Headlines

ਹਰਦਮ ਮਾਨ ਦੀਆਂ ਨਵੀਆਂ ਗਜ਼ਲਾਂ

ਗ਼ਜ਼ਲ

ਭੀੜ ਕਿੱਧਰ ਜਾ ਰਹੀ ਚੁੱਪਚਾਪ ਹਲਚਲ ਤੋਂ ਬਗ਼ੈਰ

ਰਹਿਣਗੇ ਇਹ ਬਿਰਖ ਕਿਹੜੇ ਦੇਸ਼ ਜੰਗਲ ਤੋਂ ਬਗ਼ੈਰ

ਸ਼ੂਕਦੇ ਤੂਫ਼ਾਨ ਹਰ ਵੇਲੇ ਹੀ ਰਹਿੰਦੇ ਜਾਗਦੇ

ਕੋਈ ਵੀ ਸਾਗਰ ਕਦੇ ਹੁੰਦਾ ਨਾ ਭਵਜਲ ਤੋਂ ਬਗ਼ੈਰ

ਦੂਰ ਦੇ ਅੰਬਰ ‘ਚ ਕੂੰਜਾਂ ਵਾਂਗ ਲੁਕ ਲੁਕ ਰੋਂਦੀਆਂ

ਕੌਣ ਧੀਆਂ ਦਾ ਧਰਾਵੇ ਧੀਰ ਬਾਬਲ ਤੋਂ ਬਗ਼ੈਰ

ਦਿਨ ਦਾ ਰੌਲਾ ਦੱਬ ਕੇ ਸੀਨੇ ਪਰਤਦੇ ਹਾਂ ਘਰ ਅਸੀਂ

ਜਿਸ ਤਰ੍ਹਾਂ ਥੱਕੀ ਨਦੀ ਵਗਦੀ ਹੈ ਕਲਕਲ ਤੋਂ ਬਗ਼ੈਰ

ਤੜਪਦੇ ਅੱਖਰ ਖ਼ਤਾਂ ਦੇ ਹਾਲ ਅਸਲੀ ਦੱਸ ਰਹੇ

ਉਂਜ ਤਾਂ ਲਿਖਿਆ ਨਹੀਂ ਕੁਝ ਕੁਸ਼ਲ ਮੰਗਲ ਤੋਂ ਬਗ਼ੈਰ

ਇਸ ਦੀ ਗਹਿਰਾਈ ਮਿਣੋਗੇ ਕਿਸ ਤਰ੍ਹਾਂ ਛੱਡੋ ਪਰ੍ਹਾਂ

ਦੋਸਤੋ ਦਿਲ ਹੈ ਸਮੁੰਦਰ ਪਰ ਕਿਸੇ ਤਲ ਤੋਂ ਬਗ਼ੈਰ

******

ਗ਼ਜ਼ਲ 

ਜੇ ਅੱਖਾਂ ਖੋਲ੍ਹ ਕੇ ਚੱਲੇ ਤਾਂ ਸ਼ਾਇਦ ਪਰਤ ਆਓਗੇ

ਨਹੀਂ ਤਾਂ ਉਡਦਿਆਂ ਪੱਥਰਾਂ ਦੀ ਜ਼ੱਦ ਵਿਚ ਆ ਹੀ ਜਾਓਗੇ

ਕਿਨਾਰੇ ਤੋੜ ਕੇ, ਗਲੀਆਂ, ਘਰਾਂ ਵਿਚ ਆ ਗਿਆ ਪਾਣੀ

ਨਦੀ ਦੇ ਵਹਿਣ ਵਿਚ ਖ਼ੁਦ ਨੂੰ ਕਿਵੇਂ ਡੁੱਬਣੋਂ ਬਚਾਓਗੇ

ਘਰਾਂ ਤੋਂ ਰਸਤਿਆਂ ਤਕ ਫੈਲਿਆ ਸੈਲਾਬ ਅੱਗਾਂ ਦਾ

ਤੁਸੀਂ ਇਸ ਤਪਸ਼ ਅੰਦਰ ਪੈਰ ਕਿਹੜੀ ਥਾਂ ਟਿਕਾਓਗੇ

ਸਵੇਰੇ ਘਰ ਤੋਂ ਨਿਕਲੋਗੇ ਕਿਸੇ ਜਰਨੈਲ ਦੇ ਵਾਂਗੂੰ

ਤੇ ਸ਼ਾਮੀਂ ਦੋਸ਼ੀਆਂ ਦੇ ਵਾਂਗ ਦੇਹਲੀ ਪੈਰ ਪਾਓਗੇ

ਤੁਸੀਂ ਖ਼ੁਦ ਆਪਣੀਆਂ ਨਜ਼ਰਾਂ ‘ਚ ਉੱਚੇ ਹੋਰ ਹੋ ਜਾਣਾ

ਕਿਸੇ ਡਿੱਗੇ ਨੂੰ ਬਾਹੋਂ ਪਕੜ ਕੇ ਜਦ ਵੀ ਉਠਾਓਗੇ

*****

ਗ਼ਜ਼ਲ 

ਖੋਲ੍ਹ ਕੇ ਬਾਰੀ ਤੁਸੀਂ ਕੀ ਦੇਖਦੇ ਰਹਿੰਦੇ ਸਦਾ

ਵਹਿਣ ਤਾਂ ਤੇਹਾਂ ਤੋਂ ਦੂਰੀ ਸਿਰਜ ਕੇ ਵਹਿੰਦੇ ਸਦਾ

ਗਲਤ ਹਾਂ ਆਪਾਂ ਤੇ ਹਉਮੈ ਓਸ ਦੀ ਅੱਜ ਠੀਕ ਹੈ

ਇਹ ਵੀ ਸੱਚ ਹੈ ਕਿ ਕਿਲੇ ਹੰਕਾਰ ਦੇ ਢਹਿੰਦੇ ਸਦਾ

ਸ਼ਹਿਰ ਦੇ ਦਸਤੂਰ ਨੂੰ ਉਹ ਲੋਕ ਨਾ-ਮਨਜ਼ੂਰ ਨੇ

ਰਾਤ ਨੂੰ ਜੋ ਰਾਤ ਕਹਿੰਦੇ, ਦਿਨ ਨੂੰ ਦਿਨ ਕਹਿੰਦੇ ਸਦਾ

ਕਹਿਰ ਦਾ ਮੌਸਮ ਬਦਲ ਜਾਏਗਾ ਇਕ ਦਿਨ ਲਾਜ਼ਮੀ

ਚੜ੍ਹਦੇ ਸੂਰਜ ਵੀ ਤਾਂ ਸ਼ਾਮਾਂ ਪੈਣ ‘ਤੇ ਲਹਿੰਦੇ ਸਦਾ

ਇਕ ਨਾ ਇਕ ਦਿਨ ਤੋੜ ਦਿੰਦੇ ਨੇ ਫਸੀਲਾਂ ਉੱਚੀਆਂ

ਲੋਕ ਉੱਠ ਖੜ੍ਹਦੇ ਨੇ ਆਖਰ ਜ਼ੁਲਮ ਨਾ ਸਹਿੰਦੇ ਸਦਾ

ਨ੍ਹੇਰ ਹੈ ਉਹਨਾਂ ਦੇ ਅੰਦਰ ਮੈਂ ਬੜਾ ਹੈਰਾਨ ਹਾਂ

“ਮਾਨ’ ਜਗਦੇ ਦੀਵਿਆਂ ਦੇ ਕੋਲ ਜੋ ਬਹਿੰਦੇ ਸਦਾ

******

ਗ਼ਜ਼ਲ 

ਸਜ਼ਾ ਪੂਰੀ ਜਦੋਂ ਹੋਏਗੀ ਅਣਕੀਤੇ ਗੁਨਾਹਾਂ ਦੀ

ਉਦੋਂ ਰਹਿਣੀ ਨਹੀਂ ਪਹਿਚਾਣ ਆਪਣੇ ਘਰ ਦੇ ਰਾਹਾਂ ਦੀ

ਕਿਸੇ ਇਕ ਨੇ ਵੀ ਮੁਜਰਿਮ ਦੀ ਸ਼ਨਾਖਤ ਹੀ ਨਹੀਂ ਕੀਤੀ

ਖੜ੍ਹੀ ਕੀਤੀ ਸੀ ਭਾਵੇਂ ਫੌਜ ਮੌਕੇ ਦੇ ਗਵਾਹਾਂ ਦੀ

ਕਿਨਾਰੇ ‘ਤੇ ਉਡੀਕਣ ਵਾਲਿਆਂ ਦੀ ਭੀੜ ਆ ਲੱਗੀ

ਬੜੀ ਮੱਧਮ ਜਿਹੀ ਆਵਾਜ਼ ਸੁਣਦੀ ਹੈ ਮਲਾਹਾਂ ਦੀ

