Headlines

ਮੇਅਰ ਬਰੈਂਡਾ ਲੌਕ ਦੀ ਪਾਰਟੀ ਸਰੀ ਕੁਨੈਕਟ ਵੱਲੋਂ ਸ਼ਾਨਦਾਰ ਫੰਡਰੇਜਿੰਗ ਡਿਨਰ

ਸਾਬਕਾ ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਮੇਅਰ ਦੀ ਪਿੱਠ ਥਾਪੜੀ-
ਸਰੀ ( ਦੇ ਪ੍ਰ ਬਿ)- ਬੀਤੀ ਸ਼ਾਮ ਸਰੀ ਦੀ ਮੇਅਰ ਬਰੈਂਡਾ ਲੌਕ ਦੀ ਅਗਵਾਈ ਵਾਲੀ ਸਰੀ ਕੁਨੈਕਟ ਵਲੋਂ ਇਕ ਫੰਡਰੇਜਿੰਗ ਡਿਨਰ ਦਾ ਆਯੋਜਨ ਬੌਂਬੈ ਬੈਂਕੁਇਟ ਹਾਲ ਸਰੀ ਵਿਖੇ ਕਰਵਾਇਆ ਗਿਆ।

ਇਸ ਮੌਕੇ ਸ਼ਹਿਰ ਦੀਆਂ ਉਘੀਆਂ ਸ਼ਖਸੀਅਤਾਂ ਅਤੇ ਸਰੀ ਕੁਨੈਕਟ ਨਾਲ ਜੁੜੇ ਸਮਰਥਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਬੀ ਸੀ ਦੀ ਸਾਬਕਾ ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਮੇਅਰ ਬਰੈਂਡਾ ਲੌਕ ਵਲੋਂ ਸ਼ਹਿਰ ਦੇ ਸਰਬਪੱਖੀ ਵਿਕਾਸ ਅਤੇ ਲੋਕ ਇਛਾਵਾਂ ਤੇ ਪੂਰਾ ਉਤਰਨ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸਰੀ ਦੀ ਸਭ ਤੋ ਹਰਮਨਪਿਆਰੀ ਮੇਅਰ ਹੈ। ਉਹਨਾਂ ਕਿਹਾ ਕਿ ਮੇਅਰ ਬਰੈਂਡਾ ਲੌਕ ਜੋ ਵੀ ਕਰ ਰਹੀ ਹੈ ਆਪਣੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਦੀ ਪੂਰਤੀ ਵਜੋਂ ਕਰ ਰਹੀ ਹੈ। ਉਹਨਾਂ ਸਰੀ ਪੁਲਿਸ ਟਰਾਂਜੀਸ਼ਨ ਮੁੱਦੇ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਹ ਆਪਣੇ ਲੋਕਾਂ ਨਾਲ ਖੜੀ ਹੈ ਤੇ ਲੋਕਾਂ ਨੂੰ ਵੀ ਉਸਦਾ ਭਰਪੂਰ ਸਾਥ ਦੇਣਾ ਚਾਹੀਦਾ ਹੈ।  ਇਸ ਮੌਕੇ ਉਹਨਾਂ ਖੁਦ ਮੇਅਰ ਬਰੈਂਡਾ ਲੌਕ ਨੂੰ ਮੰਚ ਉਪਰ ਆਉਣ ਦਾ ਸੱਦਾ ਦਿੱਤਾ। ਮੇਅਰ ਬਰੈਂਡਾ ਲੌਕ ਨੇ ਸਾਬਕਾ ਪ੍ਰੀਮੀਅਰ ਵਲੋਂ ਪ੍ਰਗਟਾਏ ਗਏ ਪਿਆਰ ਅਤੇ ਵਿਸ਼ਵਾਸ ਲਈ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਸਾਬਕਾ ਮੇਅਰ ਲਿੰਡਾ ਹੈਪਨਰ ਅਤੇ ਲੈਂਗਲੀ ਟਾਊਨਸ਼ਿਪ ਦੇ ਮੇਅਰ ਐਰਿਕ ਵੁੱਡਵਾਰਡ ਦੇ ਵੀ ਸਮਾਗਮ ਵਿਚ ਪੁੱਜਣ ਦਾ ਧੰਨਵਾਦ ਕੀਤਾ।  ਉਪਰੰਤ ਉਹਨਾਂ ਨੇ ਸਰੀ ਦੇ ਲੋਕਾਂ, ਸਿਟੀ ਸਟਾਫ ਵਿਸ਼ੇਸ਼ ਕਰਕੇ ਹੈਰੀ ਕੂਨਰ, ਫਾਇਰ ਫਾਈਟਰਜ਼ ਅਤੇ ਆਰ ਸੀ ਐਮ ਪੀ ਵਲੋਂ ਬੇਹਤਰ ਸੇਵਾਵਾਂ ਲਈ ਧੰਨਵਾਦ ਕੀਤਾ। ਉਹਨਾਂ ਮੰਚ ਉਪਰ ਆਪਣੇ ਸਾਥੀ ਕੌਂਸਲਰਾਂ ਹੈਰੀ ਬੈਂਸ, ਗੋਰਡਨ ਹੈਪਨਰ , ਪ੍ਰਦੀਪ ਕੂਨਰ ਤੇ ਰੋਬਿਨ ਸਟੱਟ ਨੂੰ ਬੁਲਾਇਆ ਤੇ ਕੌਸਲ ਟੀਮ ਵਲੋਂ ਕੀਤੇ ਜਾ ਰਹੇ ਕੰਮਾਂ ਅਤੇ ਲੋਕਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਅੱਜ ਸਰੀ ਸ਼ਹਿਰ ਕੈਨੇਡਾ ਦੇ ਪ੍ਰਮੁੱਖ ਸ਼ਹਿਰਾਂ ਚੋ ਇਕ ਹੈ ਜਿਥੇ ਹਰ ਤਰਾਂ ਦੇ ਬਿਜਨੈਸ ਵਾਧੇ ਦੇ ਨਾਲ ਸ਼ਹਿਰ ਤਰੱਕੀ ਦੀਆਂ ਮੰਜਲਾਂ ਸਰ ਕਰ ਰਿਹਾ ਹੈ।

ਸਰੀ ਕੁਨੈਕਟ ਦੇ ਇਸ ਫੰਡਰੇਜ਼ਿੰਗ ਡਿਨਰ ਵਿਚ ਭਾਰੀ ਉਤਸ਼ਾਹ ਨਾਲ ਪੁੱਜੇ ਲੋਕਾਂ ਦਾ ਇਕੱਠ ਸ਼ਕਤੀ ਪ੍ਰਦਰਸ਼ਨ ਹੋ ਨਿਬੜਿਆ। ਸਾਬਕਾ ਪ੍ਰੀਮੀਅਰ ਕ੍ਰਿਸਟੀ ਕਲਾਰਕ ਵਲੋਂ ਆਰ ਸੀ ਐਮ ਪੀ ਦੇ ਮੁੱਦੇ ਉਪਰ ਮੇਅਰ ਦੀ ਪਿੱਠ ਥਾਪੜੇ ਜਾਣਾ ਵੀ ਚਰਚਾ ਵਿਚ ਰਿਹਾ। ਜ਼ਿਕਰਯੋਗ ਹੈ ਕਿ ਸੂਬੇ ਦੀ ਐਨ ਡੀ ਪੀ ਸਰਕਾਰ ਨੇ ਸਰੀ ਮੇਅਰ ਨੂੰ ਮਿਊਂਸਪਲ ਪੁਲਿਸ ਦੀ ਟਰਾਂਜੀਸ਼ਨ ਮੁਕੰਮਲ ਕਰਨ ਲਈ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ।