Headlines

ਪੰਜਾਬ ਭਵਨ ਸਰੀ ਦੀ ਦੋ ਰੋਜ਼ਾ ਕੌਮਾਂਤਰੀ ਪੰਜਾਬੀ ਕਾਨਫਰੰਸ ਵਿਚ ਵੱਖ-ਵੱਖ ਵਿਸ਼ਿਆਂ ਤੇ ਗੰਭੀਰ ਵਿਚਾਰਾਂ

ਵੱਖ-ਵੱਖ ਦੇਸ਼ਾਂ ਤੋਂ ਪੰਜਾਬੀ ਸਾਹਿਤਕਾਰ ਤੇ ਬੁੱਧੀਜੀਵੀ ਸਰੀ ਪੁੱਜੇ

ਮਾਂ ਬੋਲੀ ਪੰਜਾਬੀ ਤੇ ਸਾਹਿਤਕਾਰਾਂ ਦਾ ਮਾਣ -ਸਨਮਾਨ ਹਮੇਸ਼ਾ ਕਰਦਾ ਰਹਾਂਗਾ -ਸੁੱਖੀ ਬਾਠ

ਚੜ੍ਹਦੇ ਤੇ ਲਹਿੰਦੇ ਪੰਜਾਬ ਤੋਂ ਪੁੱਜੇ ਸਾਹਿਤਕਾਰਾਂ ਨੇ ਸਾਂਝ ਦਾ ਦਿੱਤਾ ਸੁਨੇਹਾ-

ਡਾ. ਸਾਹਿਬ ਸਿੰਘ ਦੇ ਨਾਟਕ ‘ਸੰਦੂਕੜੀ ਖੋਲ੍ਹ ਨਰੈਣਿਆਂ’ ਦੀ ਸੋਲੋ ਪੇਸ਼ਕਾਰੀ ਨੇ ਦਰਸ਼ਕ ਕੀਤੇ ਭਾਵੁਕ

ਸੁੱਖੀ ਬਾਠ ਤੇ ਪੰਜਾਬ ਭਵਨ ਦੀ ਟੀਮ ਦੀ ਕਾਨਫਰੰਸ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ-

