Headlines

ਸੰਪਾਦਕੀ- ਕੈਨੇਡਾ-ਭਾਰਤ ਸਬੰਧਾਂ ਨੂੰ ਲੀਹ ਤੇ ਲਿਆਉਣ ਲਈ ਪੁਨਰ ਵਿਚਾਰ ਦੀ ਲੋੜ….

ਡੇਵਿਡ ਮੈਕੀਨਨ-

ਸਾਡੀ ਇੰਡੋ-ਪੈਸੀਫਿਕ ਰਣਨੀਤੀ ਦੁਆਰਾ ਭਾਰਤ ਨੂੰ ਇਕ ਮਹੱਤਵਪੂਰਣ ਭਾਈਵਾਲ ਐਲਾਨੇ  ਜਾਣ ਤੋਂ ਕੁਝ ਮਹੀਨਿਆਂ ਬਾਅਦ ਹੀ ਕੈਨੇਡਾ-ਭਾਰਤ ਸਬੰਧਾਂ ਦਾ ਵਿਗਾੜ ਹੈਰਾਨਕੁੰਨ ਹੈ। ਇੱਕ ਜਮਹੂਰੀ ਅਤੇ ਬਹੁਲਵਾਦੀ ਭਾਰਤ ਨਾਲ ਕੈਨੇਡਾ ਦਾ ਰਿਸ਼ਤਾ, ਘੱਟੋ-ਘੱਟ ਕੁਝ ਹੱਦ ਤੱਕ, ਤਾਨਾਸ਼ਾਹ ਚੀਨ ਦੇ ਨਾਲ ਸਾਡੇ ਵਿਗੜੇ ਸਬੰਧਾਂ ਦੌਰਾਨ ਹੋਰ ਵੀ ਮਹੱਤਵਪੂਰਣ ਸੀ। ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਿਛਲੇ ਮਹੀਨੇ ਹਾਊਸ ਆਫ ਕਾਮਜ਼ਨ ਵਿਚ ਇਕ ਕੈਨੇਡੀਅਨ ਸਿੱਖ ਆਗੂ ਦੀ ਹੱਤਿਆਂ ਵਿਚ ਭਾਰਤ ਦਾ ਹੱਥ ਹੋਣ ਦਾ ਦੋਸ਼ ਲਗਾਏ ਜਾਣ ਉਪਰੰਤ ਦੋਵਾਂ ਮੁਲਕਾਂ ਦੇ ਸਬੰਧਾਂ ਵਿਚਾਲੇ ਅਣਕਿਆਸਿਆ ਤਣਾਅ ਬਣ ਗਿਆ ਹੈ। ਦੋਵੇਂ ਦੇਸ਼ ਸੀਨੀਅਰ ਡਿਪਲੋਮੈਟਾਂ ਨੂੰ ਬਾਹਰ ਕੱਢਣ ਵਿੱਚ ਲੱਗੇ ਹੋਏ ਹਨ।  ਹੁਣ ਭਾਰਤ ਨੇ ਕਥਿਤ ਤੌਰ ‘ਤੇ ਕੈਨੇਡਾ ਦੇ ਬਾਕੀ ਬਚੇ 62 ਰਾਜਦੂਤਾਂ ਵਿੱਚੋਂ 41 ਨੂੰ ਵਾਪਿਸ ਬੁਲਾਉਣ ਦੀ ਮੰਗ ਕੀਤੀ ਹੈ।

ਦੋਵਾਂ ਮੁਲਕਾਂ ਵਿਚਾਲੇ ਤਣਾਅਪੂਰਣ ਸਥਿਤੀ ਦੇ ਕੋਈ ਵੀ ਕਾਰਣ ਹੋ ਸਕਦੇ ਹਨ ਪਰ ਦੋਵਾਂ ਦੇ ਰਿਸ਼ਤੇ ਨੂੰ ਮੁੜ ਲੀਹ ‘ਤੇ ਲਿਆਉਣ ਲਈ ਇੱਕ ਗੰਭੀਰ ਪੁਨਰ-ਵਿਚਾਰ ਦੀ ਲੋੜ ਹੈ। ਇਸ ਵਿੱਚ ਭਾਰਤ ਦੇ ਨਾਲ ਸਾਡੇ ਸਬੰਧਾਂ ਵਿੱਚ ਭਾਰਤੀ ਮੂਲ ਦੇ ਪ੍ਰਵਾਸੀਆਂ ਦੇ ਨਾਲ ਰਾਸ਼ਟਰ ਦੇ ਵਿਸ਼ੇਸ਼ ਹਿੱਤਾਂ, ਕੈਨੇਡਾ ਦੀ ਸੁਰੱਖਿਆ ਅਤੇ ਖੁਸ਼ਹਾਲੀ – ਨੂੰ ਸੁਚੇਤ ਤੌਰ ‘ਤੇ ਸੰਤੁਲਿਤ ਕਰਨਾ ਸ਼ਾਮਲ ਹੈ।

