Headlines

ਪਰਵਾਸੀ ਦਰਦ ਦੀ ਕਹਾਣੀ ”ਸਰਦਾਰਾ ਐਂਡ ਸੰਨਜ਼” 27 ਅਕਤੂਬਰ ਨੂੰ ਹੋਵੇਗੀ ਰੀਲੀਜ਼

ਫਿਲਮ ਦੀ ਸਟਾਰ ਕਾਸਟ ਵਿਚ ਯੋਗਰਾਜ ਸਿੰਘ ਤੇ ਸਰਬਜੀਤ ਚੀਮਾ ਪੱਤਰਕਾਰਾਂ ਦੇ ਰੂਬਰੂ ਹੋਏ-

ਸਰੀ ( ਦੇ ਪ੍ਰ ਬਿ)- ਨਿਊਕਲੀਅਰ ਪ੍ਰੋਡਕਸ਼ਨ ਦੇ ਬੈਨਰ ਹੇਠ ਨਵੀਂ  ਬਣੀ ਪੰਜਾਬੀ ਫਿਲਮ ”ਸਰਦਾਰਾ ਐਂਡ ਸੰਨਜ਼”  ਇਸ 27 ਅਕਤੂਬਰ ਨੂੰ ਵਿਸ਼ਵ ਭਰ ਦੇ ਸਿਨੇਮਾ ਘਰਾਂ ਵਿਚ ਰੀਲੀਜ਼ ਹੋਣ ਜਾ ਰਹੀ ਹੈ। ਅੱਜ ਇਥੇ ਫਿਲਮ ਦੇ ਨਿਰਮਾਤਾ ਅਮਨਦੀਪ ਸਿੰਘ ਤੇ ਡਾਇਰੈਕਟਰ ਸਰਬ ਨਾਗਰਾ ਨੇ ਫਿਲਮ ਦੀ ਸਟਾਰ ਕਾਸਟਿੰਗ ਵਿਚ ਸ਼ਾਮਿਲ ਪ੍ਰਸਿੱਧ ਪੰਜਾਬੀ ਅਭਿਨੇਤਾ ਯੋਗਰਾਜ ਸਿੰਘ ਤੇ ਸਰਬਜੀਤ ਚੀਮਾ ਨਾਲ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਆਪਣੀ ਇਸ ਫਿਲਮ ਬਾਰੇ ਜਾਣਕਾਰੀ ਸਾਂਝੀ ਕੀਤੀ। ਫਿਲਮ ਦਾ ਟਰੇਲਰ ਵਿਖਾਉਣ ਉਪਰੰਤ ਫਿਲਮ ਦੇ ਨਿਰਮਾਤਾ ਅਮਨਦੀਪ ਸਿੰਘ ਨੇ ਇਸ ਫਿਲਮ ਦੀ ਕਹਾਣੀ ਅਤੇ ਇਸਨੂੰ ਬਣਾਉਣ ਦੇ ਮਕਸਦ ਅਤੇ ਸੁਨੇਹਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਪਰੰਤ ਫਿਲਮ ਵਿਚ ਸਰਦਾਰਾ ਸਿੰਘ ਦੀ ਭੂਮਿਕਾ ਨਿਭਾਉਣ ਵਾਲੇ ਉਘੇ ਅਭਿਨੇਤਾ ਯੋਗਰਾਜ ਸਿੰਘ ਨੇ ਫਿਲਮ ਦੀ ਕਹਾਣੀ ਰਾਹੀ ਪ੍ਰਵਾਸੀ ਪਰਿਵਾਰਾਂ ਅਤੇ ਨਵੀ ਪੀੜੀ ਨੂੰ ਆਪਣੇ ਮਾਪਿਆਂ ਦੇ ਸਤਿਕਾਰ ਅਤੇ ਸਾਂਭ ਸੰਭਾਲ ਦਾ ਮੈਸਜ ਦੇਣ ਦੇ ਨਾਲ ਪਰਵਾਸੀ ਪੰਜਾਬੀਆਂ ਨੂੰ ਪੰਜਾਬ ਅਤੇ ਜੜਾਂ ਨਾਲ ਜੁੜੇ ਰਹਿਣ ਦਾ ਸੱਦਾ ਦਿੱਤਾ। ਉਹਨਾਂ ਫਿਲਮ ਦੀ ਕਹਾਣੀ, ਇਸ ਵਿਚ ਨਿਭਾਈ ਆਪਣੀ ਭੂਮਿਕਾ ਦੇ ਨਾਲ ਆਪਣੀ ਪਰਿਵਾਰਕ ਕਹਾਣੀ ਨੂੰ ਜੋੜਦਿਆਂ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਤੋ ਮਿਲਣ ਵਾਲੇ  ਸਤਿਕਾਰ ਤੋਂ ਇਲਾਵਾ   ਹੋਰ ਕੁਝ ਨਹੀ ਲੋੜੀਂਦਾ। ਗਾਇਕ ਤੋਂ ਫਿਲਮ ਅਭਿਨੇਤਾ ਬਣੇ ਸਰਬਜੀਤ ਚੀਮਾ ਨੇ ਪੰਜਾਬੀ ਦਰਸ਼ਕਾਂ ਤੇ ਸਰੋਤਿਆਂ ਵਲੋਂ ਉਹਨਾਂ ਨੂੰ ਪਹਿਲਾਂ ਮਿਲੇ ਹੁੰਗਾਰੇ ਤੇ ਪਿਆਰ ਵਾਂਗ ਇਸ ਫਿਲਮ ਨੂੰ ਵੀ ਭਰਵਾਂ ਹੁੰਗਾਰਾ ਦੇਣ ਦੀ ਅਪੀਲ ਕੀਤੀ। ਉਹਨਾਂ ਵਿਦੇਸ਼ ਵਿਚ ਸੈਟਲ ਹੋਣ ਲਈ  ਸਖਤ ਮਿਹਨਤ ਦਾ ਜਿ਼ਕਰ ਕਰਦਿਆਂ ਕਿਹਾ ਕਿ ਫਿਲਮ ਸਰਦਾਰਾ ਐਂਡ ਸੰਨਜ ਪਰਵਾਸੀ ਪੰਜਾਬੀ ਪਰਿਵਾਰਾਂ ਨੂੰ ਇਕ ਚੰਗਾ ਸੁਨੇਹਾ ਦੇਣ ਵਾਲੀ ਫਿਲਮ ਹੈ। ਇਸ ਮੌਕੇ ਉਘੇ ਬਿਜਨੈਸਮੈਨ ਜੇ ਮਿਨਹਾਸ, ਸੁੱਖੀ ਬਾਠ, ਜੋਤੀ ਸਹੋਤਾ, ਲੱਕੀ ਸੰਧੂ , ਡਾ ਹਾਕਮ ਭੁੱਲਰ, ਡਾ ਜਸਵਿੰਦਰ ਦਿਲਾਵਰੀ ਤੇ ਪ੍ਰੋ ਗੋਪਾਲ ਸਿੰਘ ਬੁੱਟਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਤੇ ਫਿਲਮ ਨਿਰਮਾਤਾ ਤੇ ਕਲਾਕਾਰਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।

ਇਸ ਮੌਕੇ ਪੱਤਰਕਾਰਾਂ  ਵਲੋਂ ਫਿਲਮ ਨਾਲ ਸਬੰਧਿਤ ਸਵਾਲ ਵੀ ਪੁੱਛੇ ਜਿਹਨਾਂ ਦੇ ਕਲਾਕਾਰਾਂ ਤੇ ਫਿਲਮ ਨਿਰਮਾਤਾ ਨੇ ਜਵਾਬ ਦਿੱਤੇ। ਮੰਚ ਸੰਚਾਲਨ ਦੀ ਜਿੰਮੇਵਾਰੀ ਉਘੇ ਟੀਵੀ ਹੋਸਟ ਦਵਿੰਦਰ ਬੈਨੀਪਾਲ ਨੇ ਨਿਭਾਈ।

ਫਿਲਮ ਦੀ ਕਹਾਣੀ- ਫਿਲਮ ਸਰਦਾਰ ਐਂਡ ਸੰਨਜ਼ ਦੀ ਕਹਾਣੀ ਇਕ ਪਰਿਵਾਰਕ ਡਰਾਮਾ ਹੈ ਜਿਸ ਵਿਚ ਯੋਗਰਾਜ ਸਿੰਘ ਨੇ ਸਰਦਾਰਾ ਸਿੰਘ ਚਾਹਲ ਅਤੇ ਉਸਦੇ ਦੋ ਪੁੱਤਰਾਂ ਦੀ ਭੁੂੁਮਿਕਾ ਸਰਬਜੀਤ ਚੀਮਾ ਨੇ ਦਲਜੀਤ ਸਿੰਘ ਚਾਹਲ ਤੇ ਪ੍ਰਿੰਸ ਰੌਸ਼ਨ ਨੇ ਇੰਦਰਜੀਤ ਸਿੰਘ ਚਾਹਲ ਵਜੋਂ ਨਿਭਾਈ ਹੈ। ਫਿਲਮ ਦੀ ਕਹਾਣੀ ਪੰਜਾਬ ਦੇ ਇਕ ਹਸਦੇ ਵਸਦੇ ਪਰਿਵਾਰ ਦੇ ਕੈਨੇਡਾ ਵਿਚ ਪਰਵਾਸ ਨਾਲ ਸ਼ੁਰੂ ਹੁੰਦੀ ਹੈ। ਕਹਾਣੀ ਵਿਚ ਮੋੜ ਉਦੋ ਆਉਂਦਾ ਹੈ ਜਦੋਂ ਸਰਦਾਰਾ ਸਿੰਘ ਚਾਹਲ ਆਪਣੀ ਪਤਨੀ ਤੇ  ਛੋਟੇ ਪੁੱਤਰ ਇੰਦਰਜੀਤ ਸਿੰਘ ਚਾਹਲ ਨਾਲ ਕੈਨੇਡਾ ਵਿਚ ਵਸਦੇ ਵੱਡੇ ਪੁੱਤਰ ਦਲਜੀਤ ਸਿੰਘ ਚਾਹਲ ਕੋਲ ਪੱਕੇ ਆਕੇ ਰਹਿਣ ਲੱਗਦੇ ਹਨ। ਇਸ ਦੌਰਾਨ ਇਕ ਪਰਿਵਾਰ ਵਿਚ ਦੋ ਮੁਲਕਾਂ ਦੇ ਸਭਿਆਚਾਰਕ ਵਖਰੇਵੇਂ ਅਤੇ ਰਵਾਇਤਾਂ ਦਾ ਟਕਰਾਅ ਸ਼ੁਰੂ ਹੁੰਦਾ ਹੈ। ਪੰਜਾਬ ਤੋ ਆਏ ਪਰਿਵਾਰਕ ਮੈਂਬਰ ਕੈਨੇਡੀਅਨ ਕਲਚਰ ਨੂੰ ਅਪਨਾਉਣ ਦੀ ਬਿਜਾਏ ਆਪਣੀਆਂ ਰਵਾਇਤਾਂ ਨੂੰ ਥੋਪਣ ਦਾ ਯਤਨ ਕਰਦੇ ਹਨ ਜਿਸ ਨਾਲ ਕਹਾਣੀ ਵਿਚ ਡਰਾਮੇ ਦੇ ਨਾਲ ਉਦਾਸੀ ਤੇ ਹੇਰਵੇ ਦਾ ਰੰਗ ਚੜਦਾ -ਉਤਰਦਾ ਹੈ।

ਫਿਲਮ ਦਾ ਟਾਈਟਲ ਗੀਤ-ਓ ਰੱਬਾ ਜਿਹਨੇ ਪਿਆਰ ਦਿੱਤਾ…ਉਘੇ ਗਾਇਕ ਕਮਲ ਖਾਨ ਦੀ ਆਵਾਜ਼ ਵਿਚ ਹੈ। ਨਿਰਮਾਤਾ ਅਮਨਦੀਪ ਸਿੰਘ , ਡਾਇਰੈਕਟਰ ਨਸੀਰ ਜ਼ਮਾਨ ਤੇ ਸਰਬ ਨਾਗਰਾ ਹਨ ਜਦੋਂਕਿ ਪਟਕਥਾ ਲੇਖਕ ਪੰਕਜ ਬਤਰਾ ਹਨ।