Headlines

ਸਰੀ ਵਿਚ ਮਾਣਮੱਤੇ ਪੰਜਾਬੀ ਲੋਕ ਕਵੀ ਗੁਰਦਾਸ ਰਾਮ ਆਲਮ ਨੂੰ ਸਮਰਪਿਤ ਸਮਾਗਮ

ਸਰੀ, 13 ਅਕਤੂਬਰ (ਹਰਦਮ ਮਾਨ)- ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ ਵੱਲੋਂ ਬੀਤੇ ਐਤਵਾਰ ਸੀਨੀਅਰ ਸਿਟੀਜ਼ਨ ਸੈਂਟਰ ਸਰੀ ਵਿਚ ਪੰਜਾਬੀਆਂ ਦੇ ਮਾਣ ਗੁਰਦਾਸ ਰਾਮ ਆਲਮ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਮੁੱਖ ਬੁਲਾਰੇ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਗੁਰਦਾਸ ਰਾਮ ਆਲਮ ਸਹੀ ਅਰਥਾਂ ਵਿੱਚ ਲੋਕ ਕਵੀ ਸੀ, ਜਿਸ ਨੇ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਨੂੰ ਲੋਕ ਦਿਲਾਂ ਤੱਕ ਪਹੁੰਚਾਇਆ। ਉਸ ਨੇ ਸਮੁੱਚਾ ਜੀਵਨ ਪੰਜਾਬੀ ਬੋਲੀ ਅਤੇ ਸਾਹਿਤ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਆਲਮ ਸਾਹਿਬ ਸਮਕਾਲੀ ਕਵੀਆਂ ‘ਚੋਂ ਬਿਹਤਰ ਸ਼ਾਇਰ ਸਨ ਪਰ ਦੁੱਖ ਦੀ ਗੱਲ ਹੈ ਕਿ ‘ਵੱਡੇ ਸਾਹਿਤਕਾਰਾਂ’ ਨੇ ਆਲਮ ਸਾਹਿਬ ਦਾ ਕਿਧਰੇ ਵੀ ਜ਼ਿਕਰ ਨਹੀਂ ਕੀਤਾ। ਉਨ੍ਹਾਂ ਆਲਮ ਸਾਹਿਬ ਨੂੰ ‘ਅਸਲੀ ਗੁਰਦਾਸ’ ਅਤੇ ਗੁਰਦਾਸ ਮਾਨ ਨੂੰ ‘ਨਕਲੀ ਗੁਰਦਾਸ’ ਕਿਹਾ। ਆਲਮ ਸਾਹਿਬ ਦੇ ਗੀਤ ਅਤੇ ਕਵਿਤਾਵਾਂ ਸਦਾ ਹੀ ਜਿਉਂਦੀਆਂ ਰਹਿਣਗੀਆਂ। ਉਹ ਪੰਜਾਬੀ ਮਾਂ ਬੋਲੀ ਦੇ ‘ਅਸਲੀ ਗੁਰਦਾਸ’ ਅਤੇ ਪੰਜਾਬੀ ਅਤੇ ਪੰਜਾਬੀਆਂ ਦਾ ਮਾਣ ਹਨ, ਜਿਹਨਾਂ ਦੀ ਕਵਿਤਾ “ਕਿਉਂ ਬਈ ਨਿਹਾਲਿਆ ਆਜ਼ਾਦੀ ਨਹੀਂ ਵੇਖੀ?” ਅੱਜ ਵੀ ਲੋਕ ਮਨਾਂ ਦਾ ਹਿੱਸਾ ਬਣੀ ਹੋਈ ਹੈ ਅਤੇ ਭਾਰਤ ਦੀ ਮੌਜੂਦਾ ਆਰਥਿਕ, ਸਮਾਜਿਕ, ਸਭਿਆਚਾਰਕ, ਧਾਰਮਿਕ ਅਤੇ ਮੀਡੀਆ ਦੀ ਗੁਲਾਮੀ ਵਾਲੀ ਸਥਿਤੀ ਨੂੰ ਬਾਖੂਬੀ ਪੇਸ਼ ਕਰ ਰਹੀ ਹੈ।

ਉਹਨਾਂ ਕਿਹਾ ਕਿ ਅਜੋਕੇ ਸਮੇਂ ਭਾਰਤ ਅੰਦਰ ਕਵੀ, ਲੇਖਕ ਅਤੇ ਪੱਤਰਕਾਰ ਜੇਲਾਂ ‘ਚ ਸੁੱਟੇ ਜਾ ਰਹੇ ਹਨ, ਪਰ ਜ਼ਿਆਦਾਤਰ ਕਵੀਆਂ ਅਤੇ ਲੇਖਕਾਂ ਦੀਆਂ ਕਲਮਾਂ ਚੁੱਪ ਹਨ ਅਤੇ ਉਹਨਾਂ ਨੇ ਮੂੰਹਾਂ ‘ਚ ਘੁੰਗਣੀਆਂ ਪਾਈਆਂ ਹੋਈਆਂ ਹਨ, ਜੋ ਕਿ ਸ਼ਰਮਨਾਕ ਵਰਤਾਰਾ ਹੈ। ਉਨ੍ਹਾਂ ਕਿਹਾ ਅੱਜ ਖੁਸ਼ੀ ਵੀ ਹੈ ਕਿ ‘ਮਲਿਕ ਭਾਗੋ ਦੇ ਪੂੜਿਆਂ ਦੇ ਪਕਵਾਨ’ ਛੱਡ ਕੇ, ‘ਭਾਈ ਲਾਲੋ ਦੀ ਕੋਧਰੇ ਦੀ ਰੋਟੀ ਦਾ ਆਨੰਦ ਮਾਨਣ ਲਈ’ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ, ਕਿਰਤੀ ਕਵੀ ਗੁਰਦਾਸ ਰਾਮ ਆਲਮ ਦੇ ਸਮਾਗਮ ਵਿੱਚ ਪਹੁੰਚੇ ਹਨ।

 ਇਸ ਮੌਕੇ ਸੰਸਥਾ ਦੇ ਮੋਢੀ ਪ੍ਰਿੰਸੀਪਲ ਮਲੂਕ ਚੰਦ ਕਲੇਰ ਨੇ ਸੰਸਥਾ ਦੇ ਸੰਵਿਧਾਨ ਬਾਰੇ ਜਾਣਕਾਰੀ ਦਿੱਤੀ ਅਤੇ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਸਭਨਾਂ ਨੂੰ ਜੀ ਆਇਆਂ ਨੂੰ ਕਿਹਾ। ਉਹਨਾਂ ਦੱਸਿਆ ਕਿ ਲੋਕ ਕਵੀ ਗੁਰਦਾਸ ਰਾਮ ਆਲਮ ਨੂੰ ਸਮਰਪਿਤ ਇਹ ਸੱਤਵਾਂ ਸਾਹਿਤਕ ਸਮਾਗਮ ਹੈ ਅਤੇ ਅਗਲਾ ਸਮਾਗਮ ਮਹਾਨ ਕਵੀ ਧਨੀ ਰਾਮ ਚਾਤ੍ਰਿਕ ਨੂੰ ਸਮਰਪਿਤ ਹੋਵੇਗਾ।

ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਲੇਖਕ ਅਸ਼ੋਕ ਬਾਂਸਲ ਮਾਨਸਾ ਨੇ ਆਪਣੀ ਕਿਤਾਬ ‘ਮਿੱਟੀ ਨੂੰ ਫਰੋਲ ਜੋਗੀਆ’ ਵਿਚ ਮਹਾਨ ਸ਼ਾਇਰ ਗੁਰਦਾਸ ਰਾਮ ਆਲਮ ਸਮੇਤ ਵੀਹ ਸੁੱਚੇ ਮੋਤੀਆਂ ਨੂੰ ਸਜਾਉਣ ਦੀ ਗੱਲ ਕੀਤੀ। ਅਸ਼ੋਕ ਬਾਂਸਲ ਨੇ ਇਹ ਵੀ ਦੱਸਿਆ ਕਿ ਕਿਵੇਂ ਸਾਹਿਤਕਾਰਾਂ ਦੀਆਂ ਲਿਖਤਾਂ ਦੀ ਚੋਰੀ ਕਰਕੇ, ਕਈ ‘ਬੇਈਮਾਨ ਗਾਇਕ ਉਹਨਾਂ ਦੇ ਗੀਤ ਗਾਉਂਦੇ ਰਹੇ, ਪਰ ਉਹਨਾਂ ਗੁੰਮਨਾਮ ਸ਼ਾਇਰਾਂ ਨੂੰ ਕਦੇ ਵੀ ਯਾਦ ਨਾ ਕੀਤਾ। ਉਨ੍ਹਾਂ ਇਹ ਕਿਤਾਬ ਲੋਕ ਕਵੀ ਗੁਰਦਾਸ ਰਾਮ ਆਲਮ ਸੰਸਥਾ ਅਤੇ ਸੀਨੀਅਰ ਸੈਂਟਰ ਨੂੰ ਭੇਟ ਕੀਤੀ। ਇਸ ਸਮਾਗਮ ਨੂੰ ਭੁਪਿੰਦਰ ਸਿੰਘ ਮੱਲੀ, ਪ੍ਰਿੰਸੀਪਲ ਕਸ਼ਮੀਰਾ ਸਿੰਘ, ਦਰਸ਼ਨ ਸਿੰਘ ਅਟਵਾਲ, ਕੈਪਟਨ ਜੀਤ ਮਹਿਰਾ, ਮਾਸਟਰ ਅਮਰੀਕ ਸਿੰਘ ਲੇਹਲ, ਹਰਚੰਦ ਸਿੰਘ ਗਿੱਲ ਅਤੇ ਹਰਪਾਲ ਸਿੰਘ ਬਰਾੜ (ਪ੍ਰਧਾਨ ਸੀਨੀਅਰ ਸੈਂਟਰ) ਨੇ ਵੀ ਸੰਬੋਧਨ ਕੀਤਾ। ਇਸ ਮੌਕੇ ‘ਤੇ ਰਜਿੰਦਰ ਸਿੰਘ ਪੰਧੇਰ ਵੱਲੋਂ ਨਵੀਂ ਕਿਤਾਬ ਸੰਸਥਾ ਨੂੰ ਭੇਟ ਕੀਤੀ ਗਈ।