ਸਰੀ, (ਜੋਗਿੰਦਰ ਸਿੰਘ)-ਕੌਮਾਂਤਰੀ ਪੱਧਰ ਦੀ ਦੋ ਰੋਜ਼ਾ ਪੰਜਵੀਂ ਪੰਜਾਬੀ ਕਾਨਫਰੰਸ ਅੱਜ ਕੈਨੇਡਾ ਦੇ ਸਰੀ ਸ਼ਹਿਰ ‘ਚ ਸ਼ੁਰੂ ਹੋ ਗਈ l ਵੱਖ -ਵੱਖ ਸ਼ਖ਼ਸੀਅਤਾਂ ਵਲੋਂ ਸਮਾਂ ਰੌਸ਼ਨ ਨਾਲ ਸ਼ੁਰੂ ਹੋਈ ਪੰਜਾਬੀ ਕਾਨਫਰੰਸ ਦੇ ਪਹਿਲੇ ਪ੍ਰਧਾਨਗੀ ਮੰਡਲ ‘ਚ ਡਾ. ਸਾਧੂ ਸਿੰਘ, ਡਾ. ਐਸ. ਪੀ. ਸਿੰਘ, ਡਾ. ਬੀ. ਐਸ. ਘੁੰਮਣ, ਰਾਏ ਅਜ਼ੀਜ਼ ਉਲ੍ਹਾ ਖਾਨ, ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਸੰਮੇਲਨ ਦੇ ਮੁੱਖ ਪ੍ਰਬੰਧਕ ਸ਼ਾਮਿਲ ਸਨ l ਸ਼ੁਰੂਆਤ ‘ਚ ਕਲਾਸਿਕ ਗਾਇਨ ਰਾਹੀਂ ਸੁਨੀਲ ਸਿੰਘ ਡੋਗਰਾ ਨੇ ਹਾਜ਼ਰੀ ਭਰੀ l ਆਰੰਭਿਕ ਸ਼ਬਦ ‘ਚ ਡਾ. ਐਸ. ਪੀ. ਸਿੰਘ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਤੇ ਸਾਹਿਤ ਨੂੰ ਦੇਸ਼ ਤੋਂ ਇਲਾਵਾ ਵਿਦੇਸ਼ਾਂ ‘ਚ ਵੀ ਪ੍ਰਫੁਲਿਤ ਕਰਨ ਲਈ ਅਜਿਹੇ ਉਪਰਾਲੇ ਸਮੇਂ ਦੀ ਵੱਡੀ ਲੋੜ ਹੈ l ਉਨ੍ਹਾਂ ਦੁਨੀਆਂ ਭਰ ਤੋਂ ਪੁੱਜੇ ਸਾਹਿਤਕਾਰਾਂ ਤੇ ਪੰਜਾਬੀ ਪ੍ਰੇਮੀਆਂ ਨੂੰ ਜੀ ਆਇਆ ਆਖਿਆ ਤੇ ਸੁੱਖੀ ਬਾਠ ਤੇ ਟੀਮ ਨੂੰ ਵਧਾਈ ਦਿੱਤੀ l ਸਵਾਗਤੀ ਸ਼ਬਦ ਸ਼ਾਹਜਾਦ ਨਜ਼ੀਰ ਖਾਨ ਨੇ ਬੋਲੇ ਕੇ ਹਾਜ਼ਰੀ ਭਰੀ l ਮੰਚ ਸੰਚਾਲਣ ਕਰਦਿਆਂ ਅਮਰੀਕ ਪਲਾਹੀ ਅਤੇ ਕਵਿੰਦਰ ਚਾਂਦ ਨੇ ਇਸ ਪੰਜਾਬੀ ਸੰਮੇਲਨ ਦੌਰਾਨ ਰੱਖੇ ਵਿਸਿਆਂ ਪੰਜਾਬੀ ਸਾਹਿਤ, ਚੇਤਨਤਾ ਅਤੇ ਪਰਵਾਸ ਬਾਰੇ ਚਾਨਣਾ ਪਾਇਆ l ਪਹਿਲੇ ਦਿਨ ਪੰਜਾਬ ਤੋਂ ਪੁੱਜੇ ਪ੍ਰੋ. ਪਾਲੀ ਭੁਪਿੰਦਰ ਨੇ ‘ਪਰਵਾਸ ਅਤੇ ਪ੍ਰਭਾਵ’ ਤੇ ਵਿਚਾਰ ਰੱਖੇ l ਸਰੀ ਦੇ ਪੁਲਿਸ ਅਧਿਕਾਰੀ ਜੈਗ ਖੋਸਾ ਨੇ ‘ ਬਦਲਦਾ ਸਮਾਜਿਕ ਵਰਤਾਰਾ ਅਤੇ ਕੈਨੇਡੀਅਨ ਕਾਨੂੰਨ’ ਬਾਰੇ ਜਾਣਕਾਰੀ ਦਿੱਤੀ l ਪਹਿਲੇ ਦਿਨ ਹੋਈ ਕਵਿਤਾ ਪੇਸ਼ਕਾਰੀ ‘ਚ ਕਵੀ ਗੁਰਤੇਜ ਕੋਹਾਰਵਾਲਾ, ਤਾਹਿਰ ਸਰਾ, ਡਾ. ਕਰਨੈਲ ਸਿੰਘ ਸ਼ੇਰਗਿੱਲ, ਡਾ. ਗੁਰਮਿੰਦਰ ਸਿੰਘ ਸਿੱਧੂ, ਬਾਬਾ ਨਜਮੀ ਅਤੇ ਸੁਖਵਿੰਦਰ ਅੰਮ੍ਰਿਤ ਨੇ ਆਪਣੀਆਂ ਰਚਨਾਵਾਂ ਪੜੀਆਂ l ਪੰਜਾਬੀ ਚੇਤਨਤਾ ਦੇ ਮੁੱਦੇ ‘ਤੇ ਚਰਚਾ ਦੌਰਾਨ ਡਾ. ਗੁਰਬਖਸ਼ ਭੰਡਾਲ ਨੇ ‘ਪੰਜਾਬੀ ਸਮਾਜ ਅਤੇ ਚੇਤਨਤਾ’ ਵਿਸ਼ੇ ‘ਤੇ ਵਿਚਾਰ ਰੱਖੇ, ਇੰਦਰਜੀਤ ਧਾਮੀ ਨੇ ‘ਪੰਜਾਬੀ ਚੇਤਨਤਾ ਅਤੇ ਪ੍ਰਵਾਹ’ ਅਤੇ ਸਿਵ ਰਾਜ ਘੁੰਮਣ ਨੇ ‘ ਕੈਨੇਡੀਅਨ ਪੰਜਾਬੀ ਅਤੇ ਖਿਡਾਰੀਆਂ ਦਾ ਯੋਗਦਾਨ’ ਵਿਸ਼ੇ ਉਪਰ ਬੌਧਿਕਤਾ ਵਾਲੇ ਵਿਚਾਰ ਰੱਖੇ l ਇਸੇ ਦੌਰਾਨ ਪੁੱਜੇ ਪ੍ਰਸਿੱਧ ਨਾਟਕਕਾਰ ਡਾ. ਸਾਹਿਬ ਸਿੰਘ ਨੇ ਨਾਟਕ ‘ ਸੰਦੂਕੜੀ ਖੋਲ੍ਹ ਨਰੈਣਿਆਂ’ ਦੀ ਸਫ਼ਲ ਪੇਸ਼ਕਾਰੀ ਰਾਹੀਂ ਹਾਜ਼ਰੀਨ ਭਾਵੁਕ ਕਰ ਦਿੱਤਾ, ਇਸ ਉਪਰੰਤ ਰੰਗਲਾ ਪੰਜਾਬ ਦੇ ਕਲਾਕਾਰਾਂ ਵਲੋਂ ਪੰਜਾਬੀ ਲੋਕ ਨਾਚ ਭੰਗੜੇ ਦੀ ਪੇਸ਼ਕਾਰੀ ਕੀਤੀ l ਸ਼ਾਮ ਨੂੰ ਹੋਏ ਕਵੀ ਦਰਬਾਰ ਵਿਚ ਸਰੀ ਦੇ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਹਾਜਰੀ ਲਗਵਾਈ l ਸੰਮੇਲਨ ਦੇ ਮੁੱਖ ਪ੍ਰਬੰਧਕ ਸੁੱਖੀ ਬਾਠ ਨੇ ਪੁੱਜੀਆਂ ਸ਼ਖ਼ਸੀਅਤਾਂ ਨੂੰ ਜੀ ਆਇਆ ਆਖਿਆ ਅਤੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ l ਵੱਖ -ਵੱਖ ਸੈਸ਼ਨਾਂ ਦੌਰਾਨ ਅਮਰੀਕ ਪਲਾਹੀ, ਕਵਿੰਦਰ ਚਾਂਦ, ਰੂਪ ਦਵਿੰਦਰ ਨਾਹਲ, ਹਰਪ੍ਰੀਤ ਸਿੰਘ ਨਵਜੋਤ ਢਿੱਲੋਂ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ l