Headlines

ਸਰਲ ਭਾਸ਼ਾ ’ਚ ਲਿਖੀ ਸਵੈ-ਜੀਵਨੀ

ਸੁਖਮਿੰਦਰ ਸੇਖੋਂ

ਪੁਸਤਕ ਪੜਚੋਲ

ਪੁਸਤਕ ‘ਪਗਡੰਡੀਆਂ’ (ਕੀਮਤ: 250 ਰੁਪਏ; ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ) ਦੀ ਲੇਖਕਾ ਬਚਿੰਤ ਕੌਰ ਦਾ ਸਾਹਿਤਕ ਸਫ਼ਰ ਬਹੁਤ ਲੰਬਾ ਹੈ। ਉਸ ਦੀਆਂ ਪੁਸਤਕਾਂ ਵਿਚ 7 ਕਹਾਣੀ ਸੰਗ੍ਰਹਿ, 4 ਬਾਲ ਸਾਹਿਤ ਪੁਸਤਕਾਂ, ਇੱਕ ਨਾਵਲ, 2 ਕਾਵਿ ਸੰਗ੍ਰਹਿ, 1 ਸਫ਼ਰਨਾਮਾ, ਸਵੈ ਜੀਵਨੀ, ਦੋ ਸੰਪਾਦਤ ਪੁਸਤਕਾਂ, ਇੱਕ ਡਾਇਰੀ ਆਦਿ ਹਨ। ਉਸ ਦੀ ਪਛਾਣ ਇੱਕ ਕਹਾਣੀਕਾਰ ਵਜੋਂ ਵਧੇਰੇ ਹੈ ਅਤੇ ਹੁਣ ਉਸ ਦੇ ਨਾਉਂ ਨਾਲ ਸਵੈਜੀਵਨੀ ਜੁੜ ਗਈ ਹੈ। ਇੰਨਾ ਕੰਮ ਕਰਨ ਦੇ ਬਾਵਜੂਦ ਉਹ ਹਾਲੇ ਹੰਭੀ ਹਾਰੀ ਨਹੀਂ। ਸਵੈ-ਜੀਵਨੀ ਨੂੰ ਉਸ ਨੇ 10 ਭਾਗਾਂ ਵਿੱਚ ਵੰਡਿਆ ਹੈ। ਪਹਿਲਾ ਭਾਗ ਹੈ ਇਸ਼ਕ ਪਰ ਜ਼ੋਰ ਨਹੀਂ। ਉਸ ਦੇ ਦਫ਼ਤਰ ਦੇ ਦੋ ਪ੍ਰੇਮੀਆਂ ਦੀ ਦਾਸਤਾਨ। ਇਸ਼ਕ ਤੋਂ ਵਿਆਹ ਤੱਕ ਦੀ ਪਹੁੰਚ। ਪਰ ਪ੍ਰੇਮ ਵਿਆਹ ਸੁਖਾਵਾਂ ਨਾ ਰਿਹਾ ਤੇ ਉਸ ਦੀ ਔਰਤ ਪਾਤਰ ਫਾਹਾ ਲੈ ਲੈਂਦੀ ਹੈ। ਕਿਉਂ? ਇਸ ਕਿਉਂ ਦਾ ਜਵਾਬ ਕੌਣ ਦੇਵੇਗਾ? ਦੂਸਰਾ ਅਧਿਆਏ ਘਰ ਪਰਿਵਾਰ ਹੈ ਜਿਸ ਵਿੱਚ ਉਸ ਆਪਣੀਆਂ ਘਰੇਲੂ ਤੰਗੀਆਂ ਤੁਰਸ਼ੀਆਂ ਦੀ ਗੱਲਬਾਤ ਕੀਤੀ ਹੈ। ਇਸੇ ਭਾਗ ਵਿੱਚ ਉਸ ਵਿਦੇਸ਼ਾਂ ’ਚ ਸੈਰ ਸਪਾਟੇ ਤੇ ਕੰਮਕਾਜ ਦੀ ਗੱਲ ਬਹੁਤ ਸਰਲਤਾ ਨਾਲ ਕੀਤੀ ਹੈ।

