Headlines

ਇੰਡੋ ਕੈਨੇਡੀਅਨ ਲੋਕਾਂ ਨੂੰ ਵੀਜ਼ਾ ਸਹੂਲਤ ਤੁਰੰਤ ਬਹਾਲ ਕੀਤੀ ਜਾਵੇ-ਸੁਸ਼ੀਲ ਰਿੰਕੂ

ਪ੍ਰਧਾਨ ਮੰਤਰੀ ਦੇ ਸਲਾਹਕਾਰ ਨੂੰ ਮੰਗ ਪੱਤਰ ਦਿੱਤਾ-

ਕੈਲਗਰੀ ( ਦਲਵੀਰ ਜੱਲੋਵਾਲੀਆ)-ਕੈਨੇਡਾ-ਭਾਰਤ ਸਬੰਧਾਂ ਵਿਚਾਲੇ ਤਣਾਅ ਦੇ ਚਲਦਿਆਂ ਭਾਰਤ ਵਲੋਂ ਕੈਨੇਡੀਅਨ ਨਾਗਰਿਕਾਂ ਦੇ ਵੀਜ਼ੇ ਅਣਮਿਥੇ ਸਮੇਂ ਲਈ ਮੁਲਤਵੀ ਕੀਤੇ ਜਾਣ ਕਾਰਣ ਕੈਨੇਡਾ ਵਿਚ ਵਸਦੇ ਪ੍ਰਵਾਸੀ ਭਾਰਤੀ ਭਾਈਚਾਰੇ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਦੀਆਂ ਦੇ ਦਿਨਾਂ ਦੌਰਾਨ ਭਾਰਤ ਵਿਚ ਸਮਾਜਿਕ ਕਾਰਜਾਂ ਵਿਚ ਸ਼ਾਮਿਲ ਹੋਣ ਵਾਲੇ ਇੰਡੋ ਕੈੇਨੇਡੀਅਨ ਲੋਕਾਂ ਨੂੰ ਵੀਜ਼ੇ ਨਾ ਮਿਲਣ ਕਾਰਣ ਹਵਾਈ ਟਿਕਟਾਂ ਰੱਦ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਰਿਸ਼ਤੇਦਾਰਾਂ ਵਲੋਂ ਉਹਨਾਂ ਦੀ ਸ਼ਮੂਲੀਅਤ ਯਕੀਨੀ ਨਾ  ਹੋਣ ਕਾਰਣ ਪ੍ਰੋਗਰਾਮ ਰੱਦ ਕੀਤੇ ਜਾਣ ਦੀ ਨੌਬਤ ਆ ਗਈ ਹੈ। ਪ੍ਰਵਾਸੀ ਭਾਰਤੀਆਂ ਦੀ ਇਸ ਵੱਡੀ ਸਮੱਸਿਆ ਨੂੰ ਵੇਖਦਿਆਂ ਬੀਤੇ ਦਿਨ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਐਮ ਪੀ ਸ੍ਰੀ ਸੁਸ਼ੀਲ ਰਿੰਕੂ ਨੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੇ ਸਲਾਹਕਾਰ ਸ੍ਰੀ ਤਰੁਣ ਕਪੂਰ ਨਾਲ ਮੁਲਾਕਾਤ ਕੀਤੀ ਤੇ ਇਕ ਮੰਗ ਪੱਤਰ ਰਾਹੀਂ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸਹੂਲਤ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ। ਸ੍ਰੀ ਰਿੰਕੂ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਪੰਜਾਬੀ ਅਤੇ ਹੋਰ ਰਾਜਾਂ ਦੇ ਅੇਨ ਆਰ ਆਈ ਪਰਿਵਾਰਾਂ ਨੂੰ ਭਾਰਤ ਵਿੱਚ ਆਉਣ ਲਈ ਵੀਜ਼ੇ ਨਾ ਮਿਲਣ ਕਾਰਣ ਇਕ ਅਨਿਸਚਤਤਾ ਦਾ ਮਾਹੌਲ ਬਣਿਆ ਹੋਇਆ ਹੈ। । ਬਹੁਤ ਸਾਰੇ  ਐਨ ਆਰ ਆਈ ਪਰਿਵਾਰਾਂ ਨੇ ਭਾਰਤ ਵਿਚ ਦੁੱਖ -ਸੁੱਖ , ਸਿਹਤ ਸੇਵਾਂਵਾ ਜਾਂ ਹੋਰ ਕਈ ਤਰਾਂ ਦੇ ਕਾਰਜ ਜਿਨਾਂ ਦਾ ਸਮਾਂ ਪਹਿਲਾ ਹੀ ਮਿਥਿਆ ਹੋਇਆ ਹੈ, ਵੀਜ਼ਾ ਨਾ ਮਿਲਣ ਕਰਕੇ ਇਹ ਲੋਕ ਪਰੇਸ਼ਾਨ ਹਨ। ਉਹਨਾਂ ਕਿਹਾ ਕਿ  ਪ੍ਰਧਾਨ ਮੰਤਰੀ ਦੇ ਸਲਾਹਕਾਰ ਸ੍ਰੀ ਤਰੁਣ ਕਪੂਰ ਨਾਲ ਮੁਲਾਕਾਤ ਦੌਰਾਨ ਉਕਤ ਮੁੱਦੇ ਉਠਾਏ ਗਏ ਜਿਹਨਾਂ ਨੂੰ ਜਲਦ ਹੱਲ ਕਰਵਾਉਣ ਦਾ ਉਹਨਾਂ ਨੇ ਭਰੋਸਾ ਦਿੱਤਾ ਹੈ ।