Headlines

ਮੋਦੀ ਸਰਕਾਰ ਦੀਆਂ ਯੋਜਨਾਵਾਂ ਖੋਖਲੀਆਂ: ਪ੍ਰਿਯੰਕਾ

ਗਹਿਲੋਤ ਵੱਲੋਂ ਰਸੋਈ ਗੈਸ 500 ਰੁਪਏ ਪ੍ਰਤੀ ਸਿਲੰਡਰ ਤੇ ਪਰਿਵਾਰ ਦੀ ਮਹਿਲਾ ਮੁਖੀ ਨੂੰ ਦਸ ਹਜ਼ਾਰ ਸਾਲਾਨਾ ਦੇਣ ਦਾ ਐਲਾਨ

ਜੈਪੁਰ, 25 ਅਕਤੂਬਰ

ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਅੱਜ ਇੱਥੇ ਕਿਹਾ ਕਿ ਉਨ੍ਹਾਂ ਦੀਆਂ ਯੋਜਨਾਵਾਂ ਖੋਖਲੀਆਂ ਹਨ, ਜਦਕਿ ਕਾਂਗਰਸ ਦੀ ਸਰਕਾਰ ਆਪਣੀਆਂ ਸਾਰੀਆਂ ਗਾਰੰਟੀਆਂ ਅਤੇ ਯੋਜਨਾਵਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰ ਰਹੀ ਹੈ। ਉਹ ਝੁਨਝੁਨੂ ਜ਼ਿਲ੍ਹੇ ਦੇ ਅਰਡਾਵਤਾ ਪਿੰਡ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

ਰੈਲੀ ਵਿੱਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਸੂਬੇ ਵਿੱਚ ਮੁੜ ਕਾਂਗਰਸ ਦੀ ਸਰਕਾਰ ਬਣਨ ’ਤੇ ਦੋ ਗਾਰੰਟੀਆਂ ਦਾ ਐਲਾਨ ਕੀਤਾ ਅਤੇ ਉਹ 1.05 ਕਰੋੜ ਪਰਿਵਾਰਾਂ ਲਈ 500 ਰੁਪਏ ਦੀ ਦਰ ਨਾਲ ਰਸੋਈ ਸਿਲੰਡਰ ਅਤੇ ਹਰ ਪਰਿਵਾਰ ਦੀ ਮਹਿਲਾ ਮੁਖੀ ਨੂੰ 10,000 ਰੁਪਏ ਸਾਲਾਨਾ ਸਨਮਾਨ ਰਾਸ਼ੀ ਵਜੋਂ ਦੇਣਗੇ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਿਯੰਕਾ ਦੀ ਹਫ਼ਤੇ ਵਿੱਚ ਇਹ ਦੂਜੀ ਚੋਣ ਰੈਲੀ ਹੈ। ਪ੍ਰਿਯੰਕਾ ਨੇ ਹਾਲ ਹੀ ਵਿੱਚ ਸੰਸਦ ’ਚ ਪਾਸ ਹੋਏ ਮਹਿਲਾ ਰਾਖਵਾਂਕਰਨ ਬਿੱਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨੂੰ ਲਾਗੂ ਕਰਨ ਵਿੱਚ 10 ਸਾਲ ਲੱਗਣਗੇ।

ਉਨ੍ਹਾਂ ਪੂਰਬੀ ਰਾਜਸਥਾਨ ਨਹਿਰ ਪ੍ਰਾਜੈਕਟ (ਈਆਰਸੀਪੀ), ਜਾਤੀ ਜਨਗਣਨਾ ਅਤੇ ਕਈ ਹੋਰ ਮੁੱਦਿਆਂ ’ਤੇ ਕੇਂਦਰ ਦਾ ਘਿਰਾਓ ਕਰਦਿਆਂ ਕਿਹਾ, ‘‘ਉਨ੍ਹਾਂ (ਕੇਂਦਰ) ਦੀਆਂ ਯੋਜਨਾਵਾਂ ਖੋਖਲੀਆਂ ਹਨ, ਜਦਕਿ ਕਾਂਗਰਸ ਸਰਕਾਰ (ਰਾਜਸਥਾਨ ਵਿੱਚ) ਦੀਆਂ ਸਕੀਮਾਂ ਜ਼ਮੀਨੀ ਪੱਧਰ ’ਤੇ ਲਾਗੂ ਕੀਤੀ ਜਾ ਰਹੀਆਂ ਹਨ।’’ ਪ੍ਰਿਯੰਕਾ ਨੇ ਕਿਹਾ ਕਿ ਭਾਜਪਾ ਸਮਝ ਗਈ ਹੈ ਕਿ ਚੋਣਾਂ ਦੌਰਾਨ ਧਰਮਾਂ ਅਤੇ ਜਾਤਾਂ ਦੀਆਂ ਗੱਲਾਂ ਕਰਨ ਨਾਲ ਉਸ ਨੂੰ ਵੋਟਾਂ ਮਿਲਣਗੀਆਂ। ਉਨ੍ਹਾਂ ਕਿਹਾ, ‘‘ਕੇਂਦਰ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਸਿਰਫ਼ ਸੱਤਾ ਵਿੱਚ ਰਹਿਣਾ ਅਤੇ ਆਪਣਾ ਭਵਿੱਖ ਸੁਰੱਖਿਅਤ ਕਰਨਾ ਚਾਹੁੰਦਾ ਹੈ।’’

ਕਾਂਗਰਸ ਨੇਤਾ ਨੇ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕੁੱਝ ਚੁਣਵੇਂ ਉਦਯੋਗਪਤੀਆਂ ਲਈ ਕੰਮ ਕਰ ਰਹੀ ਹੈ ਅਤੇ ਇਸ ਸਰਕਾਰ ਵਿੱਚ ਲੋਕਾਂ ਦੇ ਮਸਲਿਆਂ ਦੀ ਕੋਈ ਸੁਣਵਾਈ ਨਹੀਂ ਹੈ।

ਉਨ੍ਹਾਂ ਕਿਹਾ, ‘‘ਤੁਹਾਨੂੰ ਸਮਝਣ ਦੀ ਲੋੜ ਹੈ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਸਰਕਾਰ ਅਤੇ ਨੇਤਾ ਚਾਹੀਦੇ ਹਨ, ਉਹ ਜੋ ਆਪਣੇ ਭਵਿੱਖ ਬਾਰੇ ਸੋਚਦੇ ਹਨ ਅਤੇ ਸਰਕਾਰ ਵਿੱਚ ਬਣੇ ਰਹਿਣਾ ਚਾਹੁੰਦੇ ਹਨ। ਕਿਸੇ ਨੇਤਾ ਨੂੰ ਜੁਆਬਦੇਹ ਬਣਾਉਣਾ ਤੁਹਾਡੀ ਜ਼ਿੰਮੇਵਾਰੀ ਹੈ। ਉਹ ਸਮਝ ਗਏ ਹਨ ਕਿ ਚੋਣਾਂ ਦੌਰਾਨ ਉਨ੍ਹਾਂ ਨੂੰ ਧਰਮ ਦੀ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਹਰ ਕਿਸੇ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਉਹ ਸਮਝ ਗਏ ਹਨ ਕਿ ਕੰਮ ਕਰਨ ਦੀ ਲੋੜ ਨਹੀਂ, ਧਰਮ ਅਤੇ ਜਾਤ ਦੀ ਗੱਲ ਕਰੋ, ਇਸ ਨਾਲ ਉਨ੍ਹਾਂ ਨੂੰ ਵੋਟਾਂ ਮਿਲ ਜਾਣਗੀਆਂ।’’ ਉਨ੍ਹਾਂ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਹੋਣ ਦਾ ਸੱਦਾ ਦਿੱਤਾ।

ਭਾਜਪਾ ਨੇ ਚੋਣ ਕਮਿਸ਼ਨ ਤੋਂ ਪ੍ਰਿਯੰਕਾ ਖ਼ਿਲਾਫ਼ ਕਾਰਵਾਈ ਮੰਗੀ

ਨਵੀਂ ਦਿੱਲੀ: ਭਾਜਪਾ ਨੇ ਅੱਜ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ’ਤੇ ਰਾਜਸਥਾਨ ਵਿੱਚ ਚੋਣ ਪ੍ਰਚਾਰ ਦੌਰਾਨ ਝੂਠੇ ਵਾਅਦੇ ਕਰਨ ਲਈ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੱਜੀ ਧਾਰਮਿਕ ਆਸਥਾ’ ਦਾ ਜ਼ਿਕਰ ਕਰਨ ਦਾ ਦੋਸ਼ ਲਾਇਆ ਅਤੇ ਚੋਣ ਕਮਿਸ਼ਨ ਤੋਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰ ਤੇ ਅਰਜੁਨ ਰਾਮ ਮੇਘਵਾਲ ਅਤੇ ਪਾਰਟੀ ਨੇਤਾ ਅਨਿਲ ਬਲੂਨੀ ਤੇ ਓਮ ਪਾਠਕ ਸਣੇ ਭਾਜਪਾ ਦੇ ਇੱਕ ਵਫ਼ਦ ਨੇ ਕਾਂਗਰਸ ਜਨਰਲ ਸਕੱਤਰ ਖ਼ਿਲਾਫ਼ ਢੁੱਕਵੀਂ ਕਾਨੂੰਨੀ ਕਾਰਵਾਈ ਕਰਨ ਲਈ ਚੋਣ ਕਮਿਸ਼ਨ ਨੂੰ ਇੱਕ ਸ਼ਿਕਾਇਤ ਸੌਂਪੀ। ਭਾਜਪਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਪ੍ਰਿਯੰਕਾ ਨੇ 20 ਅਕਤੂਬਰ ਨੂੰ ਦੌਸਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਉਨ੍ਹਾਂ ਟੀਵੀ ’ਤੇ ਦੇਖਿਆ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਮੰਦਰ ਵਿੱਚ ਦਿੱਤੇ ਗਏ ਦਾਨ ਦਾ ਇੱਕ ਲਿਫ਼ਾਫ਼ਾ ਖੋਲ੍ਹਿਆ ਗਿਆ ਤਾਂ ਉਸ ਵਿੱਚ ਸਿਰਫ਼ 21 ਰੁਪਏ ਸੀ। ਇਸ ਮਗਰੋਂ ਉਨ੍ਹਾਂ ਭਾਜਪਾ ’ਤੇ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਭਾਜਪਾ ਲੋਕਾਂ ਨੂੰ ‘ਲਿਫ਼ਾਫ਼ੇ’ ਦਿਖਾਉਂਦੀ ਹੈ ਪਰ ਚੋਣਾਂ ਮਗਰੋਂ ਉਨ੍ਹਾਂ ਵਿੱਚੋਂ ਕੁੱਝ ਨਹੀਂ ਮਿਲਦਾ। ਭਾਜਪਾ ਨੇ ਆਪਣੀ ਸ਼ਿਕਾਇਤ ਵਿੱਚ ਇਨ੍ਹਾਂ ਟਿੱਪਣੀਆਂ ਦੀ ਵੀਡੀਓ ਵੀ ਸ਼ਾਮਲ ਕੀਤੀ ਹੈ।