ਸਮਾਗਮ ਵਿਚ ਪ੍ਰਸਿੱਧ ਸ਼ਾਇਰ ਮੋਹਨ ਗਿੱਲ, ਗੁਰਮੀਤ ਸਿੰਘ ਸਿੱਧੂ, ਹਰਦਮ ਸਿੰਘ ਮਾਨ,  ਗੁਰਮੀਤ ਸਿੰਘ ਸੇਖੋ, ਗੁਰਮੀਤ ਸਿੰਘ ਕਾਲਕਟ, ਅਮਰੀਕ ਸਿੰਘ ਮਾਨ, ਸ਼ਿੰਗਾਰਾ ਸਿੰਘ ਸੰਧੂ, ਮੇਘ ਨਾਥ ਸ਼ਰਮਾ, ਜਗਜੀਤ ਸਿੰਘ ਸੇਖੋ, ਸੁਰਜੀਤ ਸਿੰਘ ਟਿੱਬਣ, ਨਛੱਤਰ ਸਿੰਘ ਦੰਦੀਵਾਲ, ਕਿਰਪਾਲ ਸਿੰਘ ਪੰਧੇਰ, ਅਵਤਾਰ ਸਿੰਘ ਜਸਵਾਲ, ਬਖਸ਼ੀਸ਼ ਸਿੰਘ ਮਹਿਰੂਕ, ਅਵਤਾਰ ਸਿੰਘ ਧਾਲੀਵਾਲ, ਸਰਬਜੀਤ ਸਿੰਘ ਬੰਡਾਲਾ ਮੰਜਕੀ, ਦਿਲਬਾਗ ਸਿੰਘ ਬੰਡਾਲਾ, ਅਮਰੀਕਾ ਤੋਂ ਸ਼ਾਇਰ ਕੁਲਵਿੰਦਰ ਸਿੰਘ ਬਾਠ, ਸੁਰਜੀਤ ਸਿੰਘ ਬਾਠ, ਜੋਗਿੰਦਰ ਕੌਰ, ਹਰਬੰਸ ਕੌਰ, ਪ੍ਰੋ. ਨਿਰਮਲ ਕੌਰ ਗਿੱਲ, ਅਵਤਾਰ ਸਿੰਘ ਢਿੱਲੋਂ, ਜਸਵੀਰ ਸਿੰਘ ਜੰਡੂ, ਸੀਤਾ ਰਾਮ ਅਹੀਰ, ਨਾਵਲਕਾਰ ਚਰਨਜੀਤ ਸਿੰਘ ਸੁੱਜੋਂ, ਗੁਰਮੁਖ ਸਿੰਘ ਦਿਉਲ, ਪ੍ਰਗਟ ਸਿੰਘ ਧਾਲੀਵਾਲ, ਸੁਰਿੰਦਰਜੀਤ ਸਿੰਘ ਭੇਲਾ, ਪੱਤਰਕਾਰ ਰਸ਼ਪਾਲ ਸਿੰਘ ਗਿੱਲ, ਕਰਮਜੀਤ ਸਿੰਘ ਬੁੱਟਰ ਅਤੇ ਅਵਤਾਰ ਸਿੰਘ ਢਿੱਲੋਂ ਸਮੇਤ ਵੱਡੀ ਗਿਣਤੀ ‘ਚ ਸਰੋਤੇ ਸ਼ਾਮਲ ਸਨ।