅਦਾਵਾਂ ਦੇ ਨਾਲ ਹੋਰ ਵੀ ਖੂਬਸੂਰਤ ਬਣਾਇਆ । ਦਰਸ਼ਕਾਂ ਵੱਲੋਂ ਗਾਇਕ ਰਾਜ ਇੰਦਰ ਅਤੇ ਪੱਪੂ ਜੋਗਰ ਦੇ ਗੀਤਾਂ ਤੇ ਰੋਜੀ ਅਰੋੜਾ ਵੱਲੋਂ ਕੀਤੇ ਗਏ ਡਾਂਸ ਨੂੰ ਬਹੁਤ ਪਸੰਦ ਕੀਤਾ ਗਿਆ ।ਕਮੇਡੀ ਕਿੰਗ ਭੋਟੀ ਸ਼ਾਹ ਨੇ ਵੱਖ ਵੱਖ ਕਿਰਦਾਰ ਨਿਭਾਅ ਕੇ ਆਪਣੀ ਕਲਾ ਦਾ ਲੋਹਾ ਮਨਵਾਇਆ । ਇਸ ਪਲੇਅ ਦੌਰਾਨ ਬੈਕਗਰਾਊਂਡ ਮਿਊਜ਼ਿਕ ਦੀ ਦੇਖ ਰੇਖ ਗਗਨ ਵੱਲੋਂ ਕੀਤੀ ਗਈ ਤੇ ਸਟੇਜ ਦੀ ਕਾਰਗੁਜ਼ਾਰੀ ਨੂੰ “ਅਰਸ਼ ਪੰਜਾਬੀ “ ਵੱਲੋਂ ਬਾਖੂਬੀ ਨਿਭਾਇਆ ਗਿਆ । ਸ਼ੋਅ ਦੇ ਅੰਤ  ਵਿੱਚ ਲ਼ੀਓ ਫੋਕ ਮੀਡੀਆ ਦੇ ਡਾਇਰੈਕਟਰ ਗੀਤਕਾਰ “ ਸੁੱਖੂ ਨੰਗਲ “ ਅਤੇ ਗਾਇਕ ਪੱਪੂ ਜੋਗਰ ਵੱਲੋਂ ਆਏ ਹੋਏ ਸਾਰੇ ਦਰਸ਼ਕਾਂ ਅਤੇ ਸ਼ੋਅ ਨੂੰ ਸਪੌਸਰ ਕਰਨ ਵਾਲੇ ਸਾਰੇ ਸਪੌਸਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਅੱਗੇ ਤੋਂ ਵੀ ਇਸ ਤਰਾਂ ਦੇ ਸਾਫ- ਸੁੱਥਰੇ ਸ਼ੋਅ ਲੈ ਕੇ ਆਉਣ ਦਾ ਵਾਅਦਾ ਕੀਤਾ ਗਿਆ।