Headlines

ਪੰਜਾਬ ਦਾ ਮੁੱਦਾ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਏਜੰਡੇ ਉੱਪਰ ਨਹੀਂ – ਪਾਲੀ ਭੁਪਿੰਦਰ ਸਿੰਘ

ਸਰੀ ਵਿਚ ਲਵਪ੍ਰੀਤ ਸੰਧੂ (ਲੱਕੀ) ਵੱਲੋਂ ਪਾਲੀ ਭੁਪਿੰਦਰ ਸਿੰਘ ਦੇ ਮਾਣ ਵਿੱਚ ਰੱਖੀ ਵਿਸ਼ੇਸ਼ ਮੀਟਿੰਗ-

ਸਰੀ, 12 ਅਕਤੂਬਰ (ਹਰਦਮ ਮਾਨ)-ਪੰਜਾਬ ਬਹੁਤ ਹੀ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਪਰ ਅਫਸੋਸ ਹੈ ਕਿ ਪੰਜਾਬ ਦਾ ਮੁੱਦਾ ਪੰਜਾਬ ਦੀ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਏਜੰਡੇ ਉੱਪਰ ਨਹੀਂ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਦਰਪੇਸ਼ ਮਸਲਿਆਂ ਨੂੰ ਹੱਲ ਕਰਨ ਲਈ ਲੋਕਾਂ ਨੂੰ ਹੀ ਲੜਾਈ ਲੜਨੀ ਪੈਣੀ ਹੈ। ਇਹ ਵਿਚਾਰ ਪੰਜਾਬੀ ਦੇ ਨਾਮਵਰ ਨਾਟਕਕਾਰ, ਫਿਲਮ ਲੇਖਕ, ਨਿਰਦੇਸ਼ਕ ਅਤੇ ਚਿੰਤਕ ਪਾਲੀ ਭੁਪਿੰਦਰ ਸਿੰਘ ਨੇ ਸਰੀ ਦੇ ਅਗਾਂਹਵਧੂ ਨੌਜਵਾਨ ਅਤੇ ਫਿਲਮ ਪ੍ਰੋਡਿਊਸਰ ਲਵਪ੍ਰੀਤ ਸੰਧੂ (ਲੱਕੀ) ਵੱਲੋਂ ਆਪਣੇ ਨਿਵਾਸ ਸਥਾਨ ਤੇ ਉਸ ਦੇ ਮਾਣ ਵਿੱਚ ਰੱਖੀ ਇੱਕ ਮੀਟਿੰਗ ਵਿੱਚ ਬੋਲਦਿਆਂ ਪ੍ਰਗਟ ਕੀਤੇ। ਇਸ ਮੀਟਿੰਗ ਵਿਚ ਸਰੀ ਅਤੇ ਵੈਨਕੂਵਰ ਇਲਾਕੇ ਦੀਆਂ ਪੰਜਾਬੀ ਸੱਭਿਆਚਾਰ, ਕਲਾ, ਸਾਹਿਤ, ਫਿਲਮ ਅਤੇ ਹੋਰ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਉੱਘੀਆਂ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ।

ਮੀਟਿੰਗ ਦੇ ਆਗਾਜ਼ ਵਿਚ ਲਵਪ੍ਰੀਤ ਸੰਧੂ (ਲੱਕੀ) ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਹਾਜਰ ਸ਼ਖ਼ਸੀਅਤਾਂ ਦੀ ਪਾਲੀ ਭੁਪਿੰਦਰ ਨਾਲ ਜਾਣ ਪਛਾਣ ਕਰਵਾਈ। ਪਾਲੀ ਭੁਪਿੰਦਰ ਸਿੰਘ ਨੇ ਬੜੀ ਬੇਬਾਕੀ ਨਾਲ ਆਪਣੇ ਜੀਵਨ ਦੀ ਸੰਘਰਸ਼ ਕਹਾਣੀ ਬਿਆਨ ਕੀਤੀ। ਆਪਣੇ ਸਾਹਿਤਕ ਸਫਰ ਦੀ ਗੱਲ ਕਰਦਿਆਂ ਉਸ ਨੇ ਦੱਸਿਆ ਕਿ ਉਹ ਪੰਜਾਬੀ ਦੇ ਮਹਾਨ ਨਾਵਲਕਾਰ ਗੁਰਦਿਆਲ ਸਿੰਘ ਅਤੇ ਉਸਤਾਦ ਸ਼ਾਇਰ ਦੀਪਕ ਜੈਤੋਈ ਦੀ ਧਰਤੀ ਜੈਤੋ ਦਾ ਜੰਮਪਲ ਹੈ ਅਤੇ  ਕਾਲਜ ਵਿਚ ਪੜ੍ਹਦੇ ਸਮੇਂ ਕਵਿਤਾ ਲਿਖਣ ਤੋਂ ਸਾਹਿਤਕ ਸਫਰ ਸ਼ੁਰੂ ਕੀਤਾ ਸੀ ਤੇ ਬਾਅਦ ਵਿੱਚ ਨਾਟਕੀ ਵਿਧਾ ਨੂੰ ਅਪਣਾ ਲਿਆ। ਹੁਣ ਤੱਕ ਉਸ ਨੇ 35 ਨਾਟਕ ਲਿਖੇ ਹਨ ਜੋ ਵੱਖ ਵੱਖ ਕਲਾਸਾਂ ਦੇ ਸਿਲੇਬਸਾਂ ਵਿੱਚ ਲੱਗੇ ਹੋਏ ਹਨ। ਉਸ ਦੇ ਕਈ ਨਾਟਕ ਹਿੰਦੀ, ਮਰਾਠੀ, ਬੰਗਾਲੀ ਅਤੇ ਅੰਗਰੇਜ਼ੀ ਵਿੱਚ ਵੀ ਅਨੁਵਾਦ ਹੋ ਕੇ ਛਪ ਰਹੇ ਹਨ।

ਪੰਜਾਬ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇੱਕ ਬਹੁਤ ਵੱਡਾ ਤਜਰਬਾ ਕਰਕੇ, ਰਵਾਇਤੀ ਪਾਰਟੀਆਂ ਨੂੰ ਰਾਜਨੀਤਕ ਪਰਦੇ ਤੋਂ ਲਾਂਭੇ ਕਰ ਦਿੱਤਾ ਸੀ ਅਤੇ ਇੱਕ ਨਵੀਂ ਪਾਰਟੀ ਨੂੰ 92 ਸੀਟਾਂ ਦੀ ਸ਼ਾਨਦਾਰ ਜਿੱਤ ਦੁਆ ਕੇ ਪੰਜਾਬ ਦੀ ਵਾਂਗਡੋਰ ਸੰਭਾਲਣ ਦਾ ਮੌਕਾ ਦਿੱਤਾ ਪਰ ਦੁੱਖ ਦੀ ਗੱਲ ਹੈ ਕਿ ਇਹ ਸਰਕਾਰ ਵੀ ਪਹਿਲੀਆਂ ਸਰਕਾਰਾਂ ਦੇ ਪਦ ਚਿਨ੍ਹਾਂ ਉੱਪਰ ਚੱਲ ਰਹੀ ਹੈ ਅਤੇ ਆਪਣੇ ਵਾਅਦੇ, ਲੋਕਾਂ ਦੇ ਮਸਲੇ ਵਿਸਾਰ ਚੁੱਕੀ ਹੈ।

ਸੋਸ਼ਲ ਮੀਡੀਆ ਤੇ ਸਰਗਰਮ ਹੋਣ ਬਾਰੇ ਉਸ ਨੇ ਸਪੱਸ਼ਟ ਕੀਤਾ ਕਿ ਉਸ ਨੇ ਸੋਸ਼ਲ ਮੀਡੀਆ ਨੂੰ ਹਥਿਆਰ ਦੇ ਤੌਰ ‘ਤੇ ਇਸਤੇਮਾਲ ਕਰ ਕੇ ਪੰਜਾਬ ਦੇ ਲੋਕ ਮਸਲਿਆਂ ਪ੍ਰਤੀ ਲੋਕਾਂ ਨੂੰ ਜਾਗ੍ਰਿਤ ਕੀਤਾ ਹੈ ਅਤੇ ਏਸ ਮੀਡੀਆ ਦੀ ਬਦੌਲਤ ਹੀ ਪੰਜਾਬ ਵਿੱਚ ਨਸ਼ਿਆਂ ਦੇ ਖਿਲਾਫ ‘ਮਰੋ ਜਾਂ ਵਿਰੋਧ ਕਰੋ’ ਲਹਿਰ ਚਲਾ ਕੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਪੁੱਠੇ ਪੈਰੀਂ ਮੁੜਨ ਲਈ ਮਜਬੂਰ ਕਰ ਦਿੱਤਾ ਸੀ। ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਦਾ ਮਸਲਾ ਵੀ ਸੋਸ਼ਲ ਮੀਡੀਆ ਨੂੰ ਹਥਿਆਰ ਬਣਾ ਕੇ ਹੀ ਲੜਿਆ ਹੈ ਅਤੇ ਸਭ ਤੋਂ ਪਹਿਲੀ ਲੜਾਈ ‘ਪਾਰਕਿੰਗ ਮਾਫੀਆ’ ਵਿਰੁੱਧ ਲੜੀ ਅਤੇ ਲੁਧਿਆਣਾ, ਜਗਰਾਉਂ, ਮੋਗਾ ਦੇ ਇਲਾਕੇ ਵਿੱਚ ਹੋ ਰਹੀ ਗੁੰਡਾਗਰਦੀ ਨੂੰ ਬੰਦ ਕਰਵਾਇਆ ਸੀ।

ਪਾਲੀ ਭੁਪਿੰਦਰ ਸਿੰਘ ਨੇ ਇਹ ਵੀ ਪ੍ਰਵਾਨ ਕੀਤਾ ਕਿ ਰਾਜਨੀਤੀ ਵਿੱਚ ਆਉਣ ਕਰਕੇ ਉਸ ਨੂੰ ਆਪਣੇ ਨਾਟਕ ਅਤੇ ਫਿਲਮਾਂ ਦੇ ਖੇਤਰ ਵਿੱਚ ਵੀ ਕਾਫੀ ਨੁਕਸਾਨ ਸਹਿਣਾ ਪਿਆ ਹੈ ਅਤੇ ਹੁਣ ਵੁਸ ਨੇ ਆਪਣੇ ਨਾਟਕ ਤੇ ਫਿਲਮਾਂ ਦੇ ਅਸਲੀ ਕਾਰਜ ਵੱਲ ਸਾਰਾ ਧਿਆਨ ਫੋਕਸ ਕਰਨ ਦਾ ਫੈਸਲਾ ਕੀਤਾ ਹੈ। ਉਸ ਨੇ ਇਹ ਵੀ ਇਸ਼ਾਰਾ ਕੀਤਾ ਕਿ ਆਉਂਦੇ ਦਿਨਾਂ ਵਿੱਚ ਸਰੀ, ਵੈਨਕੂਵਰ ਦੀ ਬਹੁਤ ਹੀ ਖੂਬਸੂਰਤ ਫ਼ਿਜ਼ਾਅ ਵਿਚ ਲੱਕੀ ਸੰਧੂ ਜਿਹੇ ਦੋਸਤਾਂ ਨਾਲ ਰਲ ਕੇ ਪੰਜਾਬੀ ਫਿਲਮਾਂ ਲਈ ਨਿੱਗਰ ਕਾਰਜ ਕੀਤਾ ਜਾਵੇਗਾ।

ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਜੋਤੀ ਸਹੋਤਾ, ਡਾ. ਹਾਕਮ ਸਿੰਘ ਭੁੱਲਰ, ਵਿਸ਼ਾਲ ਗਰਗ, ਜੇ. ਮਿਨਹਾਸ, ਜੇ. ਐਸ. ਚੀਮਾ, ਇੰਦਰਜੀਤ ਬੈਂਸ, ਭੁਪਿੰਦਰ ਮੱਲ੍ਹੀ, ਨਵਦੀਪ ਬਾਜਵਾ, ਪ੍ਰੋ. ਗੋਪਾਲ ਸਿੰਘ ਬੁੱਟਰ, ਹਰਦਮ ਮਾਨ, ਅੰਗਰੇਜ਼ ਬਰਾੜ, ਅਸ਼ੋਕ ਬਾਂਸਲ ਮਾਨਸਾ, ਬਲਵੀਰ ਬੋਪਾਰਾਏ, ਡਾ. ਸ਼ਬਨਮ ਮੱਲ੍ਹੀ, ਅਮਨ ਧਾਲੀਵਾਲ, ਕਰਮ ਬਾਠ, ਰੂਪਨ ਕਾਹਲੋਂ, ਬਲਰਾਜ ਸਿਵੀਆ, ਡਾ. ਸਈਅਦ ਫਰੀਦ, ਮਨਪ੍ਰੀਤ ਜਵੰਦਾ, ਰਣਦੀਪ ਖਹਿਰਾ ਅਤੇ ਨਵਤੇਜ ਸੰਧੂ ਸ਼ਾਮਲ ਹੋਏ।