Headlines

ਵੋਟਰ ਬਣਨ ਲਈ ਆ ਰਹੀਆਂ ਮੁਸ਼ਕਲਾਂ ਦੂਰ ਕਰੇ ਗੁਰਦੁਆਰਾ ਚੋਣ ਕਮਿਸ਼ਨ:- ਅਦਲੀਵਾਲ

ਅੰਮ੍ਰਿਤਸਰ : 24 ਅਕਤੂਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਟਾਇਰਡ ਸਕੱਤਰ ਅਤੇ ਸੇਵਾ ਮੁਕਤ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜੋਗਿੰਦਰ ਸਿੰਘ ਅਦਲੀਵਾਲ ਨੇ ਇਸ ਵੇਰ ਬਤੌਰ ਵੋਟਰ ਰਜਿਸਟਰ ਹੋਣ ਵਿੱਚ ਆ ਰਹੀਆ ਮੁਸ਼ਕਲਾਂ ਵਿੱਚ ਹੋਇਆ ਵਾਧਾ ਮੁੱਖ ਚੋਣ ਕਮਿਸ਼ਨਰ, ਗੁਰਦੁਆਰਾ ਇਲੈਕਸ਼ਨ ਕਮਿਸ਼ਨ ਦੇ ਧਿਆਨ ਵਿੱਚ ਲਿਆਉਂਦਿਆਂ ਅਪੀਲ ਕੀਤੀ ਹੈ ਕਿ ਇਹਨਾਂ ਮੁਸ਼ਕਲਾਂ ਨੂੰ ਬਿਨਾ ਦੇਰੀ ਦੂਰ ਕੀਤਾ ਜਾਵੇ।

       ਸ. ਅਦਲੀਵਾਲ ਨੇ ਕਿਹਾ ਹੈ ਕਿ ਪਹਿਲਾਂ ਇਹ ਜਿੰਮੇਵਾਰੀ ਸਰਕਲ ਪਟਵਾਰੀਆਂ ਵੱਲੋਂ ਨਿਭਾਈ ਜਾਂਦੀ ਸੀ ਪਰ ਹੁਣ ਪਟਵਾਰੀ ਘੱਟ ਹਨ ਬਹੁਤੇ ਪਿੰਡਾਂ ਵਿੱਚ ਇਸ ਵੇਲੇ ਕੋਈ ਪਟਵਾਰੀ ਹੈ ਹੀ ਨਹੀਂ। ਦੂਜਾ ਇਸ ਵਾਰ ਵੋਟਰ ਫਾਰਮ ਦੇ ਨਾਲ ਵੋਟਰ ਦੀ ਫੋਟੋ ਅਤੇ ਆਧਾਰ ਕਾਰਡ ਜਾਂ ਫੋਟੋ ਵਾਲੇ ਸ਼ਨਾਖਤੀ ਕਾਰਡ ਦੀ ਕਾਪੀ ਵੀ ਲੱਗਣੀ ਹੈ ਪਰ ਪਿੰਡਾਂ ਵਿੱਚ ਫੋਟੋ ਸਟੇਟ ਮਸ਼ੀਨਾਂ ਦੀ ਅਣਹੋਂਦ ਕਾਰਨ ਇਹ ਕਾਰਜ ਹੋਰ ਕਠਨ ਹੈ । ਇਸ ਤੋਂ ਇਲਾਵਾ ਇਸ ਵਾਰ ਮੁੱਖ ਚੋਣ ਕਮਿਸ਼ਨਰ ਵੱਲੋਂ ਵੋਟਾਂ ਬਣਾਉਣ ਲਈ ਸਮਾਂ ਵੀ ਬਹੁਤ ਘੱਟ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਇਹ ਵੀ ਸੁਨਣ ਚ ਆ ਰਿਹਾ ਹੈ ਕਿ ਵੋਟਰ ਆਪ ਜਾ ਕੇ ਆਪਣਾ ਫਾਰਮ ਐਸ ਡੀ ਐਮ ਦਫ਼ਤਰ ਜਮ੍ਹਾ ਕਰਵਾਏ ਜੋ ਕਿ ਅਸੰਭਵ ਕਾਰਜ ਲੱਗਦਾ ਹੈ।

       ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿੱਚ ਮੁੱਖ ਚੋਣ ਕਮਿਸ਼ਨਰ ਹੀ ਪੰਜਾਬ ਸਰਕਾਰ ਨੂੰ ਕਹਿ ਕੇ ਪਿੰਡਾਂ ਵਿੱਚ ਪੰਚਾਂ, ਸਰਪੰਚਾਂ ਅਤੇ ਸ਼ਹਿਰਾਂ ਕਸਬਿਆਂ ਵਿੱਚ ਮਿਉਸਿਪਲ ਕਾਉਸਲਰਾਂ ਰਾਹੀਂ ਵੋਟਰਾਂ ਤੀਕ ਪਹੁੰਚ ਬਣਾ ਕੇ, ਫਾਰਮ ਮੁਕੰਮਲ ਕਰਵਾ ਕੇ ਸੰਬੰਧਤ ਐਸ ਡੀ ਐਮ ਦੇ ਦਫ਼ਤਰ ਤੀਕ ਪਹੁੰਚਾਉਣ ਦੀ ਜਿੰਮੇਵਾਰੀ ਲਗਾ ਸਕਦੀ ਹੈ। ਸਰਪੰਚਾਂ ਅਤੇ ਪਿੰਡਾਂ ਵਿੱਚ ਬਣੀਆਂ ਸਭਾ ਸੁਸਾਇਟੀਆਂ ਪਿੰਡ ਪਿੰਡ ਦੇ ਗੁਰਦੁਆਰਿਆਂ ਤੋਂ ਅਜਿਹੀ ਅਨਾਊਸਮੈਟਸ ਕਰਵਾ ਕੇ ਕਾਰਜ ਸੁਖਾਲਾ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਅੱਧੇ ਵੋਟਰ ਵੋਟ ਪਉਣ ਦੇ ਹੱਕ ਤੋਂ ਵਾਂਝੇ ਰਹਿ ਜਾਣਗੇ ਤੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਰਜਾਤੰਤਰਿਕ ਸਰੂਪ ਅਤੇ ਗੁਰਦੁਆਰਾ ਚੋਣ ਕਮਿਸ਼ਨ ਦੀ ਕਾਰਜਸ਼ੈਲੀ ਤੇ ਵੀ ਸਵਾਲੀਆ ਨਿਸ਼ਾਨ ਲੱਗੇਗਾ।