Headlines

ਅਲਟੀਮੇਟਮ ਦੇ ਬਾਵਜੂਦ ਕੈਨੇਡਾ ਨੇ ਭਾਰਤ ਚੋਂ ਆਪਣੇ ਵਾਧੂ ਡਿਪਲੋਮੈਟ ਵਾਪਸ ਨਹੀਂ ਬੁਲਾਏ

ਭਾਰਤ ਵੱਲੋਂ  ਨਰਮ ਵਤੀਰੇ ਕਾਰਣ ਤਣਾਅ ਘਟਣ ਦੇ  ਸੰਕੇਤ-

ਓਟਵਾ ( ਦੇ ਪ੍ਰ ਬਿ)–ਕੈਨੇਡਾ ਸਰਕਾਰ ਦੇ ਇਕ ਸੀਨੀਅਰ ਸੂਤਰ ਨੇ ਦੱਸਿਆ ਕਿ ਨਵੀਂ ਦਿੱਲੀ ਵਲੋਂ ਕਥਿਤ ਰੂਪ ਵਿਚ ਓਟਵਾ ਨੂੰ ਭਾਰਤ ਵਿਚੋਂ ਆਪਣੇ ਮਿਸ਼ਨ ਵਿਚੋ ਕੂਟਨੀਤਕਾਂ ਦੀ ਗਿਣਤੀ ਘੱਟ ਕਰਨ ਲਈ ਕਹਿਣ ਦੇ ਬਾਵਜੂਦ ਕੈਨੇਡਾ ਨੇ ਭਾਰਤ ਤੋਂ ਕਿਸੇ ਵੀ ਡਿਪਲੋਮੈਟ ਨੂੰ ਵਾਪਸ ਨਹੀਂ ਸੱਦਿਆ| ‘ਦੀ ਫਾਈਨੈਂਸ਼ਲ ਟਾਈਮਜ਼’ ਨੇ ਪਹਿਲੀ ਵਾਰ 3 ਅਕਤੂਬਰ ਨੂੰ ਆਪਣੀ ਰਿਪੋਰਟ ਵਿਚ ਦੱਸਿਆ ਸੀ ਕਿ ਭਾਰਤ ਸਰਕਾਰ ਨੇ ਓਟਵਾ ਨੂੰ ਕਿਹਾ ਕਿ ਉਹ ਸਮੁੱਚੇ ਭਾਰਤ ਵਿਚ ਆਪਣੇ ਮਿਸ਼ਨਾਂ ਵਿਚੋਂ ਦਰਜਨਾਂ ਕੂਟਨੀਤਕਾਂ ਨੂੰ ਵਾਪਸ ਬੁਲਾ ਲਵੇ| ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਇਹ ਦੋਸ਼ ਲਗਾਉਣ ਕਿ ਇਕ ਕੈਨੇਡੀਅਨ ਸਿੱਖ ਨਾਗਰਿਕ ਦੇ ਕਤਲ ਪਿੱਛੇ ਨਵੀਂ ਦਿੱਲੀ ਦਾ ਹੱਥ ਹੈ ਪਿੱਛੋਂ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਤਣਾਅ ਪੈਦਾ ਹੋ ਗਿਆ ਸੀ| ਖ਼ਬਰ  ਸੀ ਕਿ ਭਾਰਤ ਨੇ ਕੈਨੇਡਾ ਨੂੰ 10 ਅਕਤੂਬਰ ਤਕ ਆਪਣੇ 41 ਕੂਟਨੀਤਕਾਂ ਨੂੰ ਵਾਪਸ ਬੁਲਾਉਣ ਲਈ ਕਿਹਾ ਸੀ ਅਤੇ ਨਵੀਂ ਦਿੱਲੀ ਨੇ ਇਹ ਵੀ ਧਮਕੀ ਦਿੱਤੀ ਸੀ ਕਿ ਉਸ ਤਾਰੀਕ ਪਿੱਛੋਂ ਭਾਰਤ ਵਿਚ ਰਹਿਣ ਵਾਲੇ ਡਿਪਲੋਮੈਟਾਂ ਨੂੰ ਮਿਲਦੀ ਕੂਟਨੀਤਕ ਛੋਟ ਰੱਦ ਕਰ ਦਿੱਤੀ ਜਾਵੇਗੀ| ਬੁੱਧਵਾਰ ਨੂੰ ਫੈਡਰਲ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਓਟਵਾ ਨੇ ਭਾਰਤ ਨਾਲ ਸ਼ੁਰੂ ਦੇ ਵਿਵਾਦ ਸਮੇਂ ਕੀਤੇ ਕੁਝ ਸੁਧਾਰਾਂ ਨੂੰ ਛੱਡ ਕੇ ਭਾਰਤ ਵਿਚੋਂ ਆਪਣੇ ਕੂਟਨੀਤਕਾਂ ਨੂੰ ਵਾਪਸ ਨਹੀਂ ਬੁਲਾਇਆ| ਮਾਮਲੇ ਦੀ ਸਿੱਧੀ ਜਾਣਕਾਰੀ ਰੱਖਣ ਵਾਲੇ ਇਕ ਹੋਰ ਸੂਤਰ ਨੇ ਦੱਸਿਆ ਕਿ ਭਾਰਤ ਨੇ ਲਚਕੀਲਾਪਨ ਦਿਖਾਇਆ ਹੈ ਕਿਉਂਕਿ ਦੁਵੱਲੇ ਤਣਾਅ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ ਵਜੋਂ ਪਰਦੇ ਦੇ ਪਿੱਛੇ ਸਮਝੌਤਾ ਗੱਲਬਾਤ ਲਗਾਤਾਰ ਜਾਰੀ ਹੈ| ਪ੍ਰਧਾਨ ਮੰਤਰੀ ਟਰੂਡੋ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਵਿਨਸੈਂਟ ਰਿਗਬੀ ਨੇ ਕਿਹਾ ਕਿ ਜੇਕਰ ਅਜੇ ਤਕ ਸਾਡੇ ਡਿਪਲੋਮੈਟ ਬਾਹਰ ਨਹੀਂ ਕੱਢੇ ਗਏ ਤਾਂ ਇਹ ਇਕ ਚੰਗਾ ਸੰਕੇਤ ਹੈ| ਜੇਕਰ ਭਾਰਤ ਸਰਕਾਰ ਆਪਣੀ ਸਥਿਤੀ ’ਤੇ ਮੁੜ ਵਿਚਾਰ ਕਰ ਰਹੀ ਹੈ ਤਾਂ ਇਹ ਸਵਾਗਤਯੋਗ ਖ਼ਬਰ ਹੈ |