ਇਕ ਅਧਿਆਏ ਵਿਚ ਉਸ ਨੇ ਆਪਣੇ ਅਮਰੀਕਾ ਦੇ ਅਨੁਭਵ ਪਾਠਕਾਂ ਨਾਲ ਸਾਂਝੇ ਕੀਤੇ ਹਨ। ਹੋਰ ਮਿਲਣ-ਗਿਲਣ ਵਾਲਿਆਂ ਦੇ ਨਾਲ ਨਾਲ ਉਸ ਆਪਣੇ ਪਰਿਵਾਰ ਦੀਆਂ ਵੀ ਖੁੱਲ੍ਹ ਕੇ ਬਾਤਾਂ ਪਾਉਣ ਦਾ ਉਚੇਚਾ ਯਤਨ ਕੀਤਾ ਹੈ। ਸਮੇਂ ਦੀ ਧਾਰਾ ਸਿਰਲੇਖ ਅਧੀਨ ਜ਼ਿੰਦਗੀ ਦੇ ਉਤਰਾਅ ਚੜ੍ਹਾਅ ਦੀ ਬੀਤੀ ਸੁਣਾਈ ਹੈ। ਉਸ ਦੀ ਆਪਣੇ ਪਤੀ ਨਾਲ ਮੁੱਢਲੇ ਦੌਰ ਵਿੱਚ ਕਿਵੇਂ ਰਹੀ, ਉਹ ਵੀ ਸ਼ਿੱਦਤ ਨਾਲ ਦੱਸਿਆ ਹੈ ਤੇ ਬਾਅਦ ਵਿੱਚ ਪਰਿਵਾਰਕ ਮਾਹੌਲ ਕਿਵੇਂ ਬਦਲਦਾ ਗਿਆ ਉਸ ਦਾ ਵੀ ਜ਼ਿਕਰ ਹੈ। ਪਤੀ ਦੀ ਮੌਤ ਤੋਂ ਬਾਅਦ ਉਸ ਨੂੰ ਇਉਂ ਵੀ ਲੱਗਣ ਲੱਗਾ ਜਿਵੇਂ ਜ਼ਿੰਦਗੀ ਅਧੂਰੀ ਰਹਿ ਗਈ ਹੋਵੇ, ਪਰ ਬੱਚਿਆਂ ਸੰਗ ਜੀਵਨ ਆਪਣੀ ਸਹਿਜ ਤੋਰ ਤੁਰਨ ਲੱਗਾ ਸੀ।

ਉਸ ਨੇ ਵਿਦੇਸ਼ਾਂ ’ਚ ਹੁੰਦੀਆਂ ਪੰਜਾਬੀ ਕਾਨਫਰੰਸਾਂ ਬਾਰੇ ਵੀ ਲਿਖਿਆ ਹੈ। ਉਹ ਖ਼ੁਦ ਇਨ੍ਹਾਂ ਵਿਚ ਸ਼ਾਮਿਲ ਹੁੰਦੀ ਰਹੀ ਹੈ ਅਤੇ ਆਪਣੇ ਤਜਰਬੇ ਪਾਠਕਾਂ ਦੇ ਸਨਮੁੱਖ ਰੱਖੇ ਹਨ। ਜਦੋਂ ਇਨ੍ਹਾਂ ਕਾਨਫਰੰਸਾਂ ਦਾ ਆਗਾਜ਼ ਹੋਇਆ ਤਾਂ ਲੇਖਕਾਂ ਨੂੰ ਇਨ੍ਹਾਂ ਵਿਚ ਭਾਗ ਲੈਣ ਦੀ ਬਹੁਤ ਉਤਸੁਕਤਾ ਹੁੰਦੀ ਸੀ, ਪਰ ਹੁਣ ਵਿਦੇਸ਼ ਜਾਣਾ ਤੇ ਇਨ੍ਹਾਂ ਕਾਨਫਰੰਸਾਂ ਵਿਚ ਭਾਗ ਲੈਣਾ ਮਨੁੱਖ ਦੀ ਆਰਥਿਕਤਾ ਨੇ ਸੁਖਾਲਾ ਕਰ ਦਿੱਤਾ ਹੈ। ਬਦਨਾਮ ਹੂਏ ਤੋ ਕਿਆ ਹੂਆ ਸਿਰਲੇਖ ਵਾਲੇ ਭਾਗ ਵਿਚ ਪੰਜਾਬੀ ਰਾਈਟਰਜ਼ ਕੋਆਪਰੇਟਿਵ ਇੰਡਸਟ੍ਰੀਅਲ ਸੁਸਾਇਟੀ ਲਿਮਟਿਡ ਵੱਲੋਂ ਕਿਤਾਬਾਂ ਦੀ ਪਹਿਲੀ ਛਾਪ ਦਾ ਖੁਲਾਸਾ ਕੀਤਾ ਹੈ। ਤੀਸਰੀ ਵਿਸ਼ਵ ਕਾਨਫਰੰਸ ਦੇ ਅਨੁਭਵਾਂ ਦਾ ਜ਼ਿਕਰ ਕੀਤਾ ਹੈ। ਅੰਤ ’ਚ ਲੇਖਿਕਾ ਵੱਲੋਂ ਕਾਲੀਆਂ ਚਿੱਟੀਆਂ ਤੇ ਰੰਗਦਾਰ ਤਸਵੀਰਾਂ ਵੀ ਦਿੱਤੀਆਂ ਗਈਆਂ ਹਨ। ਕੁੱਲ ਮਿਲਾ ਕੇ ਸਰਲ ਭਾਸ਼ਾ ਵਿਚ ਲਿਖੀ ਇਹ ਸਵੈ-ਜੀਵਨੀ ਲੇਖਕਾ ਦੀ ਪਛਾਣ ਦੀ ਲਖਾਇਕ ਹੈ।

ਸੰਪਰਕ: 98145-07693