Headlines

ਸਰੀ ’ਚ ਦੋ ਰੋਜ਼ਾ ਕੌਮਾਂਤਰੀ ਪੰਜਾਬੀ ਕਾਨਫਰੰਸ ਸੰਪੰਨ

ਗੁਰਪ੍ਰੀਤ ਸਿੰਘ ਤਲਵੰਡੀ

ਸਰੀ: ਇੱਥੇ ਪੰਜਾਬ ਭਵਨ ਦੀ ਸਾਲਾਨਾ ਵਰ੍ਹੇਗੰਢ ਮੌਕੇ ਕਰਵਾਈ ਗਈ ਦੋ-ਰੋਜ਼ਾ ਕੌਮਾਂਤਰੀ ਪੰਜਾਬੀ ਕਾਨਫਰੰਸ ਸੰਪੰਨ ਹੋਈ। ਇਸ ਵਿੱਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਸਿਰਮੌਰ ਰੁਤਬੇ ਨੂੰ ਬਰਕਰਾਰ ਰੱਖਣ, ਪੰਜਾਬੀ ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਇਸ ਪਾਸੇ ਸਾਰਥਿਕ ਯੋਜਨਾਵਾਂ ਉਲੀਕਣ, ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਤੇ ਗੌਰਵਮਈ ਵਿਰਸੇ ਨਾਲ ਜੁੜੇ ਰਹਿਣ ਸਮੇਤ ਪੂਰਬੀ ਤੇ ਪੱਛਮੀ ਪੰਜਾਬ ਦੀ ਆਪਸੀ ਸਾਂਝ ਦਾ ਹੋਕਾ ਦਿੱਤਾ ਗਿਆ।

ਇਸ ਦੌਰਾਨ ਵਿਸ਼ਵ ਦੇ ਵੱਖ ਵੱਖ ਮੁਲਕਾਂ ਤੋਂ ਪੰਜਾਬੀ ਵਿਦਵਾਨ ਤੇ ਸਾਹਿਤਕਾਰ ਵੱਡੀ ਗਿਣਤੀ ਵਿੱਚ ਪਹੁੰਚੇ। ਜਿਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਉੱਪ ਕੁਲਪਤੀ ਡਾ. ਐੱਸ.ਪੀ. ਸਿੰਘ, ਪਾਕਿਸਤਾਨ ਦੇ ਸਾਬਕਾ ਸੰਸਦ ਮੈਂਬਰ ਰਾਏ ਅਜੀਜ ਉੱਲਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉੱਪ ਕੁਲਪਤੀ ਡਾ. ਬੀ.ਐੱਸ. ਘੁੰਮਣ, ਡਾ. ਗੁਰਪਿੰਦਰ ਸਿੰਘ ਸਮਰਾ, ਡਾ. ਸਾਧੂ ਸਿੰਘ, ਡਾ. ਗੋਪਾਲ ਸਿੰਘ, ਡਾ. ਬਬਨੀਤ ਕੌਰ, ਵਨਿੀਪੈੱਗ ਤੋਂ ਪੰਜਾਬੀ ਅਖ਼ਬਾਰ ‘ਨਵ-ਸਵੇਰ’ ਦੇ ਸੰਪਾਦਕ ਨਵਨੀਤ ਕੌਰ ਅਤੇ ਪੰਜਾਬੀ ਗਾਇਕ ਸਰਬਜੀਤ ਚੀਮਾ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਦੌਰਾਨ ਪੰਜਾਬ ਤੋਂ ਪੁੱਜੇ ਪ੍ਰਸਿੱਧ ਚਿੰਤਕ ਪਾਲੀ ਭੁਪਿੰਦਰ ਨੇ ਵੱਖ-ਵੱਖ ਵਿਸ਼ਿਆਂ ’ਤੇ ਪਰਚੇ ਪੜ੍ਹਦਿਆਂ ਪੰਜਾਬੀਆਂ ਨੂੰ ਆਪਣੀ ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਦਾ ਸੱਦਾ ਦਿੱਤਾ। ਪਾਕਿਸਤਾਨੀ ਸ਼ਾਇਰ ਬਾਬਾ ਨਜਮੀ ਨੇ ਮਾਂ-ਬੋਲੀ ਪੰਜਾਬੀ ਨੂੰ ਨਵੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਅਜਿਹੇ ਸਮਾਗਮ ਨੂੰ ਸਮੇਂ ਦੀ ਲੋੜ ਦੱਸਿਆ। ਉਨ੍ਹਾਂ ਕਿਰਤੀਆਂ ਤੇ ਕਾਮਿਆਂ ਦੇ ਹੱਕਾਂ ਲਈ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਕਵਿਤਾਵਾਂ ਦੇ ਦੌਰ ਵਿੱਚ ਪਾਕਿਸਤਾਨ ਤੋਂ ਡਾ. ਤਾਹਿਰਾ, ਗੁਰਤੇਜ ਕੋਹਾਰਵਾਲਾ, ਡਾ. ਕਰਨੈਲ ਸਿੰਘ, ਸੁਖਵਿੰਦਰ ਅੰਮ੍ਰਿਤ, ਡਾ. ਗੁਰਮਿੰਦਰ ਸਿੱਧੂ, ਸੁਰਜੀਤ ਕੌਰ ਟੋਰਾਂਟੋ, ਰਵਿੰਦਰ ਵਹਾਅ, ਇੰਦਰਜੀਤ ਧਾਮੀ ਸਮੇਤ ਹੋਰ ਨਾਮੀ ਸ਼ਖ਼ਸੀਅਤਾਂ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ।

ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕੈਨੇਡਾ ਵਿਖੇ ਪੜ੍ਹਾਈ ਲਈ ਪੁੱਜੇ ਵਿਦਿਆਰਥੀਆਂ ਦੇ ਹੱਕਾਂ ਤੇ ਹਿੱਤਾਂ ਲਈ ਸਰਕਾਰ ਪਾਸੋਂ ਕਦਮਾਂ ਦੇ ਨਾਲ ਨਾਲ ਪੰਜਾਬੀ ਭਾਈਚਾਰੇ ਪਾਸੋਂ ਵੀ ਸਹਿਯੋਗ ਮੰਗਿਆ। ਬੁਲਾਰਿਆਂ ਨੇ ਪੰਜਾਬੀ ਬੋਲੀ, ਚੇਤਨਤਾ ਅਤੇ ਪਰਵਾਸ ਬਾਰੇ ਬੌਧਿਕਤਾ ਭਰਪੂਰ ਪਰਚੇ ਪੜ੍ਹੇ। ਨਾਟਕਕਾਰ ਡਾ. ਸਾਹਿਬ ਸਿੰਘ ਨੇ ਦੋਵੇਂ ਦਿਨ ਆਪਣਾਂ ਨਾਟਕਾਂ ਦੀ ਸਫਲ ਪੇਸ਼ਕਾਰੀ ਕਰਦਿਆਂ ਸਰੋਤਿਆਂ ਨੂੰ ਭਾਵੁਕ ਕੀਤਾ। ਪੰਜਾਬ ਭਵਨ ਦੀ ਸਮੁੱਚੀ ਟੀਮ ਵੱਲੋਂ ਡਾ. ਸਾਹਿਬ ਸਿੰਘ ਨੂੰ ‘ਅਰਜਨ ਸਿੰਘ ਬਾਠ’ ਯਾਦਗਾਰੀ ਐਵਾਰਡ ਵੀ ਪ੍ਰਦਾਨ ਕੀਤਾ ਗਿਆ। ਕਾਨਫਰੰਸ ਦੇ ਦੋਵੇਂ ਹੀ ਦਿਨ ਪੰਜਾਬੀ ਗਾਇਕ ਸਰਬਜੀਤ ਚੀਮਾ ਵੱਲੋਂ ਚਲਾਈ ਜਾ ਰਹੀ ਸੰਸਥਾ ‘ਰੰਗਲਾ ਪੰਜਾਬ ਆਰਟਸ’ ਦੇ ਨੌਜਵਾਨਾਂ ਵੱਲੋਂ ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀ ਕਰਦਿਆਂ ਚੰਗਾ ਰੰਗ ਬੰਨ੍ਹਿਆ ਗਿਆ। ਮੰਚ ਸੰਚਾਲਕ ਦੀ ਭੂਮਿਕਾ ਕਵਿੰਦਰ ਚਾਂਦ ਅਤੇ ਅਮਰੀਕ ਪਲਾਹੀ ਵੱਲੋਂ ਬਾਖੂਬੀ ਨਿਭਾਈ ਗਈ।