ਪ੍ਰਧਾਨ ਮੰਤਰੀ ਟਰੂਡੋ ਵਲੋਂ ਲਗਾਏ ਇਲਜਾਮ ਜੇਕਰ ਸੱਚ ਹੁੰਦੇ ਹਨ, ਤਾਂ ਇਸਦਾ ਭਾਰਤ ਉਪਰ ਅੰਤਰਰਾਸ਼ਟਰੀ ਪੱਧਰ ‘ਤੇ ਅਸਰ ਪਵੇਗਾ। ਭਾਵੇਂਕਿ ਭਾਰਤ ਨੂੰ ਪੱਛਮ ਮੁਲਕਾਂ ਵਿਚ  ਚੀਨ ਅਤੇ ਰੂਸ ਵਾਂਗ ਨਹੀ ਦੇਖਿਆ ਜਾਵੇਗਾ ਪਰ  ਇਸਦੇ ਬਾਵਜੂਦ ਭਾਰਤ ਨੂੰ  ਇਹ ਸਾਬਤ ਕਰਨਾ ਪਵੇਗਾ ਕਿ ਉਹ ਉਹੀ ਹੈ ਜੋ ਉਹ ਹਮੇਸ਼ਾ ਰਿਹਾ ਹੈ। ਹਾਲਾਂਕਿ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਵਹਾਰ ਬਿਲਕੁਲ ਅਲਗ ਹੈ। ਜਿਸ ਨੇ ਜਵਾਹਰ ਲਾਲ ਨਹਿਰੂ ਦੇ ਅਸਲ ਦ੍ਰਿਸ਼ਟੀਕੋਣ ਨੂੰ ਪੂਰੀ ਤਰ੍ਹਾਂ ਦਰਕਿਨਾਰ ਕਰ ਦਿੱਤਾ ਹੈ। ਧਰਮ ਨਿਰਪੱਖ ਅਤੇ ਸਹਿਣਸ਼ੀਲ ਲੋਕਤੰਤਰੀ ਭਾਰਤ।

ਕੈਨੇਡਾ ਲਈ ਇੱਕ ਅਸਲ ਚੁਣੌਤੀ ਇਹ ਹੈ ਕਿ ਸਾਡੇ ਸਹਿਯੋਗੀ ਭਾਰਤ ਦੇ ਨਾਲ ਆਪਣੇ ਸਬੰਧਾਂ ਨੂੰ ਆਮ ਪੱਧਰ ਦਾ ਕਿਵੇਂ ਰੱਖਿਆ ਜਾਵੇ।  ਕੈਨੇਡਾ ਵਲੋਂ  ਭਾਰਤ ਨੂੰ ਸਖਤ ਸੁਨੇਹੇ ਦੇ ਬਾਵਜੂਦ, ਭਾਰਤੀ ਅਧਿਕਾਰੀਆਂ ਨੂੰ ਜਵਾਬਦੇਹ ਠਹਿਰਾਉਣਾ ਔਖਾ ਹੋਵੇਗਾ। ਫਿਰ ਵੀ, ਇੱਕ ਸੁਨੇਹਾ ਭੇਜਣ ਦੀ ਜ਼ਰੂਰਤ ਹੈ ਕਿ ਅਜਿਹਾ ਦੁਬਾਰਾ ਨਹੀ ਵਾਪਰਨਾ ਚਾਹੀਦਾ।

