Headlines

ਪੰਜਾਬ ਭਵਨ ਸਰੀ ‘ਚ ਅਸ਼ੋਕ ਬਾਂਸਲ ਦੀ ਪੁਸਤਕ ‘ਮਿੱਟੀ ਨੂੰ ਫਰੋਲ ਜੋਗੀਆ’ ਤੇ ਵਿਚਾਰ ਚਰਚਾ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ)-ਬੀਤੇ ਦਿਨੀ ਪੰਜਾਬ ਭਵਨ ਸਰੀ ਵਿਖੇ ਅਸ਼ੋਕ ਬਾਂਸਲ ਮਾਨਸਾ ਦੀ ਪੁਰਾਣੇ ਗੀਤਕਾਰਾਂ ਦੀ ਖੋਜ ਪੁਸਤਕ “ਮਿੱਟੀ ਨੂੰ ਫਰੋਲ ਜੋਗੀਆ”ਦੇ ਰਿਲੀਜ ਮੌਕੇ ਵਿਚਾਰ ਚਰਚਾ ਸਬੰਧੀ ਸਮਾਗਮ ਕਰਵਾਇਆ ਗਿਆ । ਜਿਸ ਵਿੱਚ ਪੰਜਾਬ ਭਵਨ ਦੇ ਸੰਸਥਾਪਕ ਸੁੱਖੀ ਬਾਠ, ਡਾ.ਸਾਹਿਬ ਸਿੰਘ,ਕਵਿੰਦਰ ਚਾਂਦ, ਅਮਰੀਕ ਪਲਾਹੀ ,ਦਵਿੰਦਰ ਸਿੰਘ ਬੈਨੀਪਾਲ,ਪ੍ਰੋ ਅਵਤਾਰ ਸਿੰਘ ਵਿਰਦੀ ਤੋਂ ਇਲਾਵਾ ਸੰਗੀਤ ਪ੍ਰੇਮੀ ਵੀ ਸ਼ਾਮਲ ਹੋਏ।ਵੱਖ- ਵੱਖ ਬੁਲਾਰਿਆ ਨੇ “ਮਿੱਟੀ ਨੂੰ ਫਰੋਲ ਜੋਗੀਆ “ ਸੰਬੰਧੀ ਬੋਲਦਿਆਂ ਕਿਹਾ ਕਿ  ਅਸ਼ੋਕ ਬਾਂਸਲ ਮਾਨਸਾ ਦੀ ਇਹ ਪੁਸਤਕ ਉਨ੍ਹਾਂ ਵੀਹ ਪੁਰਾਣੇ ਗੀਤਕਾਰਾਂ ਬਾਰੇ ਲਿਖੀ ਖੋਜ ਪੁਸਤਕ ਹੈ, ਜਿਨ੍ਹਾਂ ਦੇ ਲੋਕ ਗੀਤਾਂ ਦੇ ਪੱਧਰ ‘ਤੇ ਜਾ ਕੇ ਗੀਤਾਂ ਦੀ ਸਿਰਜਣਾ ਕੀਤੀ। ਸਾਡੇ ਲਈ ਬਹੁਤ ਹੀ ਮਾਣ ਤੇ ਖੁਸ਼ੀ ਵਾਲੀ ਗੱਲ ਹੈ ।ਪਰ ਹੈਰਾਨੀ ਵਾਲੀ ਗੱਲ ਹੈ ਕਿ ਉਨਾਂ ਦੇ ਪੁਰਾਣੇ ਗੀਤ ਜੋ ਲੋਕ ਗੀਤ ਬਣੇ ਹੋਣ ਕਰਕੇ ਅਸੀ ਅਕਸਰ ਗਾਉਂਦੇ ਰਹਿੰਦੇ ਹਾਂ ਪਰ ਉਨਾਂ ਗੀਤਾਂ ਦੇ ਲਿਖਣ ਵਾਲੇ ਨੂੰ ਜਾਣਦੇ ਤੱਕ ਹੀ ਨਹੀਂ ਜਾਂ ਵਿਸਾਰ ਚੁੱਕੇ ਹਾਂ। ਪਰ ਅਸ਼ੋਕ ਬਾਂਸਲ ਦੀ ਕੀਤੀ ਸਖ਼ਤ ਮਿਹਨਤ ਸਦਕਾ ਇਸ ਖੋਜ ਪੁਸਤਕ ਰਾਹੀਂ ਪੁਰਾਣੇ ਗੀਤ ਜੋ ਲੋਕ ਗੀਤ ਬਣ ਚੁੱਕੇ ਹਨ, ਉਨਾਂ ਦੀ ਸਿਰਜਣਾ ਕਰਨ ਵਾਲਿਆਂ ਦੇ ਜੀਵਨ ਬਾਰੇ  ਚੰਗੀ ਜਾਣਕਾਰੀ ਮਿਲਦੀ  ਹੈ। ਸੋ ਇਹ ਪੁਸਤਕ ਸਾਨੂੰ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਹੈ। ਇਸ ਮੌਕੇ ਸੁੱਖੀ ਬਾਠ ਹੋਰਾਂ ਵੱਲੋਂ ਅਸ਼ੋਕ ਬਾਂਸਲ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ।ਸਟੇਜ ਸੰਚਾਲਨ ਅਰਸ਼ ਪੰਜਾਬੀ ਨੇ ਬਾਖੂਬੀ ਨਿਭਾਇਆ।ਕਿਤਾਬ ਰਿਲੀਜ਼ ਸਮਾਗਮ ਮੌਕੇ ਅਸ਼ੋਕ ਬਾਂਸਲ ਨੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਆਪਣੀ ਪੁਸਤਕ ਬਾਰੇ ਵਿਚਾਰ ਚਰਚਾ ਕਰਨ ਮੌਕੇ ਕਿਹਾ ਕਿ ਭੁੱਲੇ ਵਿਸਰੇ ਮਹਾਨ ਗੀਤਕਾਰਾਂ ਬਾਰੇ ਲਿਖਦਿਆਂ ਉਹਨਾਂ ਆਪਣੇ ਜਜ਼ਬਾਤਾਂ ਨੂੰ ਪੁਸਤਕ ਰਾਹੀਂ ਸਾਂਝਾ ਕੀਤਾ ਹੈ।