Headlines

ਡਾ ਸਾਹਿਬ ਸਿੰਘ ਦੇ ਨਾਟਕਾਂ ਨੇ ਚੰਗੇਰੇ ਤੇ ਨਰੋਏ ਸਮਾਜ ਦੀ ਸਿਰਜਣਾ ਦਾ ਸੱਦਾ ਦਿੱਤਾ

ਪੰਜਾਬ ਭਵਨ ਸਰੀ ਦੀ ਕੌਮਾਂਤਰੀ ਕਾਨਫਰੰਸ ਦੌਰਾਨ ਡਾ ਸਾਹਿਬ ਸਿੰਘ ਦੇ ਨਾਟਕਾਂ ਨੇ ਮੇਲਾ ਲੁੱਟਿਆ-
ਸਰੀ ( ਦੇ ਪ੍ਰ ਬਿ)– ਪੰਜਾਬ ਭਵਨ ਸਰੀ ਵੱਲੋਂ ਕਰਵਾਏ ਗਏ ਦੋ ਦਿਨਾ ਕੌਮਾਂਤਰੀ ਪੰਜਾਬੀ ਸੰਮੇਲਨ ਦੇ ਪਹਿਲੇ ਦਿਨ ਜਿਥੇ ਵਿਦਵਾਨਾਂ ਤੇ ਮਾਹਿਰਾਂ ਵੱਲੋਂ ਪੰਜਾਬ, ਪਰਵਾਸ, ਪੰਜਾਬੀ ਸਾਹਿਤ, ਪ੍ਰਭਾਵ ਤੇ ਵੱਖ ਵੱਖ ਵਿਸ਼ਿਆਂ ਉਪਰ ਪਰਚੇ ਪੜੇ, ਵਿਚਾਰ ਚਰਚਾ ਕੀਤੀ ਤੇ ਪ੍ਰਮੁੱਖ ਕਵੀਆਂ ਦੇ ਕਲਾਮ ਤੋਂ ਬਾਦ ਡਾ ਸਾਹਿਬ ਸਿੰਘ ਦਾ ਨਾਟਕ ਸੰਦੂਕੜੀ ਖੋਹਲ ਨਰੈਣਿਆਂ ਪ੍ਰੋਗਰਾਮ ਦੀ ਸਿਖਰ ਹੋ ਨਿਬੜਿਆ। ਪੰਜਾਬ, ਭਾਰਤ ਦੇ ਮੌਜੂਦਾ ਭ੍ਰਿਸ਼ਟ ਰਾਜਕੀ ਪ੍ਰਬੰਧ ਦਰਮਿਆਨ ਜ਼ਿੰਦਗੀ ਨੂੰ ਸੌਖਾਲਾ ਬਣਾਉਣ ਲਈ ਛਟਪਟਾ ਰਹੀ ਜਨਤਾ ਤੇ ਪਰਵਾਸ ਚੋ ਮੁਕਤੀ ਦੀ ਤਲਾਸ਼ ਦੇ ਨਾਲ ਵਿਦੇਸ਼ਾਂ ਵਿਚ ਰੁਲ ਰਹੀ ਜਵਾਨੀ ਦੇ ਦਰਦ ਨੂੰ ਬਿਆਨਦੀ ਕਹਾਣੀ ਦਰਸ਼ਕਾਂ ਨੂੰ ਧੁਰ ਅੰਦਰ ਤੱਕ ਹਲੂਣ ਗਈ। ਵਿਦੇਸ਼ਾਂ ਦੀਆਂ ਦੁਸ਼ਵਾਰੀਆਂ ਤੇ ਪੰਜਾਬੀ ਸਮਾਜ ਦੀ ਫੁਕਰਾਪੰਥੀ ਦੀ ਭੇਟ ਚੜ ਰਹੀ ਅਣਭੋਲ ਜਵਾਨੀ ਦੇ ਨਾਲ ਸਟਰੈਸ ਤੇ ਹਾਰਟ ਅਟੈਕ ਦਾ ਸ਼ਿਕਾਰ ਹੋਣ ਵਾਲੇ ਨੌਜਵਾਨਾਂ ਦੀ ਹੋਣੀ ਦਾ ਦ੍ਰਿਸ਼ ਹਾਲ ਚ ਜੁੜੇ ਇਕੱਠ ਨੂੰ ਪੱਥਰ ਕਰ ਗਿਆ। ਨਾਟਕ ਦੇ ਖਤਮ ਹੋਣ ਤੇ ਵੀ ਨਹੀ ਲੱਗਾ ਕਿ ਇਹ ਖਤਮ ਹੋ ਗਿਆ ਹੈ। ਦਰਸ਼ਕਾਂ ਨੇ ਖੜੇ ਹੋਕੇ ਤਾੜੀਆਂ ਦੀ ਗੂੰਜ ਵਿਚ ਡਾ ਸਾਹਿਬ ਸਿੰਘ ਦਾ ਅਭਿਨੰਦਨ ਕੀਤਾ।ਪੰਜਾਬੀ ਸਮਾਜ ਸਾਹਵੇਂ ਵੱਡੇ ਸਵਾਲ ਹਨ ਜਿਹਨਾਂ ਦਾ ਕੋਈ ਜਵਾਬ ਨਹੀਂ….
ਡਾ ਸਾਹਿਬ ਵਲੋਂ ਕਾਨਫਰੰਸ ਦੇ ਦੂਸਰੇ ਦਿਨ ਨਾਟਕ ਲੱਛੂ ਕਬਾੜੀਆ ਖੇਡਿਆ ਗਿਆ। ਇਸ ਨਾਟਕ ਰਾਹੀਂ ਉਹਨਾਂ ਨੇ ਭਾਰਤੀ ਸਮਾਜ ਵਿਚ ਜਾਤ-ਪਾਤ ਤੇ ਊਚ ਨੀਚ ਦੇ ਭੇਦਭਾਵ ਉਪਰ ਕਰਾਰੀ ਸੱਟ ਮਾਰੀ ਤੇ ਅਜੋਕੇ ਸਮੇਂ ਵਿਚ ਵੀ ਜਾਤੀ ਵਿਤਕਰੇ ਅਤੇ ਸਮਾਜਿਕ ਅਲਾਮਤਾਂ ਦੇ ਨਾਲ ਦੋਹਰਾ ਕਿਰਦਾਰ ਜਿਊਂਦੇ ਲੋਕਾਂ ਨੂੰ ਹਲੂਣਿਆਂ ਤੇ ਇਕ ਚੰਗੇਰੇ ਤੇ ਨਰੋਏ ਸਮਾਜ ਦੀ ਸਿਰਜਣਾ ਦਾ ਸੱਦਾ ਦਿੱਤਾ।
ਇਸਤੋਂ ਪਹਿਲਾਂ ਉਘੇ ਨਾਟਕਕਾਰ ਪਾਲੀ ਭੁਪਿੰਦਰ ਨੇ ਪੰਜਾਬ ਤੇ ਪਰਵਾਸ ਨਾਲ ਜੁੜੇ ਸਵਾਲਾਂ ਦੇ ਜਵਾਬ ਲੱਭਣ ਲਈ ਪੰਜਾਬੀਆਂ ਨੂੰ ਹਲੂਨਣ ਦਾ ਯਤਨ ਕੀਤਾ। ਸਰੀ ਪੁਲਿਸ ਅਫਸਰ ਜੈਗ ਖੋਸਾ ਨੇ ਪਰਵਾਸ ਦੇ ਅਮਲ ਵਿਚ ਕੈਨੇਡੀਅਨ ਕਨੂੰਨ ਦੀ ਅਹਿਮੀਅਤ ਸਮਝਾਈ। ਹੋਰ ਵਿਦਵਾਨਾਂ ਵਿਚ ਡਾ ਗੁਰਬਖਸ਼ ਭੰਡਾਲ, ਇੰਦਰਜੀਤ ਧਾਮੀ, ਕਮਲਜੀਤ ਢਿੱਲੋਂ ਤੇ ਪ੍ਰਸਿੱਧ ਕਵੀਆਂ ਵਿਚ ਬਾਬਾ ਨਜਮੀ, ਤਾਹਿਰਾ ਸਰਾ, ਸੁਖਵਿੰਦਰ ਅੰਮ੍ਰਿਤ, ਗੁਰਤੇਜ ਕੋਹਾਰਵਾਲਾ, ਡਾ ਗੁਰਮਿੰਦਰ ਸਿੱਧੂ, ਡਾ ਕਰਨੈਲ ਸ਼ੇਰਗਿੱਲ, ਕਵਿੰਦਰ ਚਾਂਦ ਤੇ ਉਘੇ ਗਾਇਕ ਸਰਬਜੀਤ ਚੀਮਾ ਨੇ ਸੰਮੇਲਨ ਨੂੰ ਆਪਣੇ ਸ਼ਬਦਾਂ ਨਾਲ ਮੁੱਲਵਾਨ ਬਣਾਇਆ। ਸ਼ਾਮ ਦਾ ਕਵੀ ਦਰਬਾਰ ਰਾਤਰੀ ਭੋਜ ਤੱਕ ਉਦੈ ਰਿਹਾ।
ਡਾ ਸਾਹਿਬ ਸਿੰਘ  ਵਲੋਂ ਖੇਡੇ ਗਏ ਇਕ ਪਾਤਰੀ ਨਾਟਕਾਂ- ਸੰਦੂਕੜੀ ਖੋਹਲ ਨਰੈਣਿਆਂ ਤੇ ਲੱਛੂ ਕਬਾੜੀਆਂ ਦੀ ਝਲਕੀਆਂ-