ਕੈਨੇਡਾ ਵਿੱਚ ਭਾਰਤੀ ਡਾਇਸਪੋਰਾ ਬਹੁਤ ਵੱਡਾ ਹੈ, ਜਿਸ ਵਿੱਚ ਸ਼ਾਇਦ ਅੱਧੇ ਸਿੱਖ ਹਨ, ਭਾਵੇਂ ਕਿ ਸਿੱਖ ਭਾਰਤ ਦੀ ਆਬਾਦੀ ਦਾ ਸਿਰਫ 2 ਪ੍ਰਤੀਸ਼ਤ ਹਨ। ਮੈਂ ਅੰਮ੍ਰਿਤਸਰ ਸ਼ਹਿਰ ਵਿੱਚ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਅਤੇ ਫੋਟੋਆਂ ਖਿੱਚਵਾਉਣ ਜਾ ਰਹੇ ਸਿਆਸਤਦਾਨਾਂ ਨੂੰ ਯਾਦ ਦਿਵਾਉਂਦਾ ਹਾਂ ਕਿ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਸਿੱਖ ਇੱਕ ਪ੍ਰਭਾਵਸ਼ਾਲੀ ਅਤੇ ਵਿਲੱਖਣ ਭਾਈਚਾਰਾ ਹੈ ਪਰ ਇਹ ਵੇਖਣ ਦੀ ਲੋੜ ਹੈ ਕਿ ਉਹ ਕਿੰਨਾ ਹੋਰ ਭਾਰਤ ਨੂੰ ਅਣਦੇਖਾ ਕਰ ਰਹੇ ਹਨ ।

ਖਾਲਿਸਤਾਨ ਦੇ ਕਾਜ਼ ਲਈ ਕੈਨੇਡਾ ਵਿੱਚ ਸਮਰਥਨ, ਇੱਕ ਵੱਖਰੇ ਸਿੱਖ ਹੋਮਲੈਂਡ ਦੀ ਧਾਰਨਾ ਨੂੰ ਵੀ ਵੇਖਣ ਦੀ ਲੋੜ ਹੈ। 1970 ਦੇ ਦਹਾਕੇ ਵਿੱਚ, ਕੈਨੇਡਾ ਨੇ ਖਾਲਿਸਤਾਨੀ ਲਹਿਰ ਦੇ ਅਧਾਰ ਵਜੋਂ ਇੱਕ ਸਾਖ ਵਿਕਸਿਤ ਕੀਤੀ। ਹਾਲਾਂਕਿ ਕੈਨੇਡੀਅਨ ਕਾਨੂੰਨ ਦੇ ਤਹਿਤ ਸਿਰਫ਼ ਵਿਚਾਰਾਂ ਦੀ ਆਜਾਦੀ ਦੀ ਖੁੱਲ ਹੈ ਪਰ ਕੈਨੇਡਾ ਵਿੱਚ ਹਿੰਸਾ ਤੇਜ਼ੀ ਨਾਲ ਇੱਕ ਸਮੱਸਿਆ ਬਣ ਗਈ ਹੈ,  ਜਿਸ ਵਿੱਚ 1986 ਵਿੱਚ ਵੈਨਕੂਵਰ ਟਾਪੂ ਦਾ ਦੌਰਾ ਕਰ ਰਹੇ ਪੰਜਾਬ ਦੇ ਮੰਤਰੀ ਮਲਕੀਅਤ ਸਿੰਘ ਸਿੱਧੂ ਦੇ ਕਤਲ ਦੀ ਕੋਸ਼ਿਸ਼ ਅਤੇ 1985 ਵਿੱਚ ਏਅਰ ਇੰਡੀਆ ਦੀ ਉਡਾਣ ਉੱਤੇ ਬੰਬ ਧਮਾਕਾ ਸ਼ਾਮਲ ਹੈ। ਜਿਸ ਵਿਚ 329 ਲੋਕ ਮਾਰੇ ਗਏ ਸਨ। ਇਹਨਾਂ ਘਟਨਾਵਾਂ ਦੀ ਜਾਂਚ ਵਿਚ ਅਸਫਲਤਾ ਕੈਨੇਡਾ ਲਈ ਸ਼ਰਮਨਾਕ ਹੈ। ਇਸ ਦੌਰਾਨ ਕੈਨੇਡੀਅਨ ਸਿਆਸਤਦਾਨਾਂ ਦੁਆਰਾ ਅਕਸਰ ਉਹਨਾਂ ਸਮਾਗਮਾਂ ਵਿੱਚ ਫੋਟੋਆਂ ਖਿੱਚਵਾਈਆਂ ਜਾਂਦੀਆ ਹਨ ਜਿੱਥੇ ਹਿੰਸਕ ਖਾਲਿਸਤਾਨੀ ਕੱਟੜਪੰਥੀਆਂ ਦੀ ਸ਼ਹੀਦਾਂ ਵਜੋਂ ਪ੍ਰਸੰਸਾ ਕੀਤੀ ਜਾਂਦੀ ਹੈ। ਆਮ ਤੌਰ ‘ਤੇ, ਡਾਇਸਪੋਰਾ ਭਾਈਚਾਰਿਆਂ  ਵਿਚ ਵੋਟਾਂ ਦੀ ਭਾਲ ਵਿਚ ਇਸ ਨੂੰ ਲਾਪਰਵਾਹੀ ਵਜੋਂ ਬਹਾਨਾ ਬਣਾਇਆ ਜਾਂਦਾ ਹੈ। ਪਰ ਭਾਰਤ ਵਿੱਚ, ਇਸ ਨੂੰ ਬਿਲਕੁਲ ਵੱਖਰੇ ਤੌਰ ‘ਤੇ ਦੇਖਿਆ ਜਾਂਦਾ ਹੈ।

ਹਾਲਾਂਕਿ ਕੈਨੇਡਾ ਵਿੱਚ ਸਿੱਖ ਆਬਾਦੀ ਭਾਰਤ ਤੋਂ ਬਾਹਰ ਦੁਨੀਆ ਵਿੱਚ ਸਭ ਤੋਂ ਵੱਧ ਹੈ।  ਦੂਜੇ ਦੇਸ਼ ਜਿਨ੍ਹਾਂ ਵਿੱਚ ਮਹੱਤਵਪੂਰਨ ਸਿੱਖ ਆਬਾਦੀ ਅਤੇ ਖਾਲਿਸਤਾਨ ਸਮਰਥਕਾਂ ਦੇ ਸਰਗਰਮ ਸਮੂਹ ਹਨ – ਖਾਸ ਤੌਰ ‘ਤੇ ਯੂ.ਕੇ., ਆਸਟ੍ਰੇਲੀਆ ਅਤੇ ਯੂ.ਐੱਸ ਏ, ਪਰ ਉਥੇ ਅਜੇ ਵੀ ਭਾਰਤ ਨਾਲ ਉਸਾਰੂ ਰਣਨੀਤਕ ਦੁਵੱਲੇ ਸਬੰਧ ਕਇਮ ਹਨ। ਇਹ ਲਾਜ਼ਮੀ ਤੌਰ ‘ਤੇ ਇਸ ਲਈ ਹੈ ਕਿਉਂਕਿ ਉਨ੍ਹਾਂ ਦੇਸ਼ਾਂ ਨੇ ਨਵੀਂ ਦਿੱਲੀ ਨਾਲ ਮਹੱਤਵਪੂਰਨ ਰਾਜਨੀਤਕ, ਆਰਥਿਕ ਅਤੇ ਸੁਰੱਖਿਆ ਸਬੰਧ ਵਿਕਸਿਤ ਕੀਤੇ ਹਨ ਜੋ ਭਾਰਤ ਦੇ ਹਿੱਤਾਂ ਦੇ ਵਿਆਪਕ ਸਮੂਹ ਲਈ ਉਨ੍ਹਾਂ ਦੀ ਮਹੱਤਤਾ ਨੂੰ ਸਮਝਦੇ ਹਨ।

ਭਾਰਤ ਨੂੰ ਇੱਕ ਉੱਭਰਦੀ ਗਲੋਬਲ ਸ਼ਕਤੀ ਦੇ ਰੂਪ ਵਿੱਚ ਇਸ ਦੇ ਆਕਾਰ ਅਤੇ ਰੁਤਬੇ ਨੂੰ ਦੇਖਦੇ ਹੋਏ, ਪੂਰੀ ਤਰ੍ਹਾਂ ਦੁਵੱਲੇ ਸਬੰਧਾਂ ਵਿੱਚ ਸਾਡੇ ਲੰਬੇ ਸਮੇਂ ਦੇ ਹਿੱਤ ਭਾਰਤ ਨਾਲੋਂ ਮੁਕਾਬਲਤਨ ਵੱਧ ਹਨ, ਅਤੇ ਇਸ ਲਈ ਸਾਨੂੰ ਇੱਕ ਰਸਤਾ ਲੱਭਣ ਦੀ ਲੋੜ ਹੈ। ਸਵਾਲ ਹੈ ਕਿ  ਕੈਨੇਡਾ ਅਤੇ ਭਾਰਤ ਇਸ ਸਥਿਤੀ ਤੋਂ ਕਿਵੇਂ ਨਿਕਲ ਸਕਦੇ ਹਨ?

ਭਾਰਤ ਅਤੇ ਕੈਨੇਡਾ ਦੋਵਾਂ ਦੀ ਭਰੋਸੇਯੋਗਤਾ ਅਤੇ ਸਾਖ ਹੁਣ ਦਾਅ ‘ਤੇ ਲੱਗ ਗਈ ਹੈ। ਸਾਡੀਆਂ ਸਰਕਾਰਾਂ – ਸਿਆਸਤਦਾਨਾਂ ਅਤੇ ਅਧਿਕਾਰੀਆਂ ਦੋਵਾਂ ਨੂੰ – ਸਾਡੇ ਰਾਸ਼ਟਰੀ ਹਿੱਤਾਂ ਅਤੇ ਅੰਤਰਰਾਸ਼ਟਰੀ ਤਰਜੀਹਾਂ ਨੂੰ ਵੇਖਣ ਦੀ ਲੋੜ ਹੈ। ਸਾਡੇ ਸਿਆਸਤਦਾਨਾਂ ਨੂੰ ਆਪਣੇ ਹਿੱਤਾਂ ਨੂੰ ਕੇਵਲ ਡਾਇਸਪੋਰਾ ਭਾਈਚਾਰਿਆਂ ਤੱਕ ਪਹੁੰਚ ਬਣਾਉਣ ਤੱਕ ਸੀਮਤ ਕਰਨ ਲੋੜ ਨਹੀ। ਕਦਰਾਂ-ਕੀਮਤਾਂ ਮਹੱਤਵਪੂਰਨ ਹੁੰਦੀਆਂ ਹਨ, ਪਰ ਉਹਨਾਂ ਲਈ ਇਕ  ਮਾਰਗਦਰਸ਼ਨ ਦੀ ਵਧੇਰੇ ਲੋੜ ਹੈ।

ਸੰਸਾਰ ਨਾਟਕੀ ਢੰਗ ਨਾਲ ਬਦਲ ਗਿਆ ਹੈ। ਉਸ ਵਿਚ ਅਸੀਂ ਅੰਤਰਰਾਸ਼ਟਰੀ ਤੌਰ ‘ਤੇ ਕਿਵੇਂ ਸ਼ਾਮਲ ਹੁੰਦੇ ਹਾਂ ਇਸ ਬਾਰੇ ਗੰਭੀਰਤਾ ਨਾਲ ਮੁੜ ਵਿਚਾਰ ਕੀਤੇ ਬਿਨਾਂ, ਇੱਕ ਹੋਰ ਅਨਿਸ਼ਚਿਤ ਸੰਸਾਰ ਵਿੱਚ ਕੈਨੇਡਾ ਦੀ ਸੁਰੱਖਿਆ ਅਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣਾ ਮੁਸ਼ਕਲ ਹੋਵੇਗਾ।

-ਧੰਨਵਾਦ ਸਹਿਤ-ਡੇਵਿਡ ਮੈਕੀਨਨ

ਡੇਵਿਡ ਮੈਕੀਨਨ ਇੱਕ ਸਾਬਕਾ ਕੈਨੇਡੀਅਨ ਡਿਪਲੋਮੈਟ ਹਨ ਜੋ  ਨਵੀਂ ਦਿੱਲੀ, ਕੈਨਬਰਾ, ਬੈਂਕਾਕ ਅਤੇ ਹਾਲ ਹੀ ਵਿੱਚ ਕੋਲੰਬੋ ਵਿੱਚ ਸ੍ਰੀਲੰਕਾ ਦੇ ਹਾਈ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ।