Headlines

ਭਗਤ ਸਿੰਘ ਹੋਰਾਂ ਦੇ ਅੰਦੋਲਨ ਨੇ ਹੀ 1929 ਵਿਚ ਕਾਂਗਰਸ ਨੂੰ ਆਜ਼ਾਦੀ ਦਾ ਮਤਾ ਪਾਉਣ ਲਈ ਮਜਬੂਰ ਕੀਤਾ

ਜੀਵੇ ਪੰਜਾਬ ਅਦਬੀ ਸੰਗਤ ਵੱਲੋਂ ਭਗਤ ਸਿੰਘ, ਉਸ ਦੀ ਸੋਚ ਤੇ ਅਜੋਕੀ ਰਾਜਨੀਤੀ ਬਾਰੇ ਵਿਚਾਰ ਚਰਚਾ

ਸਰੀ, 22 ਅਕਤੂਬਰ (ਹਰਦਮ ਮਾਨ)-ਜੀਵੇ ਪੰਜਾਬ ਅਦਬੀ ਸੰਗਤ ਅਤੇ ਸਾਊਥ ਏਸ਼ੀਅਨ ਰੀਵਿਊ ਕੈਨੇਡਾ ਵੱਲੋਂ ਬੀਤੇ ਦਿਨ ਭਗਤ ਸਿੰਘ, ਉਸ ਦੀ ਸੋਚ ਤੇ ਅਜੋਕੀ ਰਾਜਨੀਤੀ ਬਾਰੇ ਔਨ-ਲਾਈਨ ਵਿਚਾਰ ਚਰਚਾ ਕਰਵਾਈ ਗਈ ਜਿਸ ਵਿਚ ਮੁੱਖ ਬੁਲਾਰੇ ਐਡਵੋਕੇਟ ਸਰਬਜੀਤ ਸਿੰਘ ਵਿਰਕ ਨੇ ਸ਼ਹੀਦੇ-ਆਜ਼ਮ ਭਗਤ ਸਿੰਘ ਦੀ ਜ਼ਿੰਦਗੀ, ਬੌਧਿਕਤਾ, ਸੋਚ, ਭਾਸ਼ਾ, ਸਾਹਿਤ, ਸਮਾਜ, ਮਨੁੱਖਤਾ, ਆਜ਼ਾਦੀ ਬਾਰੇ ਸਮਝ ਦੇ ਵੱਖ ਵੱਖ ਪਹਿਲੂਆਂ ਨੂੰ ਵਿਸਥਾਰ ਵਿਚ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਅੰਗਰੇਜ਼ਾਂ ਤੋਂ ਸਿਰਫ ਕੁਝ ਰਾਜਸੀ ਸਹੂਲਤਾਂ ਹੀ ਚਾਹੁੰਦੀ ਸੀ ਪਰ ਭਗਤ ਸਿੰਘ ਹੋਰਾਂ ਵੱਲੋਂ 1924 ਤੋਂ 1929 ਤੱਕ ਚਲਾਏ ਆਜ਼ਾਦੀ ਅੰਦੋਲਨ ਨੇ ਕਾਂਗਰਸ ਦੇ ਪੈਰ ਨਹੀਂ ਲੱਗਣ ਦਿੱਤੇ ਅਤੇ ਇਨ੍ਹਾਂ ਨੌਜਵਾਨਾਂ ਨੇ ਕਾਂਗਰਸ ਨੂੰ 1929 ਵਿਚ ਆਜ਼ਾਦੀ ਦਾ ਮਤਾ ਪਾਉਣ ਲਈ ਮਜਬੂਰ ਕਰ ਦਿੱਤਾ।

ਸਾਹਿਤਿਕ ਜਾਗਰੂਕਤਾ ਬਾਰੇ ਭਗਤ ਸਿੰਘ ਜੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭਗਤ ਸਿੰਘ ਕਹਿੰਦੇ ਸਨ ਕਿ ਆਮ ਜਨਤਾ ਨੂੰ ਉਹਨਾਂ ਦੀ ਆਪਣੀ ਭਾਸ਼ਾ ਵਿੱਚ ਹੀ ਸਾਹਿਤ ਬਾਰੇ ਜਾਗਰੂਕ ਕਰਨਾ ਜ਼ਰੂਰੀ ਹੈ। ਉਨ੍ਹਾਂ ਨੂੰ ਇਹ ਦੁੱਖ ਵੀ ਸੀ ਕਿ ਏਨੀ ਮਿੱਠੀ ਪਿਆਰੀ ਤੇ ਮੰਤਰ ਮੁਗਧ ਕਰਨ ਵਾਲੀ ਭਾਸ਼ਾ ਪੰਜਾਬੀ ਨੂੰ ਪੰਜਾਬੀਆਂ ਨੇ ਕਿਉਂ ਨਹੀਂ ਅਪਣਾਇਆ। ਉਹਨਾਂ ਦਾ ਵਿਚਾਰ ਸੀ ਕਿ ਲੋਕ ਪਹਿਲਾਂ ਭਾਸ਼ਾ ਦੇ ਮਸਲੇ ਤੇ ਜੁੜਨ, ਸਾਹਿਤਿਕ ਤੌਰ ਤੇ ਚੇਤਨ ਹੋਣ ਤੇ ਫਿਰ ਉਹ ਆਪਣਾ ਅਤੇ ਵਿਦੇਸ਼ੀ ਸਾਹਿਤ ਵੀ ਪੜ੍ਹਨਗੇ, ਇਨਕਲਾਬੀ ਲਹਿਰਾਂ ਬਾਰੇ ਪੜ੍ਹਨਗੇ, ਜਾਗਰੂਕ ਹੋਣਗੇ ਅਤੇ ਆਜ਼ਾਦੀ ਤੇ ਇਨਕਲਾਬ ਵੱਲ ਜਾਣਗੇ।

ਨੌਜਵਾਨਾਂ ਅਤੇ ਜਵਾਨੀ ਬਾਰੇ ਭਗਤ ਸਿੰਘ ਦੇ ਇਕ ਲੇਖ ਦਾ ਹਵਾਲਾ ਦਿੰਦਿਆਂ ਐਡਵੋਕੇਟ ਸਰਬਜੀਤ ਸਿੰਘ ਵਿਰਕ ਨੇ ਦੱਸਿਆ ਕਿ ਭਗਤ ਸਿੰਘ ਲਿਖਦੇ ਹਨ “ਜਵਾਨੀ ਦਾ ਵੇਲਾ ਮਨੁੱਖ ਦੀ ਜ਼ਿੰਦਗੀ ਦੀ ਬਹਾਰ ਰੁੱਤ ਹੁੰਦਾ ਹੈ। ਇਹ ਵੇਲਾ ਆਉਣ ਤੇ ਅਕਸਰ ਮਨੁੱਖ ਆਪੇ ਵਿੱਚ ਨਹੀਂ ਰਹਿੰਦਾ। ਉਸ ਨੂੰ ਹਜ਼ਾਰਾਂ ਬੋਤਲਾਂ ਦਾ ਨਸ਼ਾ ਹੋਇਆ ਮਹਿਸੂਸ ਹੁੰਦਾ ਹੈ। ਕੁਦਰਤ ਦੀਆਂ ਦਿੱਤੀਆਂ ਸਾਰੀਆਂ ਸ਼ਕਤੀਆਂ ਇਸ ਬਹਾਰ ਉਮਰੇ ਸੈਂਕੜੇ ਚਸ਼ਮਿਆਂ ਦੀ ਤਰ੍ਹਾਂ ਫੁੱਟਦੀਆਂ ਹਨ। ਇਹ ਉਮਰ ਇਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਕੋਈ ਹਾਥੀ ਮਸਤ ਹੋ ਕੇ ਕਾਬੂ ਵਿੱਚ ਨਾ ਆਵੇ, ਜਿਵੇਂ ਕਾਲੇ ਬੱਦਲ ਵਰਖਾ ਰੁੱਤੇ ਆਪਣਾ ਸਬਰ ਗੁਆ ਕੇ ਝੜੀਆਂ ਲਾਈ ਜਾਣ, ਜਿਵੇਂ ਕੋਈ ਵਾਅ ਵਰੋਲਾ ਪ੍ਰਚੰਡ ਹੋ ਕੇ ਸਭ ਕੁਝ ਮਿਟਾਉਣ ਤੇ ਆਇਆ ਹੋਵੇ, ਜਿਵੇਂ ਬਹਾਰ ਰੁੱਤ ਵਿੱਚ ਖਿੜੀਆਂ ਜਿਸਮਿਨ ਦੀਆਂ ਫੁੱਲ ਪੱਤੀਆਂ ਦੀ ਕੋਮਲਤਾ ਦਿਲ ਨੂੰ ਵੱਸ ਵਿੱਚ ਕਰ ਲਵੇ, ਜਿਵੇਂ ਕਿਸੇ ਜਵਾਲਾਮੁਖੀ ਵਿੱਚੋਂ ਬੇਮੁਹਾਰਾ ਲਾਵਾ ਫੁੱਟ ਪਵੇ, ਜਿਵੇਂ ਸਵੇਰ ਵੇਲੇ ਦਾ ਸੰਗੀਤ ਹੋਵੇ”। ਇਹ ਸਾਰਾ ਦੱਸ ਕੇ ਉਹ ਜਵਾਨਾਂ ਨੂੰ ਆਪਣੇ ਮਕਸਦ ਵੱਲ ਲਿਜਾਂਦੇ ਹੋਏ ਲਿਖਦੇ ਹਨ “ਜਵਾਨੀ ਦੇ ਸਮੇਂ ਸਰੀਰ ਇਵੇਂ ਹੁੰਦਾ ਜਿਵੇਂ ਕ੍ਰਾਂਤੀਕਾਰੀ ਨੇ ਜੇਬ ਵਿੱਚ ਬੰਬ ਪਾਇਆ ਹੋਵੇ, ਜਿਵੇਂ ਚਾਰਜਸ਼ੀਟ ਨੇ ਡੱਬ ਵਿੱਚ ਭਰ ਕੇ ਪਿਸਤੌਲ ਪਾਇਆ ਹੋਵੇ ਜਾਂ ਫਿਰ ਯੋਧੇ ਨੇ ਜੰਗ ਵਿੱਚ ਜਾਣ ਲਈ ਤਲਵਾਰ ਉਠਾਈ ਹੋਵੇ। 16 ਤੋਂ 25 ਵਰਿਆਂ ਦੀ ਉਮਰੇ ਹੱਡ ਮਾਸ ਦੇ ਬਣੇ ਇਸ ਸੰਦੂਕ ਵਿੱਚ ਵਿਧਾਤਾ ਦੁਨੀਆਂ ਦੇ ਸਾਰੇ ਸ਼ੋਰਗਲ ਮਚਾਉਣ ਵਾਲੇ ਤੱਤ ਪਾ ਦਿੰਦਾ ਹੈ ਤੇ ਫਿਰ 10 ਸਾਲ ਜਵਾਨੀ ਦੀ ਇਹ ਕਿਸ਼ਤੀ ਤੂਫਾਨਾਂ ਨਾਲ ਡਗਮਗਾਉਂਦੀ ਰਹਿੰਦੀ ਹੈ”।

ਉਹਨਾਂ ਦਾ ਇੱਕ ਖਾਸ ਉਦੇਸ਼ ਸੀ ਕਿਉਂਕਿ ਉਸ ਸਮੇਂ ਸਮਾਜ ਵਿਚ ਨੌਜਵਾਨ ਆਪਣੀ ਤਾਕਤ ਤੋਂ ਵਾਕਫ ਹੋ ਚੁੱਕੇ ਸਨ ਅਤੇ 1920 ਦੇ ਵਿੱਚ ਮਹਾਤਮਾ ਗਾਂਧੀ ਦੇ ਮਿਲਵਰਤਨ ਅੰਦੋਲਨ ਵਿੱਚ ਕੁੱਦਣ ਦੀ ਵੰਗਾਰ ਨੂੰ ਕਬੂਲਦਿਆਂ ਨੌਜਵਾਨ ਇਸ ਵਿਚ ਸ਼ਾਮਲ ਹੋਏ ਜਿਸ ਨਾਲ  ਲਹਿਰ ਦੀ ਤਾਕਤ ਕਈ ਗੁਣਾ ਵਧ ਗਈ ਸੀ। ਉਨ੍ਹਾਂ ਨੌਜਵਾਨਾਂ ਨੂੰ ਆਪਣਾ ਜੋਸ਼, ਜਜ਼ਬਾ, ਹੌਂਸਲਾ ਦੇਸ਼, ਦੇਸ਼ ਦੀ ਕਿਸਮਤ ਬਦਲਣ ਲਈ ਲਾਉਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਮਨੁੱਖ ਜੇ ਚਾਹਵੇ ਤਾਂ ਇਸੇ ਉਮਰ ਤਿਆਗੀ ਵੀ ਬਣ ਸਕਦਾ ਤੇ ਭੋਗ ਬਿਲਾਸੀ ਵੀ,  ਉਹ ਦੇਵਤਾ ਵੀ ਬਣ ਸਕਦਾ ਹੈ ਤੇ ਰਾਖਸ਼ ਵੀ, ਉਹ ਸੰਸਾਰ ਨੂੰ ਨਸ਼ਟ ਵੀ ਕਰ ਸਕਦਾ ਤੇ ਲੋਕਾਂ ਦਾ ਰੱਖਿਅਕ ਵੀ ਬਣ ਸਕਦਾ ਹੈ।

ਇਨਸਾਨੀਅਤ ਬਾਰੇ ਤੇ ਜਾਤ ਪਾਤ ਨੂੰ ਖਤਮ ਕਰਨ ਬਾਰੇ ਭਗਤ ਸਿੰਘ ਦੇ ਵਿਚਾਰ ਸਨ ਕਿ ਸਾਰੀ ਦੁਨੀਆਂ ਵਿੱਚੋਂ ਹੀ ਮਨੁੱਖ ਨਾਲ ਭੇਦਭਾਵ ਮਿਟਣਾ ਚਾਹੀਦਾ ਹੈ। ਹਰ ਇਕ ਨੂੰ ਰੋਟੀ ਮਿਲਣੀ ਚਾਹੀਦੀ ਹੈ, ਘਰ ਮਿਲਣਾ ਚਾਹੀਦਾ ਹੈ, ਉਨ੍ਹਾਂ ਵਿਚ ਵਿਸ਼ਵਾਸ ਤੇ ਵਿਗਿਆਨਕ ਤਰਕ ਦੀ ਰੋਸ਼ਨੀ ਜਾਣੀ ਚਾਹੀਦੀ ਹੈ ਤਾਂ ਹੀ ਉਹਨਾਂ ਵਿਚ ਗ਼ੁਲਾਮੀ ਦੀਆਂ ਜ਼ੰਜ਼ੀਰਾਂ ਕੱਟਣ ਦੀ ਸ਼ਕਤੀ ਆ ਕਸਦੀ ਹੈ। ਗੁਲਾਮੀ ਤੇ ਸ਼ੋਸ਼ਣ ਤੋਂ ਮੁਕਤੀ ਉਨ੍ਹਾਂ ਦਾ ਸਭ ਤੋਂ ਵੱਡਾ ਸਾਡਾ ਸਰੋਕਾਰ ਸੀ। ਉਹਨਾਂ ਅਨੁਸਾਰ ਮਨੁੱਖਤਾ ਦੇ ਸਰੋਕਾਰਾਂ ਨਾਲ ਜੁੜਨ ਲਈ ਬੰਦੇ ਵਿੱਚ ਵੱਡਾ ਸਬਰ, ਹੌਸਲਾ, ਦ੍ਰਿੜਤਾ ਤੇ ਕੁਰਬਾਨੀ ਦੀ ਭਾਵਨਾ ਹੋਣੀ ਚਾਹੀਦੀ ਹੈ ਕਿਉਂਕਿ ਸਮਾਜ ਦੇ ਸ਼ੋਸ਼ਕ ਅਤੇ ਰਾਜ ਕਰਦੇ ਵਰਗ ਵੱਲੋਂ ਅਜਿਹੇ ਕਾਰਜਾਂ ਦੇ ਜਵਾਬ ਵਿੱਚ ਕੇਵਲ ਕਾਨੂੰਨੀ ਰੋਕਾਂ ਹੀ ਖੜ੍ਹੀਆਂ ਨਹੀਂ ਕੀਤੀਆਂ ਜਾਂਦੀਆਂ ਸਗੋਂ ਸ਼ੋਸ਼ਣ ਅਤੇ ਗੁਲਾਮੀ ਖ਼ਿਲਾਫ਼ ਆਵਾਜ਼ ਉਠਾਉਣ ਵਾਲਿਆਂ ਨੂੰ ਅਕਸਰ ਦਬਾਇਆ, ਧਮਕਾਇਆ ਜਾਂਦਾ ਹੈ, ਕਈ ਵਾਰ ਤਸੀਹੇ ਦਿੱਤੇ ਜਾਂਦੇ ਹਨ ਤੇ ਰਾਜਸੀ ਜਾਂ ਕਾਨੂੰਨੀ ਤਾਕਤ ਦਾ ਸਹਾਰਾ ਲੈ ਕੇ ਰਾਹ ਵਿੱਚੋਂ ਲਾਂਭੇ ਕਰਨ ਦੀਆਂ ਸਾਜਿਸ਼ਾਂ ਵੀ ਰਚੀਆਂ ਜਾਂਦੀਆਂ ਹਨ। ਉਹ ਇਸ ਤਰ੍ਹਾਂ ਦੀ ਆਜ਼ਾਦੀ ਤੇ ਇਨਕਲਾਬ ਚਾਹੁੰਦੇ ਸਨ ਕਿ ਦੁਨੀਆਂ ਵਿਚ ਕਿਤੇ ਵੀ ਲੋਕਾਂ ਦੀ ਲੁੱਟ ਖਸੁੱਟ ਨਾ ਹੋਵੇ।

ਇਸ ਵਿਚਾਰ ਚਰਚਾ ਵਿਚ ਭੁਪਿੰਦਰ ਮੱਲ੍ਹੀ, ਡਾ. ਸੁਖਵਿੰਦਰ ਵਿਰਕ, ਡਾ. ਗੋਪਾਲ ਸਿੰਘ ਬੁੱਟਰ, ਨਵਰੂਪ ਸਿੰਘ, ਬਲਜਿੰਦਰ ਮੁਠੱਡਾ, ਬਚਨ ਸਿੰਘ ਖੁੱਡੇਵਾਲੀਆ, ਜਸਵਿੰਦਰ, ਡਾ. ਪ੍ਰਭਜੋਤ ਪਰਮਾਰ, ਵਕਾਰ ਸਿਪਰਾ ਨੇ ਵੀ ਆਪਣੇ ਵਿਚਾਰ ਰੱਖੇ। ਅੰਤ ਵਿਚ ਸੁੱਚਾ ਦੀਪਕ ਨੇ ਸਭ ਦਾ ਧੰਨਵਾਦ ਕੀਤਾ ਅਤੇ ਵਿਸ਼ੇਸ਼ ਕਰਕੇ ਐਡਵੋਕੇਟ ਸਰਬਜੀਤ ਸਿੰਘ ਵਿਰਕ ਦਾ ਸ਼ੁਕਰੀਆ ਅਦਾ ਕੀਤਾ ਜਿਨ੍ਹਾਂ ਆਪਣੀ ਜ਼ਿੰਦਗੀ ਦੇ 12 ਸਾਲ ਲਾ ਕੇ ਸ਼ਹੀਦੇ-ਆਜ਼ਮ ਭਗਤ ਸਿੰਘ ਬਾਰੇ ਜਗ੍ਹਾ ਜਗ੍ਹਾ ਤੋਂ ਸਾਰਾ ਕੁਝ ਇਕੱਠਾ ਕਰਕੇ ਅਤੇ  ਉਹਨੂੰ ਇੱਕ ਮਾਲਾ ਦੇ ਵਿੱਚ ਪਰੋ ਕੇ ਵਿਚਾਰ ਚਰਚਾ ਵਿਚ ਪੇਸ਼ ਕੀਤਾ। ਵਿਚਾਰ ਚਰਚਾ ਦਾ ਸੰਚਾਲਨ ਨਵਰੂਪ ਸਿੰਘ ਨੇ ਕੀਤਾ।