Headlines

ਕੈਨੇਡਾ ਨੇ ਭਾਰਤ ਚੋਂ ਆਪਣੇ 41 ਡਿਪਲੋਮੈਟ ਵਾਪਿਸ ਬੁਲਾਏ

ਕੈਨੇਡਾ ਕੋਈ ਬਦਲੇ ਵਾਲੀ ਕਾਰਵਾਈ ਨਹੀਂ ਕਰੇਗਾ-ਜੋਲੀ
ਓਟਵਾ ( ਦੇ ਪ੍ਰ ਬਿ)–ਭਾਰਤ ਸਰਕਾਰ ਵਲੋਂ ਦਿੱਤੇ ਗਏ ਅਲਟੀਮੇਟਮ ਤਹਿਤ ਕੈਨੇਡਾ ਨੇ ਆਪਣੇ  41  ਡਿਪਲੋਮੈਟਾਂ ਨੂੰ ਵਾਪਿਸ ਬੁਲਾ ਲਿਆ ਹੈ ।
ਇਹ ਪ੍ਰਗਟਾਵਾ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਮੇਲਾਨੀ ਜੌਲੀ ਨੇ ਵੀਰਵਾਰ ਦੁਪਹਿਰ ਨੂੰ ਓਟਵਾ ਵਿੱਚ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨਾਲ ਇੱਕ ਨਿਊਜ਼ ਕਾਨਫਰੰਸ ਦੌਰਾਨ ਕੀਤਾ।
ਜੌਲੀ ਨੇ ਕਿਹਾ ਕਿ ਭਾਰਤ ਵਲੋਂ ਦਿੱਤੇ ਗਏ ਅਲਟੀਮੇਟਮ ਨੇ ਡਿਪਲੋਮੈਟਿਕ ਅਧਿਕਾਰਾਂ ਨੂੰ ਖਤਰੇ ਵਿੱਚ ਪਾ ਦਿੱਤਾ ਸੀ। ਇਸ ਲਈ ਸਾਡੇ ਡਿਪਲੋਮੈਟਾਂ ਦੀ ਸੁਰੱਖਿਆ ਤੇ ਭਾਰਤ ਦੀਆਂ ਕਾਰਵਾਈਆਂ ਦੇ ਪ੍ਰਭਾਵ ਨੂੰ ਦੇਖਦੇ ਹੋਏ, ਅਸੀਂ ਉਨ੍ਹਾਂ ਦੇ ਭਾਰਤ ਤੋਂ ਸੁਰੱਖਿਅਤ ਵਾਪਿਸ ਆਉਣ ਦੀ ਸਹੂਲਤ ਦਿੱਤੀ ਹੈ। ਇਸਦਾ ਮਤਲਬ ਹੈ ਕਿ ਸਾਡੇ ਡਿਪਲੋਮੈਟ ਅਤੇ ਉਨ੍ਹਾਂ ਦੇ ਪਰਿਵਾਰ ਹੁਣ ਉਥੋ ਵਾਪਿਸ ਆ ਗਏ ਹਨ।
ਵਿਦੇਸ਼ ਮਾਮਲਿਆਂ ਦੇ ਮੰਤਰੀ ਨੇ ਭਾਰਤ ਦੀ ਕਾਰਵਾਈ ਨੂੰ “ਗੈਰ-ਵਾਜਬ ਦਸਦਿਆਂ ਕਿਹਾ ਕਿ ਕੈਨੇਡਾ ਭਾਰਤ ਦੇ ਖਿਲਾਫ ਅਜਿਹਾ ਕੋਈ ਕਦਮ ਨਹੀਂ ਚੁੱਕੇਗਾ ਅਤੇ ਨਾ ਹੀ ਤਣਾਅ ਵਧਾਉਣ ਵਾਲੀ ਕੋਈ ਹੋਰ ਕਾਰਵਾਈ ਕਰੇਗਾ। ਉਨ੍ਹਾਂ ਕਿਹਾ ਕਿ ਕੈਨੇਡਾ ਭਾਰਤ ਨਾਲ ਸਬੰਧਾਂ ਨੂੰ ਕਾਇਮ ਰੱਖਣ ਦੇ ਯਤਨ ਜਾਰੀ ਰੱਖੇਗਾ।
ਜ਼ਿਕਰਯੋਗ ਹੈ ਕਿ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਉਦੋਂ ਤੋਂ ਵੱਧ ਗਿਆ ਸੀ  ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਕੈਨੇਡਾ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਭਾਰਤ ਵਿਚ ਸਿੱਖਾਂ ਲਈ ਵੱਖਰੇ ਹੋਮਲੈਂਡ ਦੇ ਸਮਰਥਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਲਈ “ਭਾਰਤ ਸਰਕਾਰ ਦੇ ਏਜੰਟ” ਜ਼ਿੰਮੇਵਾਰ ਹਨ। ਨਿੱਝਰ ਨੂੰ ਜੂਨ ਵਿੱਚ ਸਰੀ ਵਿੱਚ ਗੋਲੀ ਮਾਰ ਦਿੱਤੀ ਗਈ ਸੀ।