Headlines

ਪੁਲੀਸ ਮੁਲਾਜ਼ਮ ਦੇ ਕਤਲ ਮਾਮਲੇ ’ਚ ਸ਼ਾਮਲ ਮੁਲਜ਼ਮ ਕਾਬੂ

ਬਰਨਾਲਾ, 24 ਅਕਤੂਬਰ

ਇੱਥੇ 25 ਏਕੜ ਕਲੋਨੀ ਵਿੱਚ ਕੱਲ੍ਹ ਕਤਲ ਕੀਤੇ ਪੁਲੀਸ ਮੁਲਾਜ਼ਮ ਦੇ ਮਾਮਲੇ ਵਿੱਚ ਪੁਲੀਸ ਨੇ ਤਿੰਨ ਕੌਮਾਂਤਰੀ ਕਬੱਡੀ ਖਿਡਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੌਰਾਨ ਚੌਥਾ ਮੁਲਜ਼ਮ ਪੁਲੀਸ ਮੁਕਾਬਲੇ ਦੌਰਾਨ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਮੁਲਜ਼ਮਾਂ ਕੋਲੋਂ ਪੁਲੀਸ ਨੇ 315 ਬੋਰ ਦਾ ਪਿਸਤੌਲ­, ਦੋ ਕਾਰਤੂਸ, ਆਲਟੋ ਕਾਰ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਮਲਿਕ ਨੇ ਦੱਸਿਆ ਕਿ 22 ਅਕਤੂਬਰ ਦੀ ਰਾਤ ਨੂੰ ਹੌਲਦਾਰ ਦਰਸ਼ਨ ਸਿੰਘ ਦੇ ਕਤਲ ਸਬੰਧੀ ਐੱਸਪੀ (ਡੀ) ਰਮਨੀਸ਼ ਕੁਮਾਰ ਚੌਧਰੀ ਦੀ ਅਗਵਾਈ ਹੇਠ ਟੀਮ ਬਣਾਈ ਗਈ ਸੀ। ਟੀਮ ਵੱਲੋਂ 24 ਘੰਟੇ ਵਿੱਚ ਹੀ ਕਾਤਲਾਂ ਦੀ ਪੈੜ ਨੱਪਦਿਆਂ ਜਗਰਾਜ ਸਿੰਘ ਉਰਫ਼ ਰਾਜਾ ਵਾਸੀ ਪਿੰਡ ਰਾਏਸਰ­, ਗੁਰਮੀਤ ਸਿੰਘ ਉਰਫ਼ ਮੀਤਾ ਵਾਸੀ ਪਿੰਡ ਚੀਮਾ ਅਤੇ ਵਜੀਰ ਸਿੰਘ ਵਾਸੀ ਪਿੰਡ ਅਮਲਾ ਸਿੰਘ ਵਾਲਾ ਨੂੰ ਗ੍ਰਿਫ਼ਤਾਰ ਕਰ ਲਿਆ। ਚੌਥਾ ਮੁਲਜ਼ਮ ਪਰਮਜੀਤ ਸਿੰਘ ਉਰਫ਼ ਪੰਮਾ ਗੋਲੀ ਲੱਗਣ ਕਾਰਨ ਜ਼ਖ਼ਮੀ ਹੈ। ਪੰਮਾ ਜਦੋਂ ਕਾਰ ’ਤੇ ਆ ਰਿਹਾ ਸੀ ਤਾਂ ਥਾਣਾ ਧਨੌਲਾ ਦੇ ਇੰਚਾਰਜ ਲਖਵਿੰਦਰ ਸਿੰਘ ਵੱਲੋਂ ਨਾਕੇ ਦੌਰਾਨ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਡਰਾਈਵਰ ਨੇ ਕਾਰ ਰੋਕਣ ਦੀ ਥਾਂ ਖਤਾਨਾਂ ਵੱਲ ਮੋੜ ਦਿੱਤੀ ਅਤੇ ਪੁਲੀਸ ’ਤੇ ਫਾਇਰ ਕਰ ਦਿੱਤਾ। ਪੁਲੀਸ ਵੱਲੋਂ ਕੀਤੀ ਜਵਾਬੀ ਫਾਇਰਿੰਗ ਵਿੱਚ ਪੰਮਾ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਪੰਮਾ ਸਿਹਤ ਵਿਭਾਗ ਦਾ ਮੁਲਾਜ਼ਮ ਹੈ।

ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਗਈ ਪੁਲੀਸ ਪਾਰਟੀ ’ਤੇ ਹਮਲੇ ’ਚ ਦੋ ਸਿਪਾਹੀ ਜ਼ਖ਼ਮੀ

ਤਪਾ ਮੰਡੀ (ਪੱਤਰ ਪ੍ਰੇਰਕ): ਇੱਥੇ ਬਾਰ ਐਸੋਸੀਏਸ਼ਨ ਦੇ ਜ਼ਿਲ੍ਹਾ ਸਕੱਤਰ ’ਤੇ ਹਮਲਾ ਕਰਨ ਵਾਲੇ ਹਮਲਾਵਰਾਂ ਨੂੰ ਪੁਲੀਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ। ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਪੁਲੀਸ ਵਕੀਲ ਨਵੀਨ ਗਰਗ ਤਪਾ ’ਤੇ ਹਮਲਾ ਕਰਨ ਵਾਲੇ ਮੁਲਜ਼ਮ ਰਣਜੀਤ ਸਿੰਘ ਰਾਣਾ ਦੇ ਘਰ ਛਾਪਾ ਮਾਰਨ ਗਈ ਤਾਂ ਉਸ ਦੀ ਪਤਨੀ ਅਮਰਜੀਤ ਕੌਰ, ਭਰਾ ਮੱਖਣ ਸਿੰਘ, ਮਨਪ੍ਰੀਤ ਸਿੰਘ, ਪ੍ਰੀਤ ਸਹੋਤਾ, ਚਾਨਣ ਸਿੰਘ ਅਤੇ ਇਕ ਅਣਪਛਾਤੇ ਵਿਅਕਤੀ ਨੇ ਪੁਲੀਸ ਮੁਲਾਜ਼ਮਾਂ ਨਾਲ ਗਾਲ਼ੀ ਗਲੋਚ ਕੀਤੀ। ਉਨ੍ਹਾਂ ਪੁਲੀਸ ਪਾਰਟੀ ਨੂੰ ਘਰ ਅੰਦਰ ਡੱਕ ਲਿਆ ਅਤੇ ਉਨ੍ਹਾਂ ’ਤੇ ਹਮਲਾ ਕੀਤਾ। ਇਸ ਦੌਰਾਨ ਹੋਈ ਹੱਥੋਪਾਈ ਵਿੱਚ ਦੋ ਸਿਪਾਹੀ ਹਰਮਨ ਸਿੰਘ ਅਤੇ ਮਨਪ੍ਰੀਤ ਸਿੰਘ ਜ਼ਖ਼ਮੀ ਹੋ ਗਏ। ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।