ਉਹ ਸ਼ਹਿਰਾਂ, ਜੰਗਲਾਂ, ਜੇਲ੍ਹਾਂ ਚ ਵੀ ਆਜ਼ਾਦ ਰਹਿੰਦੇ ਨੇ

ਫ਼ਕੀਰਾਂ ਤੇ ਨਹੀਂ ਚਲਦੀ ਹਕੂਮਤ ਸ਼ਹਿਨਸ਼ਾਹਾਂ ਦੀ

ਅਜੇ ਤਾਂ ਬਹੁਤ ਕੁਝ ਰਹਿੰਦਾ ਹੈ ਤੈਅ ਕਰਨਾ ਜ਼ਮੀਨ ਉੱਤੇ

ਕਰਾਂਗੇ ਫੇਰ ਕੋਈ ਗੱਲ ਦਿਸਦੇ ਤੋਂ ਅਗਾਹਾਂ ਦੀ

ਅਸਾਡੇ ਰਸਿਤਆਂ ‘ਚੋਂ ਖ਼ੁਦ ਪਹਾੜਾਂ ਨੇ ਪਰ੍ਹੇ ਹੋਣਾ

ਜਦੋਂ ਵੀ ਜੁੜ ਗਈ ਸ਼ਕਤੀ ਇਨ੍ਹਾਂ ਬੇਜੋੜ ਬਾਹਾਂ ਦੀ

******

ਗ਼ਜ਼ਲ 

ਪੱਥਰ ਅੱਗੇ ਸੀਸ ਨਿਵਾਉਣਾ ਆਉਂਦਾ ਨਈਂ।

ਲੋਕਾਂ ਭਾਣੇ ਰੱਬ ਧਿਆਉਣਾ ਆਉਂਦਾ ਨਈਂ।

ਉਸ ਨੇ ਫੁੱਲਾਂ ਵਾਂਗੂੰ ਕਾਹਦਾ ਖਿੜਣਾ ਹੈ,

ਕੰਡਿਆਂ ਨੂੰ ਤਾਂ ਗਲੇ ਲਗਾਉਣਾ ਆਉਂਦਾ ਨਈਂ।

ਤੇਰੇ ਤਮਗ਼ੇ ਹੋਣ ਮੁਬਾਰਕ ਤੈਨੂੰ ਹੀ,

ਸਾਨੂੰ ਸ਼ਾਹੀ-ਰਾਗ ‘ਚ ਗਾਉਣਾ ਆਉਂਦਾ ਨਈਂ।

ਸਾਰੇ ਵੇਦ ਕਤੇਬਾਂ ਪੜ੍ਹ ਪੜ੍ਹ ਵਾਚ ਲਏ

ਦਿਲ ਤੇ ਲਿਖਿਆ ਹਰਫ਼ ਉਠਾਉਣਾ ਆਉਂਦਾ ਨਈਂ।

ਮਾਲ ਖਜ਼ਾਨੇ ਸਾਂਭ ਲਏ ਕੁੱਲ ਧਰਤੀ ਦੇ

ਪਰ ਮਿੱਟੀ ਦਾ ਕਰਜ਼ ਚੁਕਾਉਣਾ ਆਉਂਦਾ ਨਈਂ।

ਸਿੱਖ ਲਿਆ ਰੁਸ਼ਨਾਉਣਾ ਕਾਲੀਆਂ ਰਾਤਾਂ ਨੂੰ

ਸੀਨੇ ਵਿਚ ਇਕ ਦੀਪ ਜਗਾਉਣਾ ਆਉਂਦਾ ਨਈਂ।

ਸਾਰੀ ਰਾਤ ਉਲਾਂਭੇ ਦੇਵਾਂ ਨੇਰ੍ਹੇ ਨੂੰ

ਸੂਰਜ ਦਾ ਕੁੰਡਾ ਖੜਕਾਉਣਾ ਆਉਂਦਾ ਨਈਂ।

ਲੋਕ-ਰੰਗ ਵਿਚ ਰੰਗੀ ‘ਮਾਨ’ ਗ਼ਜ਼ਲ ਤੇਰੀ,

ਤੈਨੂੰ ਸ਼ਬਦੀ ਜਾਲ ਵਿਛਾਉਣਾ ਆਉਂਦਾ ਨਈਂ।

*ਸਰੀ (ਕੈਨੇਡਾ) ਫੋਨ: +1-604